ਮਾਤ ਭਾਸ਼ਾ ਪੰਜਾਬੀ ਦਿਲ ਦੀ ਆਵਾਜ਼ ਹੁੰਦੀ ਹੈ : ਪ੍ਰਿੰਸੀਪਲ ਗਲਹੋਤਰਾ ਮਾਤ ਭਾਸ਼ਾ ਪੰਜਾਬੀ ਦਿਲ ਦੀ ਆਵਾਜ਼ ਹੁੰਦੀ ਹੈ : ਪ੍ਰਿੰਸੀਪਲ ਗਲਹੋਤਰਾ
Publish Date: Wed, 23 Sep 2026 04:19 PM (IST)
Updated Date: Wed, 23 Sep 2026 04:21 PM (IST)
ਮਨਦੀਪ ਸਿੰਘ ਮੱਕੜ ਪੰਜਾਬੀ ਜਾਗਰਣ ਗੋਨਿਆਣਾ ਮਾਤ ਭਾਸ਼ਾ ਮਨੁੱਖ ਦੀ ਪਹਿਚਾਣ ਹੋਣ ਦੇ ਨਾਲ-ਨਾਲ ਉਸ ਦੇ ਦਿਲ ਦੀ ਆਵਾਜ਼ ਵੀ ਹੁੰਦੀ ਹੈ। ਮਨੁੱਖ ਆਪਣੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਸਭ ਤੋਂ ਸਹਿਜ ਢੰਗ ਨਾਲ ਪ੍ਰਗਟ ਕਰ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾਕਟਰ ਹੋਮਜ਼ ਅਕੈਡਮੀ ਦੀ ਪ੍ਰਿੰਸੀਪਲ ਕਾਜਲ ਗਲਹੋਤਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਦੀ ਅਸਲ ਭਾਸ਼ਾਈ ਪਹਿਚਾਣ ਨੂੰ ਜਾਣਨ ਲਈ ਉਸ ਨੂੰ ਉਸ ਦੇ ਪਰਿਵਾਰ, ਦੋਸਤਾਂ-ਮਿੱਤਰਾਂ ਤੇ ਆਪਣੇ ਲੋਕਾਂ ਵਿਚਕਾਰ ਦੇਖਣਾ ਚਾਹੀਦਾ ਹੈ। ਜਦੋਂ ਮਨੁੱਖ ਆਪਣੇ ਜਾਣ-ਪਛਾਣ ਵਾਲੇ ਮਾਹੌਲ ਵਿੱਚ ਹੁੰਦਾ ਹੈ ਤਾਂ ਉਹ ਬਿਨਾਂ ਕਿਸੇ ਬਣਾਵਟ ਦੇ ਆਪਣੀ ਮਾਤ ਭਾਸ਼ਾ ਵਿੱਚ ਗੱਲਬਾਤ ਕਰਦਾ ਹੈ। ਇਸੇ ਕਾਰਨ ਮਾਤ ਭਾਸ਼ਾ ਮਨੁੱਖ ਦੇ ਵਿਚਾਰਾਂ, ਭਾਵਨਾਵਾਂ ਅਤੇ ਜਜ਼ਬਾਤਾਂ ਦੇ ਪ੍ਰਗਟਾਵੇ ਦਾ ਸਭ ਤੋਂ ਕੁਦਰਤੀ ਸਾਧਨ ਬਣਦੀ ਹੈ। ਪ੍ਰਿੰਸੀਪਲ ਗਲਹੋਤਰਾ ਨੇ ਕਿਹਾ ਕਿ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਸੁੰਦਰ ਲਿਖਾਈ, ਸਾਹਿਤ ਸਿਰਜਣ, ਕਵਿਤਾ ਅਤੇ ਵਾਦ-ਵਿਵਾਦ ਮੁਕਾਬਲੇ ਆਦਿ ਸ਼ਾਮਲ ਹਨ। ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਪੰਜਾਬੀ ਪੜ੍ਹਨ ਅਤੇ ਲਿਖਣ ਦੀ ਰੁਚੀ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਰਚਨਾਤਮਕਤਾ ਨੂੰ ਵੀ ਉਤਸ਼ਾਹਿਤ ਕਰਦੀਆਂ ਹਨ। ਗਲਹੋਤਰਾ ਨੇ ਕਿਹਾ ਕਿ ਅੱਜ ਦੇ ਆਧੁਨਿਕ ਦੌਰ ਵਿੱਚ ਅੰਗਰੇਜ਼ੀ ਸਮੇਤ ਹੋਰ ਭਾਸ਼ਾਵਾਂ ਸਿੱਖਣਾ ਜ਼ਰੂਰੀ ਹੈ, ਪਰ ਇਸ ਦੇ ਨਾਲ ਆਪਣੀ ਮਾਤ ਭਾਸ਼ਾ ਪੰਜਾਬੀ ਨਾਲ ਜੁੜੇ ਰਹਿਣਾ ਵੀ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਪੰਜਾਬੀ ਭਾਸ਼ਾ ਪੜ੍ਹਨ, ਲਿਖਣ ਅਤੇ ਰੋਜ਼ਾਨਾ ਜੀਵਨ ਵਿੱਚ ਮਾਣ ਨਾਲ ਵਰਤਣ ਦਾ ਸੱਦਾ ਦਿੱਤਾ।