ਤਲਵੰਡੀ ਸਾਬੋ ਹਲਕੇ ਦੇ ਵਿਕਾਸ ਲਈ 65 ਲੱਖ ਦੀਆਂ ਗ੍ਰਾਂਟਾਂ ਤੇ ਦੋ ਐਂਬੂਲੈਂਸਾਂ ਮੁਹੱਈਆ ਕਰਵਾਈਆਂ : ਰਵੀਪ੍ਰੀਤ ਸਿੱਧੂ ਤਲਵੰਡੀ ਸਾਬੋ ਹਲਕੇ ਦੇ ਵਿਕਾਸ ਲਈ 65 ਲੱਖ ਦੀਆਂ ਗ੍ਰਾਂਟਾਂ ਤੇ ਦੋ ਐਂਬੂਲੈਂਸਾਂ ਮੁਹੱਈਆ ਕਰਵਾਈਆਂ : ਰਵੀਪ੍ਰੀਤ ਸਿੱਧੂ
Publish Date: Mon, 28 Sep 2026 04:21 PM (IST)
Updated Date: Mon, 28 Sep 2026 04:21 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਅਤੇ ਜਨਰਲ ਸਕੱਤਰ ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੇ ਐੱਮਪੀ ਫੰਡ ਵਿੱਚੋਂ ਹਲਕਾ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਅਤੇ ਸੰਸਥਾਵਾਂ ਦੇ ਵਿਕਾਸ ਕਾਰਜਾਂ ਲਈ ਕਰੀਬ 65 ਲੱਖ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਗਈ ਹੈ। ਇਸ ਰਾਸ਼ੀ ਤਹਿਤ ਹਲਕੇ ਦੇ ਕਈ ਅਹਿਮ ਵਿਕਾਸ ਕਾਰਜਾਂ ਲਈ ਚੈੱਕ ਦਿੱਤੇ ਗਏ ਹਨ। ਰਵੀਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਿਵਲ ਹਸਪਤਾਲ ਤਲਵੰਡੀ ਸਾਬੋ ਲਈ ਐਂਬੂਲੈਂਸ ਮੁਹੱਈਆ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਨਾਲ ਐਮਰਜੈਂਸੀ ਸਮੇਂ ਮਰੀਜ਼ਾਂ ਨੂੰ ਆਵਾਜਾਈ ਦੀ ਸਹੂਲਤ ਮਿਲੇਗੀ। ਇਸੇ ਤਰ੍ਹਾਂ ਸਹਾਰਾ ਕਲੱਬ ਤਲਵੰਡੀ ਸਾਬੋ ਲਈ ਵੀ ਐਂਬੂਲੈਂਸ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਜੀਵਨ ਸਿੰਘ ਵਾਲਾ ਦੇ ਵਿਕਾਸ ਕਾਰਜਾਂ ਲਈ 8 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ, ਜਦਕਿ ਪਿੰਡ ਭਾਗੀਵਾਂਦਰ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਲਈ ਪਾਣੀ ਦੀ ਟੈਂਕੀ ਵਾਸਤੇ ਗ੍ਰਾਂਟ ਮੁਹੱਈਆ ਕਰਵਾਈ ਗਈ ਹੈ। ਤਲਵੰਡੀ ਸਾਬੋ ਦੀ ਨਾਮਦੇਵ ਧਰਮਸ਼ਾਲਾ ਅਤੇ ਵਿਸ਼ਵਕਰਮਾ ਧਰਮਸ਼ਾਲਾ ਲਈ 2-2 ਲੱਖ ਰੁਪਏ ਅਤੇ ਬਾਰ ਐਸੋਸੀਏਸ਼ਨ ਲਈ ਵੀ 2 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਹਲਕੇ ਦੀਆਂ ਵਿਕਾਸ ਲੋੜਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਅੱਗੇ ਵੀ ਯਤਨ ਜਾਰੀ ਰੱਖੇ ਜਾਣਗੇ। ਉਨ੍ਹਾਂ ਹਰਸਿਮਰਤ ਕੌਰ ਬਾਦਲ ਵੱਲੋਂ ਹਲਕੇ ਦੇ ਵਿਕਾਸ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਹਰਮਹਿੰਦਰ ਸਿੰਘ ਸਿੱਧੂ, ਜਸਵਿੰਦਰ ਸਿੰਘ ਜੈਲਦਾਰ, ਧੰਨਾ ਸਿੰਘ, ਸੁਖਪਾਲ ਸਿੰਘ ਸਿੱਧੂ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਲਹਿਰੀ ਸਮੇਤ ਟੀਮ, ਹੈਪੀ ਸਿੰਘ ਸਾਬਕਾ ਸਰਪੰਚ ਜੀਵਨ ਸਿੰਘ ਵਾਲਾ, ਹਰਤਵਾਲ ਸਿੰਘ ਸੁੱਖੀ, ਮਨਜੀਤ ਸਿੰਘ ਭਾਗੀਵਾਂਦਰ, ਗੁਰਮੇਲ ਸਿੰਘ ਘਈ, ਜਥੇਦਾਰ ਸੁਖਮੰਦਰ ਸਿੰਘ ਭਾਗੀਵਾਂਦਰ ਅਤੇ ਹਲਕੇ ਦੀ ਅਕਾਲੀ ਦਲ ਲੀਡਰਸ਼ਿਪ ਮੌਜੂਦ ਸੀ।