ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਹਾਕੀ ਅੰਡਰ-14 ਲੜਕੀਆਂ ਅਤੇ ਸਾਫਟਬਾਲ ਅੰਡਰ-14 ਲੜਕਿਆਂ ਦੇ ਮੁਕਾਬਲੇ ਸ਼ੁਰੂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਹਾਕੀ ਅੰਡਰ-14 ਲੜਕੀਆਂ ਅਤੇ ਸਾਫਟਬਾਲ ਅੰਡਰ-14 ਲੜਕਿਆਂ ਦੇ ਮੁਕਾਬਲੇ ਸ਼ੁਰੂ
Publish Date: Tue, 22 Sep 2026 06:32 PM (IST)
Updated Date: Tue, 22 Sep 2026 06:33 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸਿ.) ਬਠਿੰਡਾ ਮੈਡਮ ਮਮਤਾ ਖੁਰਾਣਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸਿ.) ਚਮਕੌਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੀ ਅਗਵਾਈ ਹੇਠ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਹਾਕੀ ਅੰਡਰ-14 ਲੜਕੀਆਂ ਦੇ ਮੁਕਾਬਲੇ ਹਾਕੀ ਟਰਫ ਬਠਿੰਡਾ ਵਿਖੇ ਅਤੇ ਸਾਫਟਬਾਲ ਅੰਡਰ-14 ਲੜਕਿਆਂ ਦੇ ਮੁਕਾਬਲੇ ਸੇਂਟ ਜੇਵੀਅਰ ਕਾਨਵੈਂਟ ਸਕੂਲ ਬਠਿੰਡਾ ਵਿਖੇ ਸ਼ੁਰੂ ਹੋਏ। ਖੇਡਾਂ ਦਾ ਆਗਾਜ਼ ਕਰਵਾਉਣ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਮਤਾ ਖੁਰਾਣਾ ਸੇਠੀ ਵਿਸ਼ੇਸ਼ ਤੌਰ ’ਤੇ ਹਾਕੀ ਟਰਫ ਬਠਿੰਡਾ ਵਿਖੇ ਪਹੁੰਚੇ ਅਤੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ, ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਜਗਦੀਸ਼ ਕੁਮਾਰ ਅਤੇ ਨੋਡਲ ਅਫ਼ਸਰ ਪ੍ਰਿੰਸੀਪਲ ਆਸੂ ਸਿੰਘ ਵੱਲੋਂ ਬੁੱਕੇ ਦੇ ਕੇ ਮੁੱਖ ਮਹਿਮਾਨ ਮੈਡਮ ਮਮਤਾ ਖੁਰਾਣਾ ਸੇਠੀ ਜੀ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਮਤਾ ਖੁਰਾਣਾ ਸੇਠੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਕੀ ਸਾਡੇ ਦੇਸ਼ ਦੀ ਮਾਣਮੱਤੀ ਖੇਡ ਹੈ ਅਤੇ ਪੰਜਾਬ ਦਾ ਹਾਕੀ ਨਾਲ ਬਹੁਤ ਪੁਰਾਣਾ ਤੇ ਗੂੜ੍ਹਾ ਨਾਤਾ ਹੈ। ਖੇਡਾਂ ਸਿਰਫ਼ ਜਿੱਤ-ਹਾਰ ਤੱਕ ਸੀਮਤ ਨਹੀਂ ਹੁੰਦੀਆਂ, ਸਗੋਂ ਇਹ ਬੱਚਿਆਂ ਵਿੱਚ ਅਨੁਸ਼ਾਸਨ, ਮਿਹਨਤ, ਟੀਮ ਭਾਵਨਾ ਅਤੇ ਇਕ-ਦੂਜੇ ਦਾ ਸਾਥ ਦੇਣ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਮੈਦਾਨ ਵਿੱਚ ਪੂਰੇ ਜੋਸ਼ ਅਤੇ ਖੇਡ ਭਾਵਨਾ ਨਾਲ ਖੇਡਣ, ਆਪਣੇ ਕੋਚਾਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਜਿੱਤ-ਹਾਰ ਨੂੰ ਇੱਕੋ ਜਿਹੀ ਭਾਵਨਾ ਨਾਲ ਸਵੀਕਾਰ ਕਰਨ। ਉਨ੍ਹਾਂ ਕਿਹਾ ਕਿ ਅੱਜ ਦਾ ਖਿਡਾਰੀ ਹੀ ਭਵਿੱਖ ਵਿੱਚ ਸੂਬਾਈ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੇ ਸਕੂਲ, ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਦਾ ਹੈ। ਇਸ ਲਈ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਅੰਡਰ-14 ਲੜਕੀਆਂ ਹਾਕੀ ਦੇ ਮੁਕਾਬਲਿਆਂ ਵਿੱਚ ਪੂਲ ‘ਏ’ ਵਿੱਚ ਪੀ.ਆਈ.ਐਸ. ਬਠਿੰਡਾ ਨੇ ਸੰਗਰੂਰ ਨੂੰ 3-0 ਨਾਲ ਹਰਾ ਕੇ ਜਿੱਤ ਦਰਜ ਕੀਤੀ। ਪੂਲ ‘ਐੱਫ’ ਵਿੱਚ ਪੀਆਈਐਸ. ਮੋਹਾਲੀ ਨੇ ਪਟਿਆਲਾ ਨੂੰ 7-0 ਨਾਲ ਹਰਾਇਆ। ਪੂਲ ‘ਬੀ’ ਵਿੱਚ ਲੁਧਿਆਣਾ ਨੇ ਪੀ.ਆਈ.ਐਸ. ਬਾਦਲ ਨੂੰ 5-0 ਨਾਲ ਅਤੇ ਗੁਰਦਾਸਪੁਰ ਨੇ ਮੋਗਾ ਨੂੰ 5-0 ਨਾਲ ਹਰਾਇਆ। ਪੂਲ ‘ਸੀ’ ਵਿੱਚ ਮਲੇਰਕੋਟਲਾ ਨੇ ਫਰੀਦਕੋਟ ਨੂੰ 6-0 ਨਾਲ ਹਰਾਇਆ, ਜਦਕਿ ਸ੍ਰੀ ਗੁਰੂ ਅਰਜਨ ਦੇਵ ਕੋ-ਐਡ ਤਰਨਤਾਰਨ ਨੇ ਅੰਮ੍ਰਿਤਸਰ ਨੂੰ 6-0 ਨਾਲ ਮਾਤ ਦਿੱਤੀ। ਪੂਲ ‘ਡੀ’ ਵਿੱਚ ਬਠਿੰਡਾ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 6-0 ਨਾਲ ਹਰਾਇਆ ਅਤੇ ਤਰਨਤਾਰਨ ਨੇ ਬਰਨਾਲਾ ਨੂੰ 3-2 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਇਸ ਤਰ੍ਹਾਂ ਸਾਫਟਬਾਲ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਨੇ ਬਠਿੰਡਾ ਨੂੰ 9-0 ਨਾਲ, ਲੁਧਿਆਣਾ ਨੇ ਮੋਗਾ ਨੂੰ 15-0 ਨਾਲ, ਸ੍ਰੀ ਮੁਕਤਸਰ ਸਾਹਿਬ ਨੇ ਫਾਜ਼ਿਲਕਾ ਨੂੰ 6-2 ਨਾਲ ਅਤੇ ਅੰਮ੍ਰਿਤਸਰ ਨੇ ਫਰੀਦਕੋਟ ਨੂੰ 10-0 ਨਾਲ ਹਰਾਇਆ। ਬਠਿੰਡਾ ਨੇ ਫਰੀਦਕੋਟ ਨੂੰ 8-0 ਨਾਲ ਮਾਤ ਦਿੱਤੀ, ਜਦਕਿ ਮਾਨਸਾ ਨੇ ਮੋਹਾਲੀ ਨੂੰ 15-1 ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਮੌਕੇ ਨੋਡਲ ਅਫ਼ਸਰ ਰਿਹਾਇਸ਼ ਸ੍ਰੀ ਕੁਲਵਿੰਦਰ ਸਿੰਘ ਹੈੱਡਮਾਸਟਰ, ਗਗਨਦੀਪ ਕੌਰ ਹੈੱਡਮਿਸਟ੍ਰੈਸ, ਹਰਪ੍ਰੀਤ ਕੌਰ ਹੈੱਡਮਿਸਟ੍ਰੈਸ, ਡਾ. ਨੀਤੂ ਹੈੱਡਮਿਸਟ੍ਰੈਸ, ਹਾਕੀ ਕਨਵੀਨਰ ਰਣਧੀਰ ਸਿੰਘ, ਸਾਫਟਬਾਲ ਕਨਵੀਨਰ ਸ੍ਰੀ ਕੁਲਵੀਰ ਸਿੰਘ, ਸ੍ਰੀ ਜਗਮੋਹਨ ਸਿੰਘ, ਰਹਿੰਦਰ ਸਿੰਘ, ਸਤਵੀਰ ਸਿੰਘ, ਰੇਸ਼ਮ ਸਿੰਘ, ਸੁਖਜਿੰਦਰਪਾਲ ਕੌਰ ਸੁੱਖੀ, ਹਰਪਾਲ ਕੌਰ ਅਤੇ ਹਰਭਗਵਾਨ ਦਾਸ ਆਦਿ ਹਾਜ਼ਰ ਸਨ।