ਪਰਵਿੰਦਰ ਝੋਟਾ ਦੇ ਕਤਲ ਖ਼ਿਲਾਫ਼ ਬਠਿੰਡਾ ਮੁਕੰਮਲ ਬੰਦ, ਬਜ਼ਾਰਾਂ ਤੋਂ ਲੈ ਕੇ ਸੜਕਾਂ ਤਕ ਸੰਨਾਟਾ ਪਰਵਿੰਦਰ ਝੋਟਾ ਦੇ ਕਤਲ ਖ਼ਿਲਾਫ਼ ਬਠਿੰਡਾ ਮੁਕੰਮਲ ਬੰਦ, ਬਜ਼ਾਰਾਂ ਤੋਂ ਲੈ ਕੇ ਸੜਕਾਂ ਤਕ ਸੰਨਾਟਾ
Publish Date: Thu, 15 Oct 2026 05:15 PM (IST)
Updated Date: Thu, 15 Oct 2026 05:18 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਨਸ਼ਿਆਂ ਖਿਲਾਫ਼ ਲੜਾਈ ਲੜਨ ਵਾਲੇ ਨੌਜਵਾਨ ਪਰਵਿੰਦਰ ਝੋਟਾ ਦੇ ਕਤਲ ਦੇ ਵਿਰੋਧ ਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਬਠਿੰਡਾ ਵਿਚ ਦਿੱਤੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ, ਜਦੋਂਕਿ ਪ੍ਰਾਈਵੇਟ ਬੱਸਾਂ ਦਾ ਚੱਕਾ ਜਾਮ ਰਿਹਾ। ਹਾਲਾਂਕਿ ਬੱਸ ਅੱਡੇ ਤੋਂ ਕੁਝ ਰੂਟਾਂ ’ਤੇ ਸਰਕਾਰੀ ਬੱਸਾਂ ਚੱਲੀਆਂ, ਪਰ ਪ੍ਰਦਰਸ਼ਨਕਾਰੀਆਂ ਨੇ ਰਸਤੇ ਵਿਚ ਧਰਨੇ ਲਾ ਕੇ ਇਨ੍ਹਾਂ ਨੂੰ ਰੋਕ ਦਿੱਤਾ। ਜਨਤਕ ਜਥੇਬੰਦੀਆਂ, ਸਿੱਖ ਜਥੇਬੰਦੀਆਂ, ਵਪਾਰੀਆਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਜ਼ਿਲ੍ਹੇ ਵਿਚ ਅੱਧੀ ਦਰਜਨ ਦੇ ਕਰੀਬ ਥਾਵਾਂ ’ਤੇ ਧਰਨੇ ਲਾ ਕੇ ਆਵਾਜਾਈ ਠੱਪ ਕੀਤੀ। ਪ੍ਰਦਰਸ਼ਨਕਾਰੀਆਂ ਨੇ ਬਠਿੰਡਾ ਸ੍ਰੀ ਅੰਮ੍ਰਿਤਸਰ ਰੋਡ ਭਾਈ ਘਨੱਈਆ ਨਗਰ ਬਠਿੰਡਾ, ਬਠਿੰਡਾ ਮਾਨਸਾ ਰੋਡ ’ਤੇ ਮੌੜ ਮੰਡੀ ਤੇ ਬਠਿੰਡਾ ਚੰਡੀਗੜ੍ਹ ਕੌਮੀ ਸ਼ਾਹ ਮਾਰਗ ’ਤੇ ਰਾਮਪੁਰਾ ਵਿਖੇ ਧਰਨੇ ਲਗਾ ਕੇ ਆਵਾਜਾਈ ਜਾਮ ਕੀਤੀ। ਹਾਲਾਕਿ ਬੰਦ ਦੇ ਸੱਦੇ ਨੂੰ ਦੇਖਦਿਆਂ ਬਹੁਤ ਘੱਟ ਲੋਕ ਘਰਾਂ ਤੋਂ ਬਾਹਰ ਨਿਕਲੇ। ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਚਾਲੂ ਰਹੀਆਂ। ਬੰਦ ਦੇ ਸੱਦੇ ਦੇ ਮੱਦੇਨਜ਼ਰ ਸਵੇਰ ਤੋਂ ਹੀ ਪ੍ਰਦਰਸ਼ਨਕਾਰੀ ਸਰਗਰਮ ਹੋ ਗਏ ਸਨ। ਸਭ ਤੋਂ ਪਹਿਲਾਂ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨ ਬਠਿੰਡਾ ਦੇ ਬੱਸ ਅੱਡੇ ਅੱਗੇ ਇਕੱਠੇ ਹੋਏ। ਇੱਥੇ ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਇਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਨਾਲ ਸਬੰਧਤ ਆਗੂਆਂ ਤੇ ਵਰਕਰਾਂ ਨੇ ਬਠਿੰਡਾ-ਸ੍ਰੀ ਅੰਮ੍ਰਿਤਸਰ ਰੋਡ ’ਤੇ ਭਾਈ ਘਨੱਈਆ ਚੌਕ ਨੇੜੇ ਜਾਮ ਲਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਾਰਵਾਈ ਕਰਦਿਆਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਵੀ ਹਿਰਾਸਤ ਵਿਚ ਲੈ ਲਿਆ। ਇਸ ਦੇ ਬਾਵਜੂਦ ਵੱਖ-ਵੱਖ ਜਥੇਬੰਦੀਆਂ ਦੇ ਪ੍ਰਦਰਸ਼ਨ ਜਾਰੀ ਰਹੇ। ਇਸ ਤੋਂ ਬਾਅਦ ਕੌਮੀ ਇਨਸਾਫ਼ ਮੋਰਚੇ ਦੇ ਆਗੂ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਵਰਕਰਾਂ ਨੇ ਬਠਿੰਡਾ-ਸ੍ਰੀ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ’ਤੇ ਧਰਨਾ ਲਾ ਦਿੱਤਾ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਤੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਐਸਪੀ ਸਿਟੀ ਨੇ ਭਾਈ ਗੁਰਦੀਪ ਸਿੰਘ ਨੂੰ ਹਿਰਾਸਤ ਵਿਚ ਲੈਣ ਦਾ ਯਤਨ ਕੀਤਾ ਪਰ ਸਿੱਖ ਸੰਗਤਾਂ ਨੇ ਇਸਦਾ ਜ਼ਬਰਦਸਤ ਵਿਰੋਧ ਕੀਤਾ। ਇਸ ਦੌਰਾਨ ਦੋਵਾਂ ਧਿਰਾਂ ਵਿਚ ਬਹਿਸਬਾਜ਼ੀ ਵੀ ਹੋਈ। ਨਸ਼ਿਆਂ ਦੀ ਵਿਕਰੀ ਅਤੇ ਕਾਨੂੰਨ-ਵਿਵਸਥਾ ’ਤੇ ਚੁੱਕੇ ਸਵਾਲ ਧਰਨੇ ਨੂੰ ਸੰਬੋਧਨ ਕਰਦਿਆਂ ਕੌਮੀ ਇਨਸਾਫ਼ ਮੋਰਚੇ ਦੇ ਆਗੂ ਭਾਈ ਗੁਰਦੀਪ ਸਿੰਘ, ਵਾਰਿਸ ਪੰਜਾਬ ਦੇ ਆਗੂ ਗੁਰਜੰਟ ਸਿੰਘ ਧੀਮਾਨ, ਹਰਸਿਮਰਨਜੋਤ ਸਿੰਘ ਖਾਲਸਾ ਅਤੇ ਹੋਰ ਆਗੂਆਂ ਨੇ ਪੰਜਾਬ ਵਿਚ ਨਸ਼ਿਆਂ ਦੀ ਵਿਕਰੀ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ’ਤੇ ਸਵਾਲ ਉਠਾਏ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ ਸ਼ਰੇਆਮ ਨਸ਼ੇ ਵਿਕ ਰਹੇ ਹਨ ਅਤੇ ਜਦੋਂ ਕੋਈ ਵਿਅਕਤੀ ਨਸ਼ਿਆਂ ਵਿਰੁੱਧ ਆਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਪਰਵਿੰਦਰ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਇਸ ਮਾਮਲੇ ਵਿੱਚ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਉਨ੍ਹਾਂ ਦਾ ਅੰਦੋਲਨ ਖ਼ਤਮ ਨਹੀਂ ਹੋਵੇਗਾ। ਉਨ੍ਹਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਮੁੱਦਾ ਉਠਾਉਂਦਿਆਂ ਭਗਵੰਤ ਮਾਨ ਸਰਕਾਰ ਨੂੰ ਵੀ ਨਿਸ਼ਾਨੇ ’ਤੇ ਲਿਆ ਅਤੇ ਕਿਹਾ ਕਿ ਸੂਬੇ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਮੌਜੂਦਾ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨਾ ਜ਼ਰੂਰੀ ਹੈ। ਸਕੂਲ ਵੀ ਰਹੇ ਬੰਦ, ਐਮਰਜੈਂਸੀ ਸੇਵਾਵਾਂ ਨੂੰ ਛੋਟ ਬੰਦ ਦੇ ਸੱਦੇ ਨੂੰ ਸਕੂਲੀ ਵੈਨਾਂ ਤੇ ਬੱਸਾਂ ਦੇ ਸੰਚਾਲਕਾਂ ਵੱਲੋਂ ਹਮਾਇਤ ਦਿੱਤੇ ਜਾਣ ਕਾਰਨ ਪ੍ਰਾਈਵੇਟ ਸਕੂਲਾਂ ਸਮੇਤ ਕਈ ਸਰਕਾਰੀ ਸਕੂਲ ਵੀ ਬੰਦ ਰਹੇ। ਸ਼ਹਿਰ ਦੇ ਵਪਾਰਕ ਅਦਾਰੇ ਤੇ ਦੁਕਾਨਾਂ ਬੰਦ ਰਹਿਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਪ੍ਰਾਈਵੇਟ ਬੱਸਾਂ ਬੰਦ ਰਹਿਣ ਤੇ ਕੁਝ ਚੱਲਦੀਆਂ ਬੱਸਾਂ ਨੂੰ ਰਸਤੇ ਵਿਚ ਰੋਕੇ ਜਾਣ ਕਾਰਨ ਮੁਸਾਫ਼ਰਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪਈ। ਦੂਜੇ ਪਾਸੇ ਐਮਰਜੈਂਸੀ ਸੇਵਾਵਾਂ ਨੂੰ ਚਾਲੂ ਰੱਖਿਆ ਗਿਆ। ਬੰਦ ਦੌਰਾਨ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ’ਤੇ ਸਥਿਤੀ ਨੂੰ ਸੰਭਾਲਣ ਲਈ ਕਾਰਵਾਈ ਕੀਤੀ ਗਈ ਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਕੁੱਲ ਮਿਲਾ ਕੇ ਪਰਵਿੰਦਰ ਝੋਟਾ ਦੇ ਕਤਲ ਦੇ ਵਿਰੋਧ ਵਿਚ ਹੋਏ ਬੰਦ ਦੌਰਾਨ ਬਠਿੰਡਾ ਵਿਚ ਵਪਾਰਕ ਸਰਗਰਮੀਆਂ ਠੱਪ ਰਹੀਆਂ ਤੇ ਕਈ ਥਾਵਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ। ਪ੍ਰਦਰਸ਼ਨਕਾਰੀ ਜਥੇਬੰਦੀਆਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਆਪਣਾ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।