ਪਿੰਡ ਪੱਕਾ ਕਲਾਂ ’ਚ ਕੈਂਸਰ ਨਾਲ 15 ਦਿਨਾਂ ’ਚ ਤਿੰਨ ਮੌਤਾਂ, ਦੋ ਦਰਜਨ ਦੇ ਕਰੀਬ ਮਰੀਜ਼ ਬਿਮਾਰੀ ਨਾਲ ਜੂਝ ਰਹੇ ਪਿੰਡ ਪੱਕਾ ਕਲਾਂ ਵਿੱਚ ਕੈਂਸਰ ਨਾਲ 15 ਦਿਨਾਂ ਅੰਦਰ ਤਿੰਨ ਮੌਤਾਂ, ਦੋ ਦਰਜਨ ਦੇ ਕਰੀਬ ਮਰੀਜ਼ ਬਿਮਾਰੀ ਨਾਲ ਜੂਝ ਰਹੇ
Publish Date: Tue, 13 Oct 2026 06:17 PM (IST)
Updated Date: Tue, 13 Oct 2026 06:17 PM (IST)
ਪਿੰਡ ਵਾਸੀਆਂ ਨੇ ਸਿਹਤ ਵਿਭਾਗ ਤੋਂ ਸਰਵੇਖਣ ਕਰਵਾਉਣ, ਸਿਹਤ ਜਾਂਚ ਕੈਂਪ ਲਗਾਉਣ ਤੇ ਪੀਣ ਵਾਲੇ ਪਾਣੀ ਦੇ ਨਮੂਨਿਆਂ ਦੀ ਜਾਂਚ ਦੀ ਕੀਤੀ ਮੰਗ ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ ਪਿੰਡ ਪੱਕਾ ਕਲਾਂ ਵਿਚ ਕੈਂਸਰ ਦੇ ਮਾਮਲਿਆਂ ਤੇ ਇਸ ਬਿਮਾਰੀ ਕਾਰਨ ਹੋ ਰਹੀਆਂ ਮੌਤਾਂ ਨੇ ਪਿੰਡ ਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਪਿੰਡ ਵਿਚ ਪਿਛਲੇ 15 ਦਿਨਾਂ ਦੌਰਾਨ ਕੈਂਸਰ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜਦਕਿ ਦੋ ਦਰਜਨ ਦੇ ਕਰੀਬ ਲੋਕ ਇਸ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ। ਪਿੰਡ ਵਾਸੀਆਂ ਨੇ ਸਿਹਤ ਵਿਭਾਗ ਤੇ ਪ੍ਰਸ਼ਾਸਨ ਤੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਿੰਡ ਵਿਚ ਸਿਹਤ ਸਰਵੇਖਣ ਕਰਵਾਉਣ ਤੇ ਬਿਮਾਰੀ ਦੇ ਮਾਮਲਿਆਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਪਿੰਡ ਪੱਕਾ ਕਲਾਂ ਦੀ ਵਸਨੀਕ ਰੋਸ਼ਨੀ ਦੇਵੀ (70), ਪਤਨੀ ਸੁਖਰਾਮ, ਦੀ ਅੱਜ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਮੌਤ ਨਾਲ ਪਰਿਵਾਰ ਨੂੰ ਵੱਡਾ ਸਦਮਾ ਪਹੁੰਚਿਆ ਹੈ। ਮ੍ਰਿਤਕਾ ਦੇ ਪਤੀ ਸੁਖਰਾਮ ਨੇ ਦੱਸਿਆ ਕਿ ਪਿੰਡ ਵਿਚ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਲੋਕਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਕਾਰਨ ਕਈ ਪਰਿਵਾਰ ਮੁਸ਼ਕਲ ਦੌਰ ਵਿਚੋਂ ਲੰਘ ਰਹੇ ਹਨ। ਪਿੰਡ ਵਿਚ ਕੈਂਸਰ ਨਾਲ ਜੂਝ ਰਹੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਲਾਜ ਦੇ ਨਾਲ-ਨਾਲ ਆਰਥਿਕ ਤੇ ਮਾਨਸਿਕ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਰੀਜ਼ਾਂ ਦੀ ਗਿਣਤੀ ਤੇ ਲਗਾਤਾਰ ਹੋ ਰਹੀਆਂ ਮੌਤਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਨੂੰ ਪਿੰਡ ਦੀ ਸਥਿਤੀ ਦਾ ਜਾਇਜ਼ਾ ਲੈਣਾ ਚਾਹੀਦਾ ਹੈ, ਤਾਂ ਜੋ ਬਿਮਾਰੀ ਦੇ ਮਾਮਲਿਆਂ ਸਬੰਧੀ ਸਹੀ ਜਾਣਕਾਰੀ ਸਾਹਮਣੇ ਆ ਸਕੇ। ਮਾਹਿਰਾਂ ਦੀ ਜਾਂਚ ਤੋਂ ਬਿਨਾਂ ਕਾਰਨ ਦੱਸਣਾ ਠੀਕ ਨਹੀਂ ਇਸ ਸਬੰਧੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਸੰਗਤ ਦੇ ਪ੍ਰਧਾਨ ਡਾਕਟਰ ਗੁਰਦੀਪ ਸਿੰਘ ਨੇ ਕਿਹਾ ਕਿ ਕੈਂਸਰ ਇਕ ਗੰਭੀਰ ਬਿਮਾਰੀ ਹੈ, ਜਿਸ ਦੇ ਕਾਰਨ ਵੱਖ-ਵੱਖ ਹੋ ਸਕਦੇ ਹਨ। ਕਿਸੇ ਪਿੰਡ ਵਿਚ ਕੈਂਸਰ ਦੇ ਮਾਮਲੇ ਵਧਣ ਪਿੱਛੇ ਕਿਸੇ ਇਕ ਕਾਰਨ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਪਹਿਲਾਂ ਮਾਹਿਰਾਂ ਦੀ ਜਾਂਚ ਅਤੇ ਭਰੋਸੇਯੋਗ ਅੰਕੜਿਆਂ ਦੀ ਲੋੜ ਹੁੰਦੀ ਹੈ। ਇਸ ਲਈ ਪਿੰਡ ਵਿਚ ਸਾਹਮਣੇ ਆ ਰਹੇ ਮਾਮਲਿਆਂ ਦੀ ਸਹੀ ਜਾਣਕਾਰੀ ਇਕੱਠੀ ਕਰਨੀ ਅਤੇ ਸਿਹਤ ਵਿਭਾਗ ਵੱਲੋਂ ਲੋੜੀਂਦੀ ਜਾਂਚ ਕਰਵਾਉਣੀ ਜ਼ਰੂਰੀ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਿਹਤ ਵਿਭਾਗ ਵੱਲੋਂ ਪਿੰਡ ਵਿਚ ਸਿਹਤ ਜਾਂਚ ਕੈਂਪ ਲਗਾਇਆ ਜਾਵੇ ਤੇ ਕੈਂਸਰ ਦੇ ਮਰੀਜ਼ਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਇਕੱਠੀ ਕੀਤੀ ਜਾਵੇ। ਇਸ ਦੇ ਨਾਲ ਹੀ ਪੀਣ ਵਾਲੇ ਪਾਣੀ ਦੇ ਨਮੂਨਿਆਂ ਦੀ ਜਾਂਚ ਕਰਵਾਈ ਜਾਵੇ, ਤਾਂ ਜੋ ਪਾਣੀ ਦੀ ਗੁਣਵੱਤਾ ਬਾਰੇ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੈਂਸਰ ਦੇ ਸ਼ੁਰੂਆਤੀ ਲੱਛਣਾਂ, ਸਮੇਂ ਸਿਰ ਜਾਂਚ ਅਤੇ ਇਲਾਜ ਬਾਰੇ ਵੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਪਿੰਡ ਵਾਸੀਆਂ ਅਨੁਸਾਰ, ਇਸ ਮਾਮਲੇ ਵਿਚ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਸਰਗਰਮ ਭੂਮਿਕਾ ਜ਼ਰੂਰੀ ਹੈ। ਸਿਹਤ ਵਿਭਾਗ ਵੱਲੋਂ ਸਰਵੇਖਣ, ਮਰੀਜ਼ਾਂ ਦੇ ਰਿਕਾਰਡ ਦੀ ਜਾਂਚ ਤੇ ਲੋੜ ਅਨੁਸਾਰ ਹੋਰ ਜਾਂਚਾਂ ਕਰਵਾਉਣ ਨਾਲ ਪਿੰਡ ਵਿਚ ਕੈਂਸਰ ਦੇ ਮਾਮਲਿਆਂ ਦੀ ਅਸਲ ਸਥਿਤੀ ਸਪੱਸ਼ਟ ਹੋ ਸਕਦੀ ਹੈ। ਫਿਲਹਾਲ ਪਿੰਡ ਵਾਸੀ ਇਸ ਗੱਲ ਦੀ ਉਡੀਕ ਕਰ ਰਹੇ ਹਨ ਕਿ ਸਿਹਤ ਵਿਭਾਗ ਇਸ ਮਾਮਲੇ ਦਾ ਨੋਟਿਸ ਲੈ ਕੇ ਲੋੜੀਂਦੇ ਕਦਮ ਚੁੱਕੇਗਾ।