ਵਿਸ਼ਵਨਾਥ ਹੱਤਿਆਕਾਂਡ: 3 ਦਿਨਾਂ ’ਚ ਮੁੱਖ ਮੁਲਜ਼ਮ ਨਾ ਫੜੇ ਤਾਂ ਐੱਸਐੱਸਪੀ ਦਫ਼ਤਰ ਅੱਗੇ ਭੁੱਖ ਹੜਤਾਲ ’ਤੇ ਬੈਠਾਂਗੀ : ਨੇਹਾ ਵਿਸ਼ਵਨਾਥ ਹੱਤਿਆਕਾਂਡ: 3 ਦਿਨਾਂ ’ਚ ਮੁੱਖ ਮੁਲਜ਼ਮ ਨਾ ਫੜੇ ਤਾਂ ਐੱਸਐੱਸਪੀ ਦਫ਼ਤਰ ਦੇ ਬਾਹਰ ਭੁੱਖ ਹੜਤਾਲ ’ਤੇ ਬੈਠਾਂਗੀ: ਪਤਨੀ ਨੇਹਾ
Publish Date: Thu, 24 Sep 2026 07:04 PM (IST)
Updated Date: Fri, 25 Sep 2026 04:09 AM (IST)
* ਐੱਫਆਈਆਰ ਦਰਜ ਹੋਏ 24 ਦਿਨ ਬੀਤੇ, 6 ਨਾਮਜ਼ਦ ਮੁਲਜ਼ਮਾਂ ’ਚੋਂ ਸਿਰਫ਼ ਇੱਕ ਗ੍ਰਿਫ਼ਤਾਰ * ਐੱਸਐੱਚਓ, ਡੀਐੱਸਪੀ, ਐੱਸਐੱਸਪੀ ਤੋਂ ਲੈ ਕੇ ਡੀਆਈਜੀ ਤੱਕ ਲਗਾਈ ਗੁਹਾਰ, ਹਰ ਵਾਰ ਮਿਲਿਆ ਸਿਰਫ਼ ਜਾਂਚ ਦਾ ਭਰੋਸਾ ਫੋਟੋ : 31 ਕੈਪਸ਼ਨ : ਨਿਊ ਗੁਰੂ ਕਾਸ਼ੀ ਟਰਾਂਸਪੋਰਟ ਕੰਪਨੀ ਦੇ ਸਾਬਕਾ ਮੈਨੇਜਰ ਵਿਸ਼ਵਨਾਥ ਦੇ ਕਥਿਤ ਅਗਵਾ ਤੇ ਕਤਲ ਮਾਮਲੇ ਵਿਚ ਇਨਸਾਫ਼ ਦੀ ਮੰਗ ਕਰਦਿਆਂ ਪ੍ਰੈੱਸ ਕਾਨਫਰੰਸ ਦੌਰਾਨ ਮ੍ਰਿਤਕ ਦੀ ਪਤਨੀ ਨੇਹਾ ਅਤੇ ਪਰਿਵਾਰਕ ਮੈਂਬਰ। ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਨਿਊ ਗੁਰੂ ਕਾਸ਼ੀ ਟਰਾਂਸਪੋਰਟ ਕੰਪਨੀ ਦੇ ਸਾਬਕਾ ਮੈਨੇਜਰ ਵਿਸ਼ਵਨਾਥ ਦੇ ਕਥਿਤ ਅਗਵਾ ਤੇ ਕਤਲ ਮਾਮਲੇ ’ਚ ਪੁਲਿਸ ਕਾਰਵਾਈ ਤੋਂ ਨਾਰਾਜ਼ ਮ੍ਰਿਤਕ ਦੀ ਪਤਨੀ ਨੇਹਾ ਨੇ ਹੁਣ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਭਾਵੁਕ ਹੋਈ ਨੇਹਾ ਨੇ ਕਿਹਾ ਕਿ ਜੇਕਰ ਅਗਲੇ ਤਿੰਨ ਦਿਨਾਂ ’ਚ ਮਾਮਲੇ ਦੇ ਮੁੱਖ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਆਪਣੇ ਪੂਰੇ ਪਰਿਵਾਰ ਸਮੇਤ ਐੱਸਐੱਸਪੀ ਦਫ਼ਤਰ ਅੱਗੇ ਭੁੱਖ ਹੜਤਾਲ ’ਤੇ ਬੈਠੇਗੀ। ਉਨ੍ਹਾਂ ਕਿਹਾ ਕਿ ਮਾਮਲੇ ’ਚ ਐੱਫਆਈਆਰ ਦਰਜ ਹੋਏ 24 ਦਿਨ ਬੀਤ ਚੁੱਕੇ ਹਨ, ਪਰ ਹੁਣ ਤੱਕ 6 ਨਾਮਜ਼ਦ ਮੁਲਜ਼ਮਾਂ ’ਚੋਂ ਸਿਰਫ਼ ਪ੍ਰਿੰਸ ਕੁਮਾਰ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਮੁਤਾਬਕ ਲਖਵਿੰਦਰ ਸਿੰਘ, ਬਲਜਿੰਦਰ ਸਿੰਘ, ਅਰੁਣ, ਦਮਨਪ੍ਰੀਤ ਸਿੰਘ ਤੇ ਅੰਸ਼ਦੀਪ ਸਿੰਘ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਨੇਹਾ ਨੇ ਦੋਸ਼ ਲਾਇਆ ਕਿ ਪਿਛਲੇ ਕਰੀਬ 20 ਦਿਨਾਂ ’ਚ ਉਹ 20 ਤੋਂ ਵੱਧ ਵਾਰ ਥਾਣਿਆਂ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਲਾ ਚੁੱਕੀ ਹੈ। ਐੱਸਐੱਚਓ, ਡੀਐੱਸਪੀ, ਐੱਸਐੱਸਪੀ ਤੋਂ ਲੈ ਕੇ ਡੀਆਈਜੀ ਤੱਕ ਅਧਿਕਾਰੀਆਂ ਅੱਗੇ ਇਨਸਾਫ਼ ਦੀ ਗੁਹਾਰ ਲਗਾਈ, ਪਰ ਹਰ ਵਾਰ ਉਸ ਨੂੰ ਇਹੀ ਜਵਾਬ ਮਿਲਿਆ ਕਿ ਪੁਲਿਸ ਦੀਆਂ ਟੀਮਾਂ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀਆਂ ਹਨ। ਨੇਹਾ ਨੇ ਸਾਰੇ ਨਾਮਜ਼ਦ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਸਾਰੇ ਮੁਲਜ਼ਮ ਫੜੇ ਨਹੀਂ ਜਾਂਦੇ, ਉਦੋਂ ਤੱਕ ਕਤਲ ਦੇ ਪਿੱਛੇ ਦੀ ਪੂਰੀ ਸਾਜ਼ਿਸ਼ ਸਾਹਮਣੇ ਨਹੀਂ ਆ ਸਕੇਗੀ। ਖਾਤਿਆਂ ’ਚ ਗ਼ਲਤ ਐਂਟਰੀਆਂ ਕਰਨ ਤੋਂ ਇਨਕਾਰ, 4 ਅਗਸਤ ਨੂੰ ਛੱਡੀ ਸੀ ਨੌਕਰੀ ਪਰਿਵਾਰ ਮੁਤਾਬਕ ਮੂਲ ਰੂਪ ’ਚ ਬਿਹਾਰ ਵਾਸੀ ਤੇ ਬਠਿੰਡਾ ਦੇ ਬਾਬਾ ਫਰੀਦ ਨਗਰ ਵਾਸੀ ਵਿਸ਼ਵਨਾਥ ਨਿਊ ਗੁਰੂ ਕਾਸ਼ੀ ਟਰਾਂਸਪੋਰਟ ਕੰਪਨੀ ’ਚ ਮੈਨੇਜਰ ਵਜੋਂ ਕੰਮ ਕਰਦਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਟਰਾਂਸਪੋਰਟ ਮਾਲਕ ਲਖਵਿੰਦਰ ਸਿੰਘ ਉਸ ’ਤੇ ਬਹੀ-ਖਾਤਿਆਂ ਵਿੱਚ ਗਲਤ ਐਂਟਰੀਆਂ ਕਰਨ ਲਈ ਦਬਾਅ ਪਾ ਰਿਹਾ ਸੀ। ਵਿਸ਼ਵਨਾਥ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ 4 ਅਗਸਤ ਨੂੰ ਨੌਕਰੀ ਛੱਡ ਦਿੱਤੀ। ਪਰਿਵਾਰ ਮੁਤਾਬਕ ਇਸ ਤੋਂ ਬਾਅਦ ਟਰਾਂਸਪੋਰਟ ਮਾਲਕ ਨਾਲ ਉਸ ਦਾ ਵਿਵਾਦ ਹੋ ਗਿਆ ਸੀ। ਪਿਤਾ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਬੁਲਾਇਆ ਸੀ ਪਰਿਵਾਰ ਮੁਤਾਬਕ 18 ਤੇ 20 ਅਗਸਤ ਨੂੰ ਪ੍ਰਿੰਸ ਕੁਮਾਰ ਨੇ ਵਿਸ਼ਵਨਾਥ ਨੂੰ ਜ਼ਰੂਰੀ ਗੱਲਬਾਤ ਤੇ ਬਿਮਾਰ ਪਿਤਾ ਦੀ ਮਦਦ ਦਾ ਬਹਾਨਾ ਬਣਾ ਕੇ ਮਿਲਣ ਲਈ ਬੁਲਾਇਆ। ਪਰਿਵਾਰ ਦਾ ਕਹਿਣਾ ਹੈ ਕਿ ਕਿਸੇ ਅਣਹੋਣੀ ਦੇ ਖਦਸ਼ੇ ਕਾਰਨ 20 ਅਗਸਤ ਦੀ ਸ਼ਾਮ ਘਰੋਂ ਨਿਕਲਦੇ ਸਮੇਂ ਵਿਸ਼ਵਨਾਥ ਨੇ ਮੋਬਾਈਲ ਦਾ ਕੈਮਰਾ ਚਾਲੂ ਕਰ ਕੇ ਉਸ ਨੂੰ ਆਪਣੀ ਕਮੀਜ਼ ਦੀ ਜੇਬ ’ਚ ਰੱਖ ਲਿਆ ਸੀ। ਪਰਿਵਾਰ ਮੁਤਾਬਕ ਮੋਬਾਈਲ ’ਚ ਰਸਤੇ ਦੌਰਾਨ ਮੋਟਰਸਾਈਕਲ ਨੂੰ ਟੱਕਰ ਮਾਰਨ, ਵਿਸ਼ਵਨਾਥ ਦੇ ਹੇਠਾਂ ਡਿੱਗਣ ਅਤੇ ਕੁਝ ਵਿਅਕਤੀਆਂ ਵੱਲੋਂ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਖਿੱਚਣ ਨਾਲ ਸਬੰਧਤ ਆਵਾਜ਼ਾਂ ਅਤੇ ਤਸਵੀਰਾਂ ਰਿਕਾਰਡ ਹੋਈਆਂ। ਪਰਿਵਾਰ ਦਾ ਦਾਅਵਾ ਹੈ ਕਿ ਮੋਬਾਈਲ ਵਿੱਚ ਮੌਜੂਦ ਇਹ ਰਿਕਾਰਡਿੰਗ ਬਾਅਦ ਵਿੱਚ ਮਾਮਲੇ ਦੀ ਜਾਂਚ ਵਿੱਚ ਅਹਿਮ ਸਬੂਤ ਬਣੀ। ਬਾਕਸ 11 ਦਿਨ ਬਾਅਦ ਲਸਾੜਾ ਡਰੇਨ ’ਚੋਂ ਮਿਲੀ ਲਾਸ਼, ਹੱਥ-ਪੈਰ ਬੰਨ੍ਹੇ ਹੋਏ ਸਨ 20 ਅਗਸਤ ਨੂੰ ਲਾਪਤਾ ਹੋਏ ਵਿਸ਼ਵਨਾਥ ਦੀ ਲਾਸ਼ 31 ਅਗਸਤ ਨੂੰ ਜੀਵਨ ਸਿੰਘ ਵਾਲਾ ਨੇੜੇ ਲਸਾੜਾ ਡਰੇਨ ਵਿੱਚੋਂ ਬਰਾਮਦ ਹੋਈ। ਪਰਿਵਾਰ ਮੁਤਾਬਕ ਲਾਸ਼ ਦੇ ਹੱਥ-ਪੈਰ ਰੱਸੀਆਂ ਨਾਲ ਬੰਨ੍ਹੇ ਹੋਏ ਸਨ। ਇਸ ਤੋਂ ਬਾਅਦ ਪਰਿਵਾਰ ਨੇ ਕਤਲ ਦਾ ਦੋਸ਼ ਲਗਾਉਂਦਿਆਂ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। 1 ਸਤੰਬਰ ਨੂੰ 6 ਵਿਅਕਤੀਆਂ ਖ਼ਿਲਾਫ਼ ਕਤਲ ਤੇ ਸਾਜ਼ਿਸ਼ ਦਾ ਮਾਮਲਾ ਦਰਜ ਪਰਿਵਾਰ ਮੁਤਾਬਕ ਉਪਲਬਧ ਸਬੂਤਾਂ ਅਤੇ ਜਾਂਚ ਦੇ ਆਧਾਰ ’ਤੇ ਪੁਲਿਸ ਨੇ 1 ਸਤੰਬਰ ਨੂੰ ਲਖਵਿੰਦਰ ਸਿੰਘ, ਬਲਜਿੰਦਰ ਸਿੰਘ, ਅਰੁਣ, ਦਮਨਪ੍ਰੀਤ ਸਿੰਘ, ਅੰਸ਼ਦੀਪ ਸਿੰਘ ਅਤੇ ਪ੍ਰਿੰਸ ਕੁਮਾਰ ਖ਼ਿਲਾਫ਼ ਕਤਲ, ਅਗਵਾ, ਸਬੂਤ ਮਿਟਾਉਣ ਅਤੇ ਅਪਰਾਧਿਕ ਸਾਜ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ‘ਮੁੱਖ ਮੁਲਜ਼ਮ ਫੜੇ ਬਿਨਾਂ ਪੂਰੀ ਸਾਜ਼ਿਸ਼ ਸਾਹਮਣੇ ਨਹੀਂ ਆਵੇਗੀ’ ਨੇਹਾ ਨੇ ਕਿਹਾ ਕਿ ਵਿਸ਼ਵਨਾਥ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਸਹਾਰਾ ਖੋਹ ਲਿਆ ਗਿਆ ਹੈ। ਉਹ ਲਗਾਤਾਰ ਪੁਲਿਸ ਅਧਿਕਾਰੀਆਂ ਕੋਲ ਇਨਸਾਫ਼ ਦੀ ਮੰਗ ਕਰ ਰਹੀ ਹੈ, ਪਰ ਹੁਣ ਤੱਕ ਸਿਰਫ਼ ਇੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਈ ਹੈ। ਉਸ ਨੇ ਕਿਹਾ ਕਿ ਪੁਲਿਸ ਨੂੰ ਸਾਰੇ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੂਰੇ ਮਾਮਲੇ ਦਾ ਖੁਲਾਸਾ ਕਰਨਾ ਚਾਹੀਦਾ ਹੈ। ਨੇਹਾ ਨੇ ਪੁਲਿਸ ਪ੍ਰਸ਼ਾਸਨ ਨੂੰ ਤਿੰਨ ਦਿਨ ਦਾ ਸਮਾਂ ਦਿੰਦਿਆਂ ਕਿਹਾ ਕਿ ਜੇਕਰ ਇਸ ਸਮੇਂ ਦੌਰਾਨ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਆਪਣੇ ਪਰਿਵਾਰ ਸਮੇਤ ਐੱਸਐੱਸਪੀ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕਰੇਗੀ। ਉਸ ਨੇ ਕਿਹਾ ਕਿ ਹੁਣ ਪਰਿਵਾਰ ਕੋਲ ਇਨਸਾਫ਼ ਲਈ ਸੰਘਰਸ਼ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ।