ਸਰਸਵਤੀ ਕਾਨਵੈਂਟ ਸਕੂਲ ’ਚ ਧੂਮਧਾਮ ਨਾਲ ਮਨਾਇਆ ਵਿਸ਼ਵ ਪੰਜਾਬੀ ਦਿਵਸ ਕੈਪਸਨ :- ਵਿਸ਼ਵ ਪੰਜਾਬੀ ਦਿਵਸ ਵੇ ਮੌਕੇ ਸਮਾਗਮ ਵਿੱਚ ਬੱਚੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ
Publish Date: Wed, 23 Sep 2026 04:18 PM (IST)
Updated Date: Wed, 23 Sep 2026 04:21 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਸਥਾਨਕ ਸਰਸਵਤੀ ਕਾਨਵੈਂਟ ਸਕੂਲ, ਮੌੜ ਮੰਡੀ ਵਿਖੇ ਵਿਸ਼ਵ ਪੰਜਾਬੀ ਦਿਵਸ ਬੜੇ ਉਤਸ਼ਾਹ, ਮਾਣ ਅਤੇ ਸੱਭਿਆਚਾਰਕ ਭਾਵਨਾ ਨਾਲ ਮਨਾਇਆ ਗਿਆ। ਇਹ ਸਮਾਗਮ ਸਕੂਲ ਦੇ ਚੇਅਰਮੈਨ ਅਤੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਸ਼ਿਵ ਕੁਮਾਰ ਜਿੰਦਲ ਅਤੇ ਫਾਊਂਡੇਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਦੀ ਪ੍ਰੇਰਣਾ ਸਦਕਾ ਆਯੋਜਿਤ ਕੀਤਾ ਗਿਆ, ਜਿਨ੍ਹਾਂ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਆਪਣੀ ਮਾਂ-ਬੋਲੀ, ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨਾ ਹੈ।ਸਮਾਗਮ ਦੌਰਾਨ ਵਿਦਿਆਰਥੀਆਂ ਨੇ ਪੰਜਾਬੀ ਕਵਿਤਾਵਾਂ, ਭਾਸ਼ਣਾਂ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਮਾਂ-ਬੋਲੀ ਦੀ ਮਹੱਤਤਾ ਅਤੇ ਵਿਲੱਖਣਤਾ ਨੂੰ ਬਖੂਬੀ ਉਜਾਗਰ ਕੀਤਾ। ਇਸ ਤੋਂ ਇਲਾਵਾ, ਵਿਦਿਆਰਥੀਆਂ ਦੀ ਰੁਚੀ ਵਧਾਉਣ ਲਈ ਇੱਕ ਪੰਜਾਬੀ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਵਿਰਸੇ ਨਾਲ ਸਬੰਧਤ ਆਪਣੇ ਗਿਆਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਸ ਮੌਕੇ ਮਹਾਨ ਸੂਫ਼ੀ ਕਵੀ ਬਾਬਾ ਫਰੀਦ ਜੀ ਸਮੇਤ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰਾਂ ਦੇ ਅਮੁੱਲੇ ਯੋਗਦਾਨ ਨੂੰ ਯਾਦ ਕੀਤਾ ਗਿਆ। ਵਿਦਿਆਰਥੀਆਂ ਨੇ ਉਨ੍ਹਾਂ ਦੀਆਂ ਰਚਨਾਵਾਂ ਰਾਹੀਂ ਪੰਜਾਬੀ ਸਾਹਿਤ ਦੀ ਗਹਿਰਾਈ, ਸਾਦਗੀ ਅਤੇ ਮਾਨਵਤਾ ਦੇ ਸੁਨੇਹੇ ਨੂੰ ਪੇਸ਼ ਕੀਤਾ। ਇਸ ਮੌਕੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਸ਼ਿਵ ਕੁਮਾਰ ਜਿੰਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਂ-ਬੋਲੀ ਕਿਸੇ ਵੀ ਕੌਮ ਦੀ ਪਛਾਣ ਅਤੇ ਸੱਭਿਆਚਾਰ ਦੀ ਰੂਹ ਹੁੰਦੀ ਹੈ। ਇਸ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਫ਼ਰਜ਼ ਹੈ। ਸਮਾਗਮ ਦੇ ਅੰਤ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਨੂੰ ਰੋਜ਼ਾਨਾ ਜੀਵਨ, ਬੋਲਚਾਲ ਅਤੇ ਸੋਚ ਦਾ ਹਿੱਸਾ ਬਣਾਉਣ ਦਾ ਸੁਨੇਹਾ ਦਿੰਦਿਆਂ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ ਬੱਚੇ ਅਤੇ ਬੱਚਿਆਂ ਦੇ ਮਾਪੇ ਬਹੁ ਗਿਣਤੀ ਵਿੱਚ ਮੌਜੂਦ ਸਨ।