ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤਣ ਵਾਲੇ ਉਮੀਦਵਾਰ ਕਰ ਜਾਂਦੇ ਰਹੇ ਨੇ ਦਲ ਬਦਲੀ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤਣ ਵਾਲੇ ਉਮੀਦਵਾਰ ਕਰ ਜਾਂਦੇ ਰਹੇ ਨੇ ਦਲ ਬਦਲੀ
Publish Date: Wed, 23 Sep 2026 04:17 PM (IST)
Updated Date: Wed, 23 Sep 2026 04:18 PM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟਫੱਤਾ ਜਿਉਂ-ਜਿਉਂ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ। ਤਿਉਂ-ਤਿਉਂ ਸਾਰੇ ਹੀ ਵਿਧਾਨ ਸਭਾਈ ਹਲਕਿਆਂ ਵਿਚ ਸਿਆਸੀ ਸਰਗਰਮੀਆਂ ਦੀ ਹਲਚਲ ਤੇਜ਼ ਹੋ ਰਹੀ ਹੈ। ਹਾਕਮ ਧਿਰ ਲਈ ਮੁਲਾਜ਼ਮ ਜਥੇਬੰਦੀਆਂ ਤੇ ਕੱਚੇ ਕਰਮਚਾਰੀ ਵੀ ਸਿਰਦਰਦੀ ਬਣ ਰਹੇ ਹਨ। ਵਿਰੋਧੀ ਧਿਰਾਂ ਵੀ ‘ਮੁਰਦਾਬਾਦ’ ਕਹਿਣ ਦੇ ਬਹਾਨੇ ਭਾਲ ਰਹੀਆਂ ਹਨ। ਹਰ ਹਲਕੇ ਦੀਆਂ ਆਪਣੀਆਂ ਹੀ ਨਿੱਜੀ ਗਰਜਾਂ ਸਿਰ ਚੁੱਕ ਰਹੀਆਂ ਹਨ। ਬਠਿੰਡਾ ਦਿਹਾਤੀ ਹਲਕੇ ਵਿਚ ਵੀ ਸਿਆਸੀ ਸਰਗਰਮੀਆਂ ਦਮ ਭਰਨ ਲੱਗੀਆਂ ਹਨ। ਇਸ ਹਲਕੇ ਦੀ ਵਿਸ਼ੇਸ਼ਤਾ ਰਹੀ ਹੈ ਕਿ ਇਥੋਂ ਜਿੱਤ ਕੇ ਐਮਐਲਏ ਬਣਨ ਵਾਲੇ ਉਮੀਦਵਾਰ ਦਲਬਦਲੀ ਦਾ ਕਾਫੀ ਸ਼ਿਕਾਰ ਰਹੇ ਹਨ। ਉਮੀਦਵਾਰਾਂ ਵੱਲੋਂ ਪਾਲ਼ਾ ਬਦਲਣ ਕਰਕੇ ਰਾਜਨੀਤਕ ਪਾਰਟੀਆਂ ਵੱਲੋਂ ਵੀ ਨਵਾਂ ਚਿਹਰਾ ਲਿਆਉਣਾ ਉਨ੍ਹਾਂ ਦੀ ਮਜਬੂਰੀ ਬਣਦੀ ਰਹੀ ਹੈ। ‘ਮਿਸ਼ਨ-27’ ਲਈ ਵੱਖ-ਵੱਖ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਨੇ ਇਸ ਹਲਕੇ ਵਿੱਚ ਆਪੋ-ਆਪਣੀ ਸਰਗਰਮੀ ਵਧਾ ਦਿੱਤੀ ਹੈ। ਕਿਸੇ ਸਮੇਂ ਇਹ ਹਲਕਾ ਸ੍ਰੋਮਣੀ ਅਕਾਲੀ ਦਲ ਦੀ ਨਿੱਜੀ ਜਾਗੀਰ ਵੱਜੋਂ ਜਾਣਿਆ ਜਾਂਦਾ ਸੀ। ਭਾਵੇ ਉਦੋਂ ਇਸ ਹਲਕੇ ਦਾ ਨਾਂ ਪੱਕਾ ਕਲਾਂ (ਰਿਜ਼ਰਵ) ਹੁੰਦਾ ਸੀ। ਬਾਅਦ ਵਿਚ ਥੋੜੀ ਬਹੁਤੀ ਰੱਦੋਬਦਲ ਨਾਲ ਇਸ ਹਲਕੇ ਦਾ ਨਾਂ ਬਦਲ ਕੇ ਬਠਿੰਡਾ ਦਿਹਾਤੀ (ਰਿਜ਼ਰਵ) ਕਰ ਦਿੱਤਾ। ਹੁਣ ਇਸ ਹਲਕੇ ਦੇ ਸਮੀਕਰਣ ਪਹਿਲਾਂ ਨਾਲੋਂ ਕਾਫੀ ਬਦਲ ਚੁੱਕੇ ਹਨ। ਹੁਣ ਇਹ ਹਲਕਾ ਕਿਸੇ ਇਕ ਪਾਰਟੀ ਦੇ ਪੱਲੇ ਨਾਲ ਬੱਝਦਾ ਨਜ਼ਰ ਨਹੀਂ ਆ ਰਿਹਾ ਹੈ। ਹੁਣ ਇਹ ਹਲਕਾ ਪਾਰਟੀ ਤੋਂ ਬਿਨ੍ਹਾਂ ਉਮੀਦਵਾਰ ਦਾ ਚਿਹਰਾ ਵੀ ਦੇਖਦਾ ਹੈ। ਉਸ ਉਮੀਦਵਾਰ ਦੇ ਇਤਿਹਾਸਕ ਪਿਛੋਕੜ ਦੀ ਚੀਰਫਾੜ ਵੀ ਕਰਦਾ ਹੈ। ਆਮ ਆਦਮੀ ਪਾਰਟੀ ਵਲੋਂ ਇਸ ਵਾਰ ਅਮਿਤ ਰਤਨ ਐਮਐਲਏ ਹਨ। ਪਰੰਤੂ ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਗੋਪਾਲ ਸਿੰਘ ਕੋਟਫੱਤਾ (ਰਿਟਾਇਰਡ ਐਸਡੀਐਮ.) ਨੂੰ ਵੀ ਥਾਪੜਾ ਦਿੱਤਾ ਗਿਆ ਹੈ। ਚਰਚਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਗੋਪਾਲ ਸਿੰਘ ਕੋਟਫੱਤਾ ਦੀ ਉਮੀਦਵਾਰੀ ਦਾ ਹੱਕ ਲੱਗਭੱਗ ਤਹਿ ਹੀ ਹੈ। ਗੋਪਾਲ ਸਿੰਘ ਕੋਟਫੱਤਾ ਆਮ ਆਦਮੀ ਪਾਰਟੀ ਲਈ ਕਾਫੀ ਕੱਦਾਵਰ ਉਮੀਦਵਾਰ ਸਾਬਤ ਹੋ ਸਕਦਾ ਹੈ। ਕਿਉਂਕਿ ਪ੍ਰਸ਼ਾਸ਼ਨਿਕ ਅਧਿਕਾਰੀ ਹੁੰਦਿਆਂ ਵੀ ਉਸਨੇ ਅਕਸ ਬਹੁਤ ਸਾਫ ਸੁਥਰਾ ਰਿਹਾ ਹੈ। ਉਂਝ ਬਠਿੰਡਾ ਦਿਹਾਤੀ ਤੋਂ ਹਰਚਰਨ ਸਿੰਘ ਥੇੜ੍ਹੀ ਵੀ ਆਮ ਆਦਮੀ ਦੀ ਟਿਕਟ ਦੇ ਦਾਅਵੇਦਾਰ ਹਨ। ਉਨ੍ਹਾਂ ਵੱਲੋਂ ਵੀ ਇਸ ਹਲਕੇ ਵਿੱਚ ਆਪਣੀ ਸਰਗਰਮੀ ਵਧਾਈ ਹੋਈ ਹੈ। ਉਸਨੇ 2022 ਦੀਆਂ ਚੋਣਾਂ ਸਮੇਂ ਵੀ ਅਪਣੀ ਦਾਅਵੇਦਾਰੀ ਜਿਤਾਈ ਸੀ। ਇਸ ਤੋਂ ਇਲਾਵਾ ਜਸਵਿੰਦਰ ਸਿੰਘ ਛਿੰਦਾ ਵੀ ਟਿਕਟ ਲੈਣ ਵਾਲਿਆਂ ਦੀ ਕਤਾਰ ਵਿਚ ਹਨ। ਇਸ ਤੋ ਇਲਾਵਾ ਆਮ ਆਦਮੀ ਪਾਰਟੀ ਟਿਕਟ ਦੀ ਦਾਵੇਦਾਰ ਹਰਜਿੰਦਰ ਕੌਰ ਰਾਏ ਹਨ। ਸ੍ਰੋਮਣੀ ਅਕਾਲੀਦਲ ਵੱਲੋਂ ਰਾਜਵੰਤ ਸਿੰਘ ਕੋਟ ਭਾਰਾ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਵਰਨ ਸਿੰਘ ਪੂਹਲੀ, ਬੀਬੀ ਚਰਨਜੀਤ ਕੌਰ ਬਰਾੜ ਅਤੇ ਜਗਦੀਪ ਸਿੰਘ ਗਹਿਰੀ ਵੀ ਟਿਕਟ ਦੇ ਦਾਅਵੇਦਾਰ ਹਨ। ਪਰੰਤੂ ਅਕਾਲੀ ਦਲ ਅਜੇ ਭਾਜਪਾ ਦੇ ਮੂੰਹ ਵੱਲ ਦੇਖ ਰਿਹਾ ਹੈ। ਹੁਣ ਦੇਖਣਾ ਹੈ ਕਿ ਗੱਠਜੋੜ ਵਾਲੇ ਉਠ ਦਾ ਬੁੱਲ ਕਦੋਂ ਡਿੱਗਦਾ ਹੈ। ਭਾਜਪਾ ਦੇ ਸੰਭਾਵੀ ਉਮੀਦਵਾਰ ਵਜੋਂ ਹੁਣੇ-ਹੁਣੇ ਪਾਰਟੀ ਵਿੱਚ ਆਏ ਦਰਸ਼ਨ ਸਿੰਘ ਕੋਟਫੱਤਾ ਦੇ ਨਾਂ ਦੀ ਇਸ ਹਲਕੇ ਵਿਚ ਕਾਫੀ ਚਰਚਾ ਹੈ। ਹੋ ਸਕਦੈ ਸ੍ਰੋਮਣੀ ਅਕਾਲੀ ਦਲ ਨੇ ਵੀ ਭਾਜਪਾ ਨਾਲ ਗੱਠਜੋੜ ਦੀ ਝਾਕ ਵਿੱਚ ਕਿਸੇ ਉਮੀਦਵਾਰ ਨੂੰ ਸਰਗਰਮੀ ਲਈ ਨਾ ਕਿਹਾ ਹੋਵੇ। ਗੱਠਜੋੜ ਹੋਣ ਦੀ ਸੂਰਤ ਵਿਚ ਜੇਕਰ ਇਹ ਸੀਟ ਭਾਜਪਾ ਦੇ ਹਿੱਸੇ ਆਉਂਦੀ ਹੈ ਤਾਂ ਦਰਸ਼ਨ ਸਿੰਘ ਕੋਟਫੱਤਾ ਹੀ ਇਸ ਗੱਠਜੋੜ ਦੇ ਸਾਂਝੇ ਉਮੀਦਾਵਰ ਹੋ ਸਕਦੇ ਹਨ। ਜੇਕਰ ਅਮਿਤ ਰਤਨ ਵੀ ਕਿਸੇ ਹੋਰ ਪਾਰਟੀ ਵੱਲ ਪਲਟੀ ਮਾਰ ਕੇ ਟਿਕਟ ਪ੍ਰਾਪਤ ਕਰਨ ਵਿਚ ਸਫਲ ਹੋ ਜਾਂਦੇ ਹਨ ਤਾਂ ਕੋਟਫੱਤਾ ਨਗਰ ਨੂੰ ਐਮਐਲਏਜ਼. ਦੀ ਨਰਸਰੀ ਕਹਿਣਾ ਵੀ ਕੋਈ ਅੱਤਕਥਨੀ ਨਹੀਂ ਹੋਵੇਗਾ। ਫਿਰ ਤਿੰਨਾਂ ਹੀ ਨਾਵਾਂ ਦੇ ਸਰਨੇਮ ‘ਕੋਟਫੱਤਾ’ ਹੋਣ ਕਰਕੇ ਸਿਆਸੀ ਹਲਕਿਆਂ ਵਿੱਚ ਕਾਫੀ ਰੌਚਿਕਤਾ ਬਣਨ ਦੀ ਸੰਭਾਵਨਾ ਹੈ। ਕਾਂਗਰਸ ਦੇ ਦਾਅਵੇਦਾਰ ਵਜੋਂ ਮੈਡਮ ਪ੍ਰੋ. ਰੁਪਿੰਦਰ ਕੌਰ ਰੂਬੀ ਵੀ ਸਰਗਰਮੀ ਦਿਖਾ ਰਹੀ ਹੈ। ਰੂਬੀ ਪਹਿਲਾਂ ਵੀ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਐਮਐਲਏ. ਰਹਿ ਚੁੱਕੀ ਹੈ। ਬਾਅਦ ਵਿੱਚ ਉਸਨੇ ਕਾਂਗਰਸ ਜੁਆਇੰਨ ਕਰ ਲਈ ਸੀ। ਇਸ ਤੋਂ ਇਲਾਵਾ.ਗੁਰਜੰਟ ਸਿੰਘ ਕੁੱਤੀਵਾਲ, ਬਲਵੰਤ ਨਾਥ ਰਾਏ, ਕਿਰਨਜੀਤ ਸਿੰਘ ਗਹਿਰੀ,ਡਾ. ਜੀਵਨਜੋਤ ਕੌਰ ਭੱਟੀ ਅਤੇ ਗੁਰਮੀਤ ਸਿੰਘ ਸੰਧੂ , ਅਵਤਾਰ ਸਿੰਘ ਮਾਨ ਵੀ ਟਿਕਟ ਪ੍ਰਾਪਤੀ ਲਈ ਜਦੋਜਹਿਦ ਕਰ ਰਹੇ ਹਨ। ‘ਵਾਰਿਸ ਪੰਜਾਬ ਦੇ’ ਪਾਰਟੀ ਵੱਲੋਂ ਇਸ ਹਲਕੇ ਵਿੱਚ ਮੀਟਿੰਗਾਂ ਵੀ ਕੀਤੀਆਂ ਜਾ ਚੁੱਕੀਆਂ ਹਨ। ਸਿੱਖਾਂ ਦੀ ਕੱਟੜ ਵੋਟ ਇਸ ਪਾਰਟੀ ਦੀ ਹਿਮਾਇਤੀ ਹੈ। ਅਮ੍ਰਿਤਪਾਲ ਸਿੰਘ ਖਾਲਾਸਾ ਨੂੰ ਜੇਲ੍ਹ ਵਿੱਚ ਸੁੱਟਣ ਦੀ ਘਟਨਾ ਇਸ ਪਾਰਟੀ ਨੂੰ ਹਮਦਰਦੀ ਦੇ ਝੂਟੇ ਦੇ ਰਹੀ ਹੈ। ਸਿੱਖਾਂ ਦੀ ਜਿਆਦਾ ਵੋਟ ਸ੍ਰੋਮਣੀ ਅਕਾਲੀ ਦਲ ਨਾਲੋਂ ਟੁੱਟ ਕੇ ਜਾਂ ਤਾਂ ਪੁਨਰ ਸੁਰਜੀਤ ਅਕਾਲੀ ਦਲ ਵੱਲ ਚਲੀ ਗਈ ਤੇ ਕੁਝ ਵੋਟ ਵਾਰਿਸ ਪੰਜਾਬ ਦੇ ਹੱਕ ਵਿਚ ਜਾ ਖੜੀ। ਵਾਰਿਸ ਪੰਜਾਬ ਦੇ ਸੰਭਾਵੀ ਉਮੀਦਵਾਰ ਵਜੋਂ ਸ. ਹਰਮੰਦਰ ਸਿੰਘ ਗੁਲਾਬਗੜ੍ਹ ਦਾ ਨਾਂ ਸਾਹਮਣੇ ਆ ਰਿਹਾ ਹੈ। ਬੇਸ਼ੱਕ ਇਨ੍ਹਾਂ ਦੋਹਾਂ ਪਾਰਟੀਆਂ ਦਾ ਹੇਠਲੇ ਪੱਧਰ ਤੇ ਕੋਈ ਬਹੁਤਾ ਵਰਕਰ ਆਧਾਰ ਨਹੀਂ ਹੈ। ਪਰੰਤੂ ਫਿਰ ਵੀ ਇਹ ਦੋਵੇਂ ਪਾਰਟੀਆਂ ਅੱਜ ਦੀ ਘੜੀ ਵੋਟ ਸਮੀਕਰਣ ਨੂੰ ਜ਼ਰੂਰ ਪ੍ਰਭਾਵਿਤ ਕਰਨਗੀਆਂ। ਅਜੇ ਵੋਟਾਂ ਦਾ ਐਲਾਨ ਨਹੀਂ ਹੋਇਆ ਹੈ ਵੋਟ ਬੈਂਕ ਦੀ ਟੁੱਟ ਭੱਜ ਵੀ ਹੋਵੇਗੀ। ਅਜੇ ਦਲਿਤ ਵੋਟ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਦਲਿਤ ਵੋਟ ਦਾ ਰੁੱਖ ਕਿਸ ਪਾਸੇ ਹੋਵੇਗਾ ਇਹ ਤਾਂ ਆੳਣੁ ਵਾਲਾ ਸਮਾਂ ਹੀ ਦੱਸੇਗਾ। ਬਹੁਜਨ ਸਮਾਜ ਪਾਰਟੀ ਅਜੇ ਸਰਗਰਮ ਨਹੀਂ ਹੋਈ ਹੈ।