21 ਏਕੜ ’ਚ ਪਰਾਲੀ ਪ੍ਰਬੰਧਨ ਕਰਕੇ ਮਿਸਾਲ ਬਣਿਆ ਦੁੱਨੇਵਾਲਾ ਦਾ ਸੁਖਰਾਜ ਸਿੰਘ 21 ਏਕੜ ਵਿੱਚ ਪਰਾਲੀ ਪ੍ਰਬੰਧਨ ਕਰਕੇ ਮਿਸਾਲ ਬਣਿਆ ਦੁੱਨੇਵਾਲਾ ਦਾ ਸੁਖਰਾਜ ਸਿੰਘ
Publish Date: Thu, 01 Oct 2026 03:55 PM (IST)
Updated Date: Thu, 01 Oct 2026 03:57 PM (IST)
6-7 ਸਾਲਾਂ ਤੋਂ ਨਹੀਂ ਲਗਾਈ ਅੱਗ, ਹੈਪੀ ਸੀਡਰ ਤੇ ਸੁਪਰ ਸੀਡਰ ਨਾਲ ਬਚਾ ਰਿਹਾ ਪਾਣੀ, ਡੀਜ਼ਲ ਤੇ ਸਮਾਂ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਦੀ ਬਜਾਏ ਖੇਤ ਵਿਚ ਹੀ ਇਸ ਦਾ ਸੁਚੱਜਾ ਪ੍ਰਬੰਧਨ ਕਰਕੇ ਕਿਸਾਨ ਨਾ ਸਿਰਫ਼ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾ ਸਕਦੇ ਹਨ, ਸਗੋਂ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਨਾਲ-ਨਾਲ ਖੇਤੀ ਖਰਚੇ ਵੀ ਘਟਾ ਸਕਦੇ ਹਨ। ਇਸ ਦੀ ਇਕ ਪ੍ਰੇਰਨਾਦਾਇਕ ਮਿਸਾਲ ਬਠਿੰਡਾ ਜ਼ਿਲ੍ਹੇ ਦੇ ਸੰਗਤ ਬਲਾਕ ਅਧੀਨ ਪੈਂਦੇ ਪਿੰਡ ਦੁੱਨੇਵਾਲਾ ਦਾ ਕਿਸਾਨ ਸੁਖਰਾਜ ਸਿੰਘ ਪੇਸ਼ ਕਰ ਰਿਹਾ ਹੈ, ਜੋ ਪਿਛਲੇ 6-7 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ। ਕਿਸਾਨ ਸੁਖਰਾਜ ਸਿੰਘ ਕਰੀਬ 24 ਏਕੜ ਰਕਬੇ ਵਿੱਚ ਖੇਤੀ ਕਰਦਾ ਹੈ, ਜਿਸ ਵਿੱਚੋਂ ਇਸ ਵਾਰ 21 ਏਕੜ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾ ਰਹੀ ਹੈ। ਉਸ ਨੇ ਪਰਾਲੀ ਪ੍ਰਬੰਧਨ ਲਈ ਪਹਿਲਾਂ 10 ਏਕੜ ਰਕਬੇ ਤੋਂ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਸ਼ੁਰੂ ਕੀਤੀ ਸੀ। ਸਫਲ ਤਜਰਬੇ ਤੋਂ ਬਾਅਦ ਉਸ ਨੇ ਅਗਲੇ ਸਾਲ ਇਹ ਰਕਬਾ ਵਧਾ ਕੇ 18 ਏਕੜ ਕਰ ਦਿੱਤਾ ਅਤੇ ਹੁਣ ਉਹ ਵੱਡੇ ਪੱਧਰ ’ਤੇ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਰਿਹਾ ਹੈ। ਕਿਸਾਨ ਸੁਖਰਾਜ ਸਿੰਘ ਨੇ ਦੱਸਿਆ ਕਿ ਪਹਿਲੇ ਸਾਲ ਉਸ ਨੇ ਹੈਪੀ ਸੀਡਰ ਰਾਹੀਂ ਝੋਨੇ ਦੀ ਪਰਾਲੀ ਦੇ ਖੜ੍ਹੇ ਕਰਚਿਆਂ ਵਿੱਚ ਹੀ ਕਣਕ ਦੀ ਬਿਜਾਈ ਕੀਤੀ। ਇਸ ਤੋਂ ਬਾਅਦ ਉਸ ਨੇ ਸੁਪਰ ਸੀਡਰ ਦੀ ਵਰਤੋਂ ਸ਼ੁਰੂ ਕਰ ਦਿੱਤੀ। ਉਸ ਅਨੁਸਾਰ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਕਣਕ ਦੀ ਬਿਜਾਈ ਕਰਨ ਨਾਲ ਫਸਲ ਦਾ ਝਾੜ ਵੀ ਵਧੀਆ ਰਿਹਾ ਅਤੇ ਖੇਤੀਬਾੜੀ ਦੇ ਕਈ ਖਰਚਿਆਂ ਵਿੱਚ ਕਮੀ ਆਈ। ਕਿਸਾਨ ਨੇ ਦੱਸਿਆ ਕਿ ਸੁਪਰ ਸੀਡਰ ਝੋਨੇ ਦੇ ਨਾੜ ਨੂੰ ਖੇਤ ਵਿੱਚ ਹੀ ਬਾਰੀਕ ਕੱਟ ਕੇ ਮਿੱਟੀ ਵਿੱਚ ਮਿਲਾ ਦਿੰਦਾ ਹੈ। ਇਸ ਤਰ੍ਹਾਂ ਪਰਾਲੀ ਸਾੜਨ ਦੀ ਲੋੜ ਨਹੀਂ ਪੈਂਦੀ ਅਤੇ ਧੂੰਏਂ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਤੋਂ ਵੀ ਬਚਾਅ ਹੁੰਦਾ ਹੈ। ਮਿੱਟੀ ਵਿੱਚ ਮਿਲੀ ਪਰਾਲੀ ਸਮੇਂ ਦੇ ਨਾਲ ਗਲ ਕੇ ਜੈਵਿਕ ਪਦਾਰਥ ਅਤੇ ਖਾਦ ਵਜੋਂ ਕੰਮ ਕਰਦੀ ਹੈ, ਜਿਸ ਨਾਲ ਮਿੱਟੀ ਦੀ ਸਿਹਤ ਅਤੇ ਉਪਜਾਊ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ। ਉਸ ਅਨੁਸਾਰ ਖੇਤ ਵਿੱਚ ਪਰਾਲੀ ਰਹਿਣ ਕਾਰਨ ਮਿੱਟੀ ਵਿੱਚ ਨਮੀ ਵੀ ਲੰਮੇ ਸਮੇਂ ਤਕ ਬਰਕਰਾਰ ਰਹਿੰਦੀ ਹੈ। ਇਸ ਕਰਕੇ ਪਹਿਲੇ ਪਾਣੀ ਦੀ ਲੋੜ ਕੁਝ ਦੇਰ ਨਾਲ ਪੈਂਦੀ ਹੈ ਅਤੇ ਸਿੰਚਾਈ ਲਈ ਪਾਣੀ ਦੀ ਬੱਚਤ ਹੁੰਦੀ ਹੈ। ਪਰਾਲੀ ਮਿੱਟੀ ਵਿੱਚ ਮਿਲਣ ਨਾਲ ਮਿੱਟੀ ਵਿੱਚ ਮੱਲੜ ਦੀ ਮਾਤਰਾ ਵਧਦੀ ਹੈ ਅਤੇ ਗੰਡੋਏ ਵਰਗੇ ਮਿੱਤਰ ਕੀੜਿਆਂ ਲਈ ਵੀ ਵਾਤਾਵਰਨ ਅਨੁਕੂਲ ਬਣਦਾ ਹੈ। ਉਨ੍ਹਾਂ ਦੱਸਿਆ ਕਿ ਸੁਪਰ ਸੀਡਰ ਦੀ ਵਰਤੋਂ ਨਾਲ ਇੱਕੋ ਗੇੜੇ ਵਿੱਚ ਖੇਤ ਤਿਆਰ ਕਰਨ, ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਅਤੇ ਕਣਕ ਦੀ ਬਿਜਾਈ ਦਾ ਕੰਮ ਹੋ ਜਾਂਦਾ ਹੈ। ਇਸ ਨਾਲ ਵਾਰ-ਵਾਰ ਤਵੀਆਂ ਜਾਂ ਰੋਟਾਵੇਟਰ ਚਲਾਉਣ ਦੀ ਲੋੜ ਘੱਟ ਜਾਂਦੀ ਹੈ, ਜਿਸ ਨਾਲ ਡੀਜ਼ਲ ਅਤੇ ਸਮੇਂ ਦੋਵਾਂ ਦੀ ਬੱਚਤ ਹੁੰਦੀ ਹੈ। ਉਨ੍ਹਾਂ ਅਨੁਸਾਰ ਪਰਾਲੀ ਪ੍ਰਬੰਧਨ ਦੇ ਇਸ ਤਰੀਕੇ ਨਾਲ ਕਣਕ ਦੇ ਬੂਟਿਆਂ ਦਾ ਫੁਟਾਰਾ ਵਧੀਆ ਹੋਇਆ ਅਤੇ ਫਸਲ ਦਾ ਝਾੜ ਵੀ ਚੰਗਾ ਰਿਹਾ। ਕਿਸਾਨ ਨੇ ਦੱਸਿਆ ਕਿ ਪਹਿਲੇ ਸਾਲ ਹੈਪੀ ਸੀਡਰ ਰਾਹੀਂ ਬਿਜਾਈ ਕਰਨ ’ਤੇ ਕਣਕ ਦਾ ਝਾੜ 24 ਕੁਇੰਟਲ ਅਤੇ ਦੂਜੇ ਸਾਲ ਸੁਪਰ ਸੀਡਰ ਰਾਹੀਂ ਬਿਜਾਈ ਕਰਨ ’ਤੇ 25 ਕੁਇੰਟਲ ਪ੍ਰਤੀ ਏਕੜ ਦੇ ਕਰੀਬ ਰਿਹਾ। ਉਸ ਅਨੁਸਾਰ ਇਸ ਵਿਧੀ ਨਾਲ ਕਣਕ ਦੀ ਫਸਲ ਨੂੰ ਮੀਂਹ ਅਤੇ ਤੇਜ਼ ਹਵਾਵਾਂ ਤੋਂ ਵੀ ਕੋਈ ਖਾਸ ਨੁਕਸਾਨ ਨਹੀਂ ਹੋਇਆ ਅਤੇ ਨਦੀਨਾਂ ਦੀ ਸਮੱਸਿਆ ਵੀ ਘੱਟ ਰਹੀ। ਸੁਖਰਾਜ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਹੈਪੀ ਸੀਡਰ ਜਾਂ ਸੁਪਰ ਸੀਡਰ ਵਰਗੀਆਂ ਮਸ਼ੀਨਾਂ ਦੀ ਵਰਤੋਂ ਕਰਕੇ ਖੇਤ ਵਿੱਚ ਹੀ ਇਸ ਦਾ ਪ੍ਰਬੰਧਨ ਕਰਨ। ਉਨ੍ਹਾਂ ਕਿਹਾ ਕਿ ਇਸ ਨਾਲ ਵਾਤਾਵਰਨ ਦੀ ਰੱਖਿਆ ਦੇ ਨਾਲ ਪਾਣੀ ਦੀ ਬੱਚਤ, ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਅਤੇ ਖੇਤੀ ਖਰਚਿਆਂ ਵਿੱਚ ਕਮੀ ਲਿਆਂਦੀ ਜਾ ਸਕਦੀ ਹੈ। ਦੁੱਨੇਵਾਲਾ ਦਾ ਇਹ ਕਿਸਾਨ ਹੁਣ ਆਪਣੇ ਤਜਰਬੇ ਰਾਹੀਂ ਪਰਾਲੀ ਪ੍ਰਬੰਧਨ ਅਤੇ ਟਿਕਾਊ ਖੇਤੀ ਵੱਲ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕਰ ਰਿਹਾ ਹੈ।