‘ਪੰਜਾਬ ਬੰਦ’ ਦੇ ਸੱਦੇ ਤਹਿਤ ਇਤਿਹਾਸਿਕ ਨਗਰ ਤਲਵੰਡੀ ਸਾਬੋ ਰਿਹਾ ਮੁਕੰਮਲ ਬੰਦ ‘ਪੰਜਾਬ ਬੰਦ’ ਦੇ ਸੱਦੇ ਤਹਿਤ ਇਤਿਹਾਸਿਕ ਨਗਰ ਤਲਵੰਡੀ ਸਾਬੋ ਰਿਹਾ ਮੁਕੰਮਲ ਬੰਦ
Publish Date: Thu, 15 Oct 2026 05:01 PM (IST)
Updated Date: Thu, 15 Oct 2026 05:03 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਤਲਵੰਡੀ ਸਾਬੋ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਕਤਲ ਉਪਰੰਤ ਇਨਸਾਫ ਪਸੰਦ ਧਿਰਾਂ ਵੱਲੋਂ ‘ਪੰਜਾਬ ਬੰਦ’ ਦੇ ਸੱਦੇ ਨੂੰ ਧਾਰਮਿਕ ਅਤੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਖੇ ਭਰਵਾਂ ਹੁੰਗਾਰਾ ਮਿਲਿਆ, ਜਿਸਦੇ ਮੱਦੇਨਜ਼ਰ ਸਮੁੱਚੇ ਵਪਾਰਕ ਅਦਾਰੇ ਬੰਦ ਰਹੇ। ਅਕਾਲੀ ਦਲ ਵਾਰਿਸ ਪੰਜਾਬ ਦੇ ਸਮੇਤ ਵੱਖ ਵੱਖ ਧਿਰਾਂ ਵੱਲੋਂ ਸੜਕਾਂ ਨੂੰ ਜਾਮ ਕਰਕੇ ਕੀਤੇ ਰੋਸ ਪ੍ਰਦਰਸ਼ਨਾਂ ਕਾਰਨ ਸੜਕੀ ਆਵਾਜਾਈ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ। ਅੱਜ ਨਗਰ ਦੇ ਨਿਸ਼ਾਨ ਏ ਖਾਲਸਾ ਚੌਕ ’ਚ ਜਮਹੂਰੀ ਕਿਸਾਨ ਸਭਾ, ਐਕਸ ਸਰਵਿਸਮੈਨ ਵੈੱਲਫੇਅਰ ਯੂਨੀਅਨ ਸਮੇਤ ਭਰਾਤਰੀ ਜਥੇਬੰਦੀਆਂ ਨੇ ਧਰਨਾ ਲਾਇਆ, ਜਿਸ ਵਿਚ ਤਰਨਾ ਦਲ ਆਗੂ ਤੇ ਗੁ: ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਸਰਬਜੀਤ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਿਤ ਮੁਲਾਜ਼ਮਾਂ ਨੇ ਵੀ ਸ਼ਮੂਲੀਅਤ ਕੀਤੀ। ਸਮੁੱਚੇ ਆਗੂਆਂ ਨੇ ਨਸ਼ਿਆਂ ਨੂੰ ਠੱਲ ਨਾ ਪਾ ਸਕਣ ਕਾਰਨ ਜਿੱਥੇ ਪੰਜਾਬ ਸਰਕਾਰ ਨੂੰ ਰੱਜ ਕੇ ਕੋਸਿਆ, ਉੱਥੇ ਪਰਮਿੰਦਰ ਸਿੰਘ ਝੋਟੇ ਲਈ ਇਨਸਾਫ ਦੀ ਮੰਗ ਕੀਤੀ। ਬਾਬਾ ਸਰਬਜੀਤ ਸਿੰਘ ਨੇ ਕਿਹਾ ਕਿ ਇਨਸਾਫ ਦੀ ਲੜਾਈ ’ਚ ਨਿਹੰਗ ਜਥੇਬੰਦੀਆਂ ਪਰਿਵਾਰ ਦੇ ਨਾਲ ਡਟ ਕੇ ਖੜਨਗੀਆਂ। ਜ਼ਮਹੂਰੀ ਕਿਸਾਨ ਸਭਾ ਆਗੂ ਸੁਖਮੰਦਰ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ। ਉਕਤ ਪ੍ਰਦਰਸ਼ਨ ਨੂੰ ਬਸਪਾ ਦੇ ਮਾ. ਜਗਦੀਪ ਸਿੰਘ ਗੋਗੀ, ਕੌਂਸਲਰ ਸੁਖਦੇਵ ਸਿੰਘ, ਸਮਾਜ ਸੇਵੀ ਰੁਪਿੰਦਰ ਸਿੰਘ ਸਿੱਧੂ, ਜਗਦੇਵ ਜੱਜਲ ਆਦਿ ਨੇ ਸੰਬੋਧਨ ਕੀਤਾ ਜਦੋਂਕਿ ਭਰਪੂਰ ਸਿੰਘ ਤੇ ਗੁਰਪ੍ਰੀਤ ਸਿੰਘ ਕੀਪਾ ਦੋਵੇਂ ਕੌਂਸਲਰ, ਸੁਖਦੇਵ ਸਿੰਘ ਕਿੰਗਰਾ ਸਮੇਤ ਵੱਡੀ ਗਿਣਤੀ ਮੁਹਤਬਰ ਵੀ ਪ੍ਰਦਰਸ਼ਨ ’ਚ ਸ਼ਾਮਿਲ ਦਿਖਾਈ ਦਿੱਤੇ। ਉੱਧਰ ਭਗਤ ਰਵੀਦਾਸ ਚੌਂਕ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕੀਤੇ ਪ੍ਰਦਰਸ਼ਨ ’ਚ ਵੱਡੀ ਗਿਣਤੀ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਹਾਲਾਂਕਿ ਪਾਰਟੀ ਆਗੂਆਂ ਮੁਤਾਬਕ ਹਲਕੇ ਦੇ ਦੋ ਆਗੂਆਂ ਕੁਲਦੀਪ ਸਿੰਘ ਗੋਸਲ ਅਤੇ ਪ੍ਰਦੀਪ ਸਿੰਘ ਸੋਨੀ ਬਾਬਾ ਨੂੰ ਪੁਲਿਸ ਨੇ ਲੰਘੀ ਰਾਤ ਹੀ ਹਿਰਾਸਤ ’ਚ ਲੈ ਲਿਆ ਸੀ ਤੇ ਹਲਕਾ ਇੰਚਾਰਜ ਮਨਦੀਪ ਸਿੰਘ ਸਿੱਧੂ ਦੇ ਵੀ ਨਾ ਪਹੁੰਚ ਸਕਣ ਕਾਰਣ ਉਕਤ ਪ੍ਰਦਰਸ਼ਨ ਬਿਨਾਂ ਆਗੂ ਦੇ ਪ੍ਰੰਤੂ ਪ੍ਰਭਾਵਸ਼ਾਲੀ ਹੋ ਨਿੱਬੜਿਆ। ਆਗੂ ਤੋਂ ਬਿਨਾਂ ਹੋਏ ਇਸ ਪ੍ਰਦਰਸ਼ਨ ’ਚ ਸ਼ਾਮਿਲ ਨੌਜਵਾਨਾਂ ਦੀ ਐਂਬੂਲ਼ੈਂਸ ਵਰਗੇ ਜ਼ਰੂਰੀ ਵਾਹਨਾਂ ਨੂੰ ਰੋਕਣ ਕਰਕੇ ਪੁਲਿਸ ਨਾਲ ਤਕੜੀ ਬਹਿਸ ਵੀ ਹੋਈ, ਜਿਸ ਨਾਲ ਇਕ ਵਾਰ ਮਾਹੌਲ ਤਣਾਅਪੂਰਨ ਵੀ ਬਣਿਆ। ਉੱਧਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਭਾਈ ਨਰਿੰਦਰਜੀਤ ਸਿੰਘ ਦੇ ਨਿਰਦੇਸ਼ਾਂ ਮੁਤਾਬਿਕ ਦੋਵਾਂ ਪ੍ਰਦਰਸ਼ਨਾਂ ਲਈ ਲੰਗਰ ਤੇ ਹੋਰ ਵਸਤਾਂ ਦੇ ਪ੍ਰਬੰਧ ਕੀਤੇ ਗਏ ਜਦੋਂਕਿ ਸ਼੍ਰੋਮਣੀ ਕਮੇਟੀ ਦੇ ਅਦਾਰੇ ਵੀ ਰੋਸ ਵਜੋਂ ਬੰਦ ਰੱਖੇ ਗਏ। ਭਾਈ ਨਰਿੰਦਰਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਜਿੱਥੇ ਪ੍ਰਦਰਸ਼ਨਾਂ ’ਚ ਤਖਤ ਸਾਹਿਬ ਦੇ ਮੁਲਾਜ਼ਮਾਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰੀ ਉੱਥੇ ਮਾਨਸਾ ਵਿਖੇ ਪ੍ਰਦਰਸ਼ਨਕਾਰੀ ਸੰਗਤਾਂ ਲਈ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਗਏ।