ਯਾਦਵਿੰਦਰ ਸਿੰਘ ਪੱਪੂ ਨੂੰ ਮਿਲਿਆ ‘ਰਤਨ ਪੰਜਾਬ ਦੇ’ ਐਵਾਰਡ ਯਾਦਵਿੰਦਰ ਸਿੰਘ ਪੱਪੂ ਨੂੰ ਮਿਲਿਆ “ਰਤਨ ਪੰਜਾਬ ਦੇ” ਐਵਾਰਡ
Publish Date: Wed, 30 Sep 2026 04:17 PM (IST)
Updated Date: Wed, 30 Sep 2026 04:19 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ- ਪੰਜਾਬੀ ਜਾਗਰਣ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਉੱਘੇ ਸਮਾਜ ਸੇਵੀ ਆਗੂ ਯਾਦਵਿੰਦਰ ਸਿੰਘ (ਪੱਪੂ ਕਾਨੂੰਗੋ) ਨੂੰ ਸਮਾਜ ਦੇ ਖੇਤਰ ਵਿਚ ਜਿਕਰਯੋਗ ਪ੍ਰਾਪਤੀਆਂ ਬਦਲੇ “ਰਤਨ ਪੰਜਾਬ ਦੇ” ਐਵਾਰਡ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸੀਜੀਐੱਮ ਮੋਹਿੰਦਰ ਕੁਮਾਰ ਅਤੇ ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਨੇ ਯਾਦਵਿੰਦਰ ਸਿੰਘ (ਪੱਪੂ ਕਾਨੂੰਗੋ) ਨੂੰ “ਰਤਨ ਪੰਜਾਬ ਦੇ” ਐਵਾਰਡ ਭੇਂਟ ਕੀਤਾ। ਇਸ ਸਮੇਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਸਮਾਜ ਸੇਵਾ ਦੇ ਕਾਰਜ ਜ਼ਰੂਰੀ ਹੈ। ਜਿਕਰਯੋਗ ਹੈ ਕਿ ਯਾਦਵਿੰਦਰ ਸਿੰਘ ਪੱਪੂ ਨੇ ਜਵਾਨੀ ਦੀ ਉਮਰ ਵਿੱਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਵੀਰ ਸਿੰਘ ਜੀ ਸੋਸ਼ਲ ਵੈਲਫੇਅਰ ਕਲੱਬ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਪਿੰਡ ਵਿੱਚ ਨਗਰ ਕੀਰਤਨ ਦੀ ਸ਼ੁਰੂਆਤ, ਖੂਨਦਾਨ ਕੈਂਪ, ਸਿਹਤ ਜਾਂਚ ਤੇ ਬਿਮਾਰੀਆਂ ਸਬੰਧੀ ਜਾਗਰੂਕਤਾ ਕੈਂਪ, ਕਿਸਾਨ ਜਾਗਰੂਕਤਾ ਕੈਂਪ, ਖੇਡ ਟੂਰਨਾਮੈਂਟ, ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਸਮੇਂ ਸ਼ਗਨ ਅਤੇ ਜ਼ਰੂਰੀ ਵਸਤਾਂ ਦੀ ਸਹਾਇਤਾ, ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਮਦਦ ਅਜਿਹੇ ਅਣਗਿਣਤ ਕਾਰਜਾਂ ਰਾਹੀਂ ਉਹ ਲੋਕਾਂ ਦੇ ਦੁੱਖ-ਸੁੱਖ ਦੇ ਸਾਥੀ ਬਣੇ ਰਹੇ। ਪਿੰਡ ਸਿਰੀਏਵਾਲਾ ਨੂੰ ਖੇਡਾਂ ਦੇ ਨਕਸ਼ੇ ’ਤੇ ਵਿਸ਼ੇਸ਼ ਪਛਾਣ ਦਿਵਾਉਣ ਵਿੱਚ ਵੀ ਯਾਦਵਿੰਦਰ ਸਿੰਘ ਪੱਪੂ ਦਾ ਮਹੱਤਵਪੂਰਨ ਯੋਗਦਾਨ ਰਿਹਾ। 1990 ਦੇ ਦਹਾਕੇ ਵਿੱਚ ਪਿੰਡ ਵਿੱਚ ਕ੍ਰਿਕਟ ਦਾ ਡੇ-ਨਾਈਟ ਟੂਰਨਾਮੈਂਟ ਕਰਵਾਉਣਾ ਉਸ ਸਮੇਂ ਇੱਕ ਨਵੀਂ ਪਿਰਤ ਸੀ। ਸਿਰੀਏਵਾਲਾ ਪਿੰਡ ਡੇ-ਨਾਈਟ ਖੇਡ ਟੂਰਨਾਮੈਂਟਾਂ ਲਈ ਪੰਜਾਬ ਭਰ ਵਿੱਚ ਜਾਣਿਆ ਜਾਣ ਲੱਗਾ। ਉਨ੍ਹਾਂ ਦਾ ਮੰਨਣਾ ਰਿਹਾ ਹੈ ਕਿ ਖੇਡਾਂ ਅਤੇ ਪੜ੍ਹਾਈ ਇਹ ਦੋ ਅਜਿਹੇ ਮਜ਼ਬੂਤ ਸਾਧਨ ਹਨ ਜੋ ਸਾਡੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾ ਸਕਦੇ ਹਨ। ਇਸੇ ਸੋਚ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਦੀ ਲੰਬੇ ਸਮੇਂ ਦੀ ਸਾਂਝ, ਸੇਵਾ ਭਾਵਨਾ ਅਤੇ ਸਮਰਪਣ ਨੂੰ ਵੇਖਦਿਆਂ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਧਰਮ ਪਤਨੀ ਹਰਜਿੰਦਰ ਕੌਰ ਨੂੰ ਸਰਬਸੰਮਤੀ ਨਾਲ ਪਿੰਡ ਦੀ ਸਰਪੰਚ ਦੀ ਜ਼ਿੰਮੇਵਾਰੀ ਸੌਂਪੀ। ਪਿੰਡ ਵਿੱਚ ਗਲੀਆਂ-ਨਾਲੀਆਂ ਦਾ ਨਿਰਮਾਣ, ਫਿਰਨੀ ਦੇ ਆਲੇ-ਦੁਆਲੇ ਨਿਕਾਸੀ ਨਾਲਾ, ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਲਈ ਮੈਰਿਜ ਪੈਲੇਸ, ਬੱਚਿਆਂ ਦੀ ਪੜ੍ਹਾਈ ਲਈ ਆਧੁਨਿਕ ਲਾਇਬ੍ਰੇਰੀ, ਖੇਡ ਸਟੇਡੀਅਮ ਅਤੇ ਥਾਪਰ ਮਾਡਲ ਛੱਪੜ ਵਰਗੇ ਮਹੱਤਵਪੂਰਨ ਕਾਰਜ ਕਰਵਾਏ ਗਏ। ਪਿੰਡ ਵਿੱਚ ਕੀਤੀ ਗਈ ਪਲਾਂਟੇਸ਼ਨ, ਸੁੰਦਰ ਪਾਰਕ ਅਤੇ ਹੋਰ ਸਾਂਝੀਆਂ ਥਾਵਾਂ ਦੀ ਸੰਭਾਲ ਲਈ ਉਹ ਅੱਜ ਵੀ ਸਵੇਰੇ-ਸ਼ਾਮ ਖੁਦ ਧਿਆਨ ਦਿੰਦੇ ਹਨ। ਇਹ ਸਿਰਫ਼ ਰੁੱਖ ਲਗਾਉਣ ਦੀ ਗੱਲ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁੰਦਰ ਅਤੇ ਸਿਹਤਮੰਦ ਵਾਤਾਵਰਨ ਤਿਆਰ ਕਰਨ ਦੀ ਸੋਚ ਹੈ। ਉਨ੍ਹਾਂ ਦੀ ਧਰਮ ਪਤਨੀ ਹਰਜਿੰਦਰ ਕੌਰ ਦੂਜੀ ਵਾਰ ਪਿੰਡ ਸਿਰੀਏਵਾਲਾ ਦੀ ਸਰਪੰਚ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਯਾਦਵਿੰਦਰ ਸਿੰਘ ਵੀ ਆਪਣੀ ਸਮਰੱਥਾ ਅਨੁਸਾਰ ਪਿੰਡ ਅਤੇ ਸਮਾਜ ਦੀ ਸੇਵਾ ਵਿੱਚ ਲਗਾਤਾਰ ਯੋਗਦਾਨ ਪਾ ਰਹੇ ਹਨ। ਪੱਪੂ ਕਾਨੂੰਗੋ ਨੇ ਆਪਣੀ ਜ਼ਿੰਦਗੀ ਵਿੱਚ ਲੋਕਾਂ ਦੀ ਸੇਵਾ ਨੂੰ ਤਰਜੀਹ ਦਿੱਤੀ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ, ਬੱਚਿਆਂ ਲਈ ਪੜ੍ਹਾਈ ਦੇ ਮੌਕੇ ਪੈਦਾ ਕੀਤੇ, ਲੋੜਵੰਦਾਂ ਦਾ ਸਹਾਰਾ ਬਣੇ, ਵਾਤਾਵਰਨ ਦੀ ਸੰਭਾਲ ਕੀਤੀ ਅਤੇ ਪਿੰਡ ਦੇ ਵਿਕਾਸ ਲਈ ਲਗਾਤਾਰ ਯਤਨ ਕੀਤੇ। ਉਨ੍ਹਾਂ ਨੂੰ ਰਤਨ ਪੰਜਾਬ ਦੇ ਐਵਾਰਡ ਮਿਲਣ ਨਾਲ ਇਲਾਕੇ ਅਤੇ ਪਿੰਡ ਸਿਰੀਏਵਾਲਾ ਵਿਚ ਖੁਸ਼ੀ ਦਾ ਮਾਹੌਲ ਹੈ।