ਕੋਠਾ ਗੁਰੂ ਨੂੰ 23.95 ਕਰੋੜ ਦੇ ਜਲ ਸਪਲਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੋਠਾ ਗੁਰੂ ਨੂੰ 23.95 ਕਰੋੜ ਦੇ ਜਲ ਸਪਲਾਈ ਪ੍ਰੋਜੈਕਟਾਂ ਦੀ ਸੁਰੂਆਤ
Publish Date: Sat, 10 Oct 2026 05:44 PM (IST)
Updated Date: Sat, 10 Oct 2026 05:44 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਨਗਰ ਪੰਚਾਇਤ ਕੋਠਾ ਗੁਰੂ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਬਿਹਤਰ ਸਹੂਲਤ ਮੁਹੱਈਆ ਕਰਵਾਉਣ ਲਈ ਕਰੀਬ 23.95 ਕਰੋੜ ਰੁਪਏ ਦੀ ਲਾਗਤ ਵਾਲੇ ਜਲ ਸਪਲਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਅਤੇ ਡਾ. ਸੰਨੀ ਸਿੰਘ ਆਹਲੂਵਾਲੀਆ ਚੇਅਰਮੈਨ ਜਲ ਸਪਲਾਈ ਵਿਭਾਗ ਪੰਜਾਬ ਨੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ 13.30 ਕਰੋੜ ਰੁਪਏ ਦੀ ਲਾਗਤ ਵਾਲੇ ਜਲ ਸਪਲਾਈ ਵਿਕਾਸ ਕਾਰਜ ਤੇ 10.65 ਕਰੋੜ ਰੁਪਏ ਦੀ ਲਾਗਤ ਵਾਲਾ ਕੈਨਾਲ ਆਧਾਰਿਤ ਵਾਟਰ ਟ੍ਰੀਟਮੈਂਟ ਪਲਾਂਟ ਸ਼ਾਮਲ ਹੈ। ਪ੍ਰੋਜੈਕਟ ਤਹਿਤ 1 ਲੱਖ ਗੈਲਨ ਸਮਰੱਥਾ ਵਾਲੀ ਪਾਣੀ ਦੀ ਟੈਂਕੀ ਤਿਆਰ ਕੀਤੀ ਜਾਵੇਗੀ ਅਤੇ ਲਗਭਗ 2,000 ਘਰਾਂ ਨੂੰ ਪਾਣੀ ਦੇ ਕਨੈਕਸ਼ਨ ਦਿੱਤੇ ਜਾਣਗੇ। ਸਕੀਮ ਅਧੀਨ ਘਰ-ਘਰ ਪਾਣੀ ਦੇ ਕਨੈਕਸ਼ਨ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ। ਡਾ. ਸੰਨੀ ਆਹਲੂਵਾਲੀਆ ਦੀ ਹਾਜ਼ਰੀ ਦਾ ਜ਼ਿਕਰ ਕਰਦਿਆਂ ਵਿਧਾਇਕ ਸਿੱਧੂ ਨੇ ਕਿਹਾ ਕਿ ਜਲ ਸਪਲਾਈ ਨਾਲ ਸਬੰਧਤ ਇਸ ਪ੍ਰੋਜੈਕਟ ਨਾਲ ਕੋਠਾ ਗੁਰੂ ਦੇ ਵੱਡੀ ਗਿਣਤੀ ਪਰਿਵਾਰਾਂ ਨੂੰ ਲਾਭ ਮਿਲੇਗਾ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਰਫ਼ਤਾਰ ਅੱਗੇ ਵੀ ਜਾਰੀ ਰਹੇਗੀ ਅਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਕੰਮ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਡਾ. ਸੰਨੀ ਆਹਲੂਵਾਲੀਆ ਦਾ ਧੰਨਵਾਦ ਕੀਤਾ। ਇਸ ਸਮੇਂ ਬੂਟਾ ਸਿੰਘ ਢਿੱਲੋਂ ਪ੍ਰਧਾਨ ਨਗਰ ਪੰਚਾਇਤ ਕੋਠਾਗੁਰੂ, ਜਗਸੀਰ ਸਿੰਘ ਢਿੱਲੋ ਮਲੂਕਾ, ਸੁਖਜੀਤ ਕੌਰ ਕੋਠਾਗੁਰੂ ਆਦਿ ਹਾਜ਼ਰ ਸਨ।