ਦੁਕਾਨ ਅੰਦਰ ਵੜ ਕੇ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟੀਆਂ ਦੁਕਾਨ ਅੰਦਰ ਵੜ ਕੇ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟੀਆਂ
Publish Date: Tue, 13 Oct 2026 06:19 PM (IST)
Updated Date: Tue, 13 Oct 2026 06:21 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਮੌੜ ਮੰਡੀ ਦੀ ਕਾਂਸਲ ਰੋਡ ’ਤੇ ਮੰਗਲਵਾਰ ਦੁਪਹਿਰ ਦਿਨ-ਦਿਹਾੜੇ ਝਪਟਮਾਰੀ ਦੀ ਵਾਰਦਾਤ ਸਾਹਮਣੇ ਆਈ ਹੈ। ਬਾਈਕ ਸਵਾਰ ਦੋ ਨੌਜਵਾਨ ਇਕ ਦੁਕਾਨ ਵਿਚ ਦਾਖ਼ਲ ਹੋਏ ਅਤੇ ਉੱਥੇ ਬੈਠੀ 80 ਸਾਲਾ ਬਜ਼ੁਰਗ ਔਰਤ ਕ੍ਰਿਸ਼ਨਾ ਦੇਵੀ ਦੇ ਕੰਨਾਂ ਵਿਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਚਰਚਾ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਦੁਪਹਿਰ ਕਰੀਬ ਇਕ ਵਜੇ ਦੋ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਾਂਸਲ ਰੋਡ ਸਥਿਤ ਗਲੀ ਵਿਚ ਪਹੁੰਚੇ। ਦੋਵਾਂ ਨੇ ਆਪਣੇ ਚਿਹਰੇ ਕੱਪੜਿਆਂ ਨਾਲ ਢਕੇ ਹੋਏ ਸਨ। ਇਨ੍ਹਾਂ ਵਿਚੋਂ ਇਕ ਨੌਜਵਾਨ ਦੁਕਾਨ ਦੇ ਅੰਦਰ ਬਣੇ ਕਮਰੇ ਵਿਚ ਦਾਖ਼ਲ ਹੋ ਗਿਆ, ਜਦਕਿ ਉਸ ਦਾ ਸਾਥੀ ਮੋਟਰਸਾਈਕਲ ਲੈ ਕੇ ਬਾਹਰ ਖੜ੍ਹਾ ਰਿਹਾ। ਦੁਕਾਨ ਅੰਦਰ ਦਾਖ਼ਲ ਹੋਏ ਨੌਜਵਾਨ ਨੇ ਉੱਥੇ ਬੈਠੀ ਬਜ਼ੁਰਗ ਔਰਤ ਕ੍ਰਿਸ਼ਨਾ ਦੇਵੀ ਦੇ ਕੰਨਾਂ ਵਿਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਤੇ ਤੁਰੰਤ ਬਾਹਰ ਨਿਕਲ ਕੇ ਆਪਣੇ ਸਾਥੀ ਨਾਲ ਮੋਟਰਸਾਈਕਲ ’ਤੇ ਫ਼ਰਾਰ ਹੋ ਗਿਆ। ਅਚਾਨਕ ਵਾਪਰੀ ਇਸ ਘਟਨਾ ਕਾਰਨ ਬਜ਼ੁਰਗ ਔਰਤ ਘਬਰਾ ਗਈ। ਪੀੜਤ ਔਰਤ ਦੇ ਪੁੱਤਰ ਵਿਸ਼ਨੂੰ ਗੋਇਲ ਅਨੁਸਾਰ, ਵਾਰਦਾਤ ਦੁਪਹਿਰ ਕਰੀਬ ਇੱਕ ਵਜੇ ਵਾਪਰੀ। ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਦੋਵਾਂ ਨੌਜਵਾਨਾਂ ਦੀਆਂ ਗਤੀਵਿਧੀਆਂ ਰਿਕਾਰਡ ਹੋ ਗਈਆਂ ਹਨ, ਜਿਸ ਨਾਲ ਪੁਲਿਸ ਨੂੰ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਮਦਦ ਮਿਲ ਸਕਦੀ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਮੌੜ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।