75 ਲੱਖ ਦੀ ਲਾਗਤ ਨਾਲ ਸੈਰਗਾਹ ਦਾ ਨਵੀਨੀਕਰਨ, ਸ਼ਹਿਰ ਨੂੰ ਚਾਰ ਚੰਨ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾਹ 75 ਲੱਖ ਦੀ ਲਾਗਤ ਨਾਲ ਸੈਰਗਾਹ ਦਾ ਨਵੀਨੀਕਰਨ, ਸ਼ਹਿਰ ਨੂੰ ਚਾਰ ਚੰਨ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾਹ
Publish Date: Mon, 28 Sep 2026 04:05 PM (IST)
Updated Date: Mon, 28 Sep 2026 04:06 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸੂਬਾ ਸਰਕਾਰ ਵੱਲੋਂ ਬਠਿੰਡਾ ਸ਼ਹਿਰ ਨੂੰ ਵਿਕਾਸ ਪੱਖੋਂ ਬਿਹਤਰ ਬਣਾਉਣ ਲਈ ਦਿੱਤੇ ਗਏ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਵਿੱਚੋਂ 75 ਲੱਖ ਰੁਪਏ ਖਰਚ ਕਰਕੇ ਤਿਆਰ ਕੀਤਾ ਗਿਆ ਇਕ ਪ੍ਰਮੁੱਖ ਪ੍ਰੋਜੈਕਟ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾਹ ਹੈ। ਇਹ ਜਾਣਕਾਰੀ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਸਾਂਝੀ ਕੀਤੀ। ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾਹ ਦਾ ਨੀਂਹ ਪੱਥਰ 10 ਅਕਤੂਬਰ 2024 ਨੂੰ ਰੱਖਿਆ ਗਿਆ ਸੀ ਅਤੇ ਕੁੱਝ ਕੁ ਮਹੀਨਿਆਂ ਵਿੱਚ ਹੀ ਤਿਆਰ ਕਰਦਿਆਂ ਇਹ ਸੈਰਗਾਹ ਬਠਿੰਡਾ ਵਾਸੀਆਂ ਦੇ ਸਪੁਰਦ ਕਰ ਦਿੱਤੀ ਗਈ ਸੀ। ਇਹ ਸੈਰਗਾਹ ਰਿੰਗ ਰੋਡ ਉੱਪਰ ਮਿਲਟਰੀ ਛਾਉਣੀ ਦੇ ਨਾਲ 1 ਕਿਲੋਮੀਟਰ ਤਕ ਦਾ ਵਾਕਿੰਗ ਟਰੈਕ ਹੈ। ਜਿਸ ਵਿਚ ਇਕ ਚੱਕਰ ਲਗਾਉਣ ਨਾਲ ਦੋ ਕਿਲੋਮੀਟਰ ਦੀ ਸੈਰ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸੈਰਗਾਹ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਮੁਹੱਈਆ ਕਰਵਾਉਂਦਿਆਂ ਸੁੰਦਰੀਕਰਨ ਤੇ ਸ਼ਹਿਰ ਦੀ ਦਿੱਖ ਵਧੀਆ ਬਨਾਉਣ ਲਈ ਚਾਰ ਚੰਨ੍ਹ ਲਗਾ ਰਹੀ ਹੈ। ਇਸ ਸੈਰਗਾਹ ਵਿਖੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਸਵੇਰੇ ਅਤੇ ਸ਼ਾਮ ਨੂੰ ਸੈਰ ਕਰਕੇ ਖ਼ੂਬ ਆਨੰਦ ਮਾਣ ਰਹੇ ਹਨ। ਇਸ ਤੋਂ ਇਲਾਵਾ ਹਰਿਆਲੀ ਭਰਪੂਰ ਸੈਰਗਾਹ ਵਿਖੇ ਵੱਖ-ਵੱਖ ਤਰ੍ਹਾਂ ਦੇ ਪੌਦੇ ਖਿੱਚ ਦਾ ਕੇਂਦਰ ਹਨ। ਸੈਰਗਾਹ ਵਿਖੇ ਓਪਨ ਜਿੰਮ, ਯੋਗਾ ਪੁਆਇੰਟ, ਐਕੂਪ੍ਰੈਸ਼ਰ ਜ਼ੋਨ, ਆਧੁਨਿਕ ਤਕਨੀਕ ਦੀਆਂ ਲਾਈਟਾਂ, ਕੂੜੇ ਦੇ ਪ੍ਰਬੰਧਨ ਸੰਬੰਧੀ ਵੱਖ ਵੱਖ ਥਾਂਵਾਂ ਤੇ ਡਸਟਬਿਨਾ ਤੋਂ ਇਲਾਵਾ ਬਹੁਤ ਹੀ ਸੁੰਦਰ ਸੈਲਫੀ ਪੁਆਇੰਟ ਤਿਆਰ ਕਰਵਾਇਆ ਗਿਆ ਹੈ। ਆਉਣ ਵਾਲੇ ਸਮੇਂ ਵਿਚ ਇਸ ਸੈਰਗਾਹ ਦਾ ਅੱਗੇ ਹੋਰ ਵੀ ਵਿਸਥਾਰ ਕਰਨ ਲਈ ਯੋਜਨਾ ਤੇ ਕੰਮ ਚੱਲ ਰਿਹਾ ਹੈ। ਸ਼ਹਿਰ ਵਾਸੀਆਂ ਵੱਲੋਂ ਸਰਕਾਰ ਦੇ ਇਸ ਵਿਸ਼ੇਸ਼ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਖੇਤਰ ਵਿਚ ਲੋਕਾਂ ਲਈ ਸੈਰ ਕਰਨ ਖਾਤਰ ਕੋਈ ਜਗ੍ਹਾ ਨਹੀਂ ਸੀ, ਪਰ ਸ਼ਹੀਦ ਕਰਤਾਰ ਸਿੰਘ ਸੈਰਗਾਹ ਬਣਨ ਤੋਂ ਬਾਅਦ ਵੱਡੀ ਗਿਣਤੀ ਲੋਕ ਇੱਥੇ ਸੈਰ ਕਰਨ ਲਈ ਆਉਦੇ ਹਨ।