ਏਸ਼ੀਅਨ ਗੇਮਜ਼ 'ਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਧੀ ਪਰੀਨਾਜ਼ ਧਾਲੀਵਾਲ 'ਤੇ ਪੂਰੇ ਪੰਜਾਬ ਨੂੰ ਮਾਣ: ਸਿੰਘ ਸਾਹਿਬ ਗਿਆਨੀ ਟੇਕ ਸਿੰਘ ਏਸ਼ੀਅਨ ਗੇਮਜ਼ 'ਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਧੀ ਪਰੀਨਾਜ਼ ਧਾਲੀਵਾਲ 'ਤੇ ਪੂਰੇ ਪੰਜਾਬ ਨੂੰ ਮਾਣ
Publish Date: Sun, 27 Sep 2026 04:15 PM (IST)
Updated Date: Sun, 27 Sep 2026 04:15 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਤਲਵੰਡੀ ਸਾਬੋ ਏਸ਼ੀਅਨ ਗੇਮਜ਼ ਦੇ ਨਿਸ਼ਾਨੇਬਾਜ਼ੀ (ਸਕੀਟ) ਮੁਕਾਬਲਿਆਂ ਵਿੱਚ ਬਰਨਾਲਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਠੀਕਰੀਵਾਲਾ ਦੀ ਧੀ ਪਰੀਨਾਜ਼ ਕੌਰ ਧਾਲੀਵਾਲ ਵੱਲੋਂ ਮਹਿਲਾ ਟੀਮ ਸਕੀਟ ਅਤੇ ਮਿਕਸਡ ਡਬਲਜ਼ ਸਕੀਟ ਵਿੱਚ ਦੋ ਕਾਂਸੀ ਦੇ ਮੈਡਲ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ’ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਨੇ ਵਿਸ਼ੇਸ਼ ਵਧਾਈ ਦਿੱਤੀ ਹੈ। ਜਥੇਦਾਰ ਗਿਆਨੀ ਟੇਕ ਸਿੰਘ ਨੇ ਕਿਹਾ ਕਿ ਇਹ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਖਿੱਤੇ ਦੀ ਹੋਣਹਾਰ ਧੀ ਪਰੀਨਾਜ਼ ਨੇ ਏਸ਼ੀਅਨ ਗੇਮਜ਼ ਵਰਗੇ ਵੱਡੇ ਮੰਚ ’ਤੇ ਦੋ ਮੈਡਲ ਜਿੱਤ ਕੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਪਰੀਨਾਜ਼ ਧਾਲੀਵਾਲ, ਉਸ ਦੇ ਪਰਿਵਾਰ, ਕੋਚਾਂ ਅਤੇ ਸਮੁੱਚੇ ਇਲਾਕੇ ਨੂੰ ਵਧਾਈ ਦਿੱਤੀ। ਉਨ੍ਹਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪਰੀਨਾਜ਼ ਦੀ ਪ੍ਰਾਪਤੀ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨ ਆਪਣੀ ਊਰਜਾ, ਮਿਹਨਤ ਅਤੇ ਸਮਰੱਥਾ ਨੂੰ ਸਹੀ ਦਿਸ਼ਾ ਵਿੱਚ ਲਗਾ ਕੇ ਵੱਖ-ਵੱਖ ਖੇਤਰਾਂ ਵਿੱਚ ਸਫ਼ਲਤਾ ਹਾਸਲ ਕਰ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਮਨੋਰਥਹੀਣ ਰਾਹਾਂ ਤੋਂ ਦੂਰ ਰਹਿ ਕੇ ਖੇਡਾਂ, ਵਿੱਦਿਆ, ਪਰੰਪਰਾਗਤ ਜੰਗਜੂ ਕਲਾਵਾਂ ਅਤੇ ਬਾਣੀ-ਬਾਣੇ ਨਾਲ ਜੁੜਨ ਦੀ ਅਪੀਲ ਕੀਤੀ। ਜਥੇਦਾਰ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਰੀਰਕ ਤੰਦਰੁਸਤੀ ਅਤੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਪਰੀਨਾਜ਼ ਧਾਲੀਵਾਲ ਭਵਿੱਖ ਵਿੱਚ ਵੀ ਖੇਡਾਂ ਦੇ ਖੇਤਰ ਵਿੱਚ ਨਵੀਆਂ ਬੁਲੰਦੀਆਂ ਹਾਸਲ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰਦੀ ਰਹੇ।