ਤਾਰਾ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਲਾਇਆ ਇਕ ਰੋਜ਼ਾ ਵਿਦਿਅਕ ਟੂਰ ਤਾਰਾ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਲਾਇਆ ਇਕ ਰੋਜ਼ਾ ਵਿਦਿਅਕ ਟੂਰ
Publish Date: Tue, 22 Sep 2026 03:54 PM (IST)
Updated Date: Tue, 22 Sep 2026 03:57 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਸਕੂਲ ਤਾਰਾ ਕਾਨਵੈਂਟ ਸਕੂਲ ਵੱਲੋਂ ਵਿਦਿਆਰਥੀਆਂ ਲਈ ਇਕ ਰੋਜ਼ਾ ਵਿਦਿਅਕ ਟੂਰ ਲਗਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਧਾਰਮਿਕ ਅਤੇ ਵਿਗਿਆਨਕ ਸਥਾਨਾਂ ਦਾ ਦੌਰਾ ਕਰਦਿਆਂ ਗਿਆਨ ਹਾਸਲ ਕਰਨ ਦੇ ਨਾਲ-ਨਾਲ ਖੂਬ ਆਨੰਦ ਮਾਣਿਆ। 19 ਸਤੰਬਰ ਨੂੰ ਸਵੇਰੇ ਕਰੀਬ 5 ਵਜੇ ਸਕੂਲ ਦੇ ਪ੍ਰਿੰਸੀਪਲ ਬੀ. ਅਤੀ ਸ਼ੈਅਤ ਬਾਲਾ ਦੀ ਅਗਵਾਈ ਹੇਠ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਦੋ ਲਗਜ਼ਰੀ ਬੱਸਾਂ ਰਾਹੀਂ ਟੂਰ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਲਛਮਣ ਦਾਸ ਗਰਗ ਸਮੇਤ ਸਕੂਲ ਸਟਾਫ਼ ਵੀ ਮੌਜੂਦ ਸੀ। ਟੂਰ ਦੇ ਪਹਿਲੇ ਪੜਾਅ ਤਹਿਤ ਵਿਦਿਆਰਥੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਧਰਤੀ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ। ਇੱਥੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰਬਾਣੀ ਦਾ ਸਰਵਣ ਕੀਤਾ ਤੇ ਗੁਰੂ ਕਾ ਲੰਗਰ ਛਕਿਆ। ਇਸ ਦੌਰਾਨ ਵਿਦਿਆਰਥੀਆਂ ਨੇ ਗੁਰੂਘਰ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਕਰੀਬ 11 ਵਜੇ ਦੋਵੇਂ ਬੱਸਾਂ ਕਪੂਰਥਲਾ ਸਥਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਲਈ ਰਵਾਨਾ ਹੋਈਆਂ। ਸਾਇੰਸ ਸਿਟੀ ਵਿਖੇ ਵਿਦਿਆਰਥੀਆਂ ਨੇ ਵਿਗਿਆਨ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਤੇ ਪ੍ਰਦਰਸ਼ਨੀਆਂ ਦਾ ਅਧਿਐਨ ਕੀਤਾ। ਉਨ੍ਹਾਂ ਨੇ ਜਲਵਾਯੂ ਪਰਿਵਰਤਨ ’ਤੇ ਆਧਾਰਿਤ ਸ਼ੋਅ ਦੇਖਣ ਤੋਂ ਇਲਾਵਾ ਡਾਇਨੋ ਪਾਰਕ ਦਾ ਦੌਰਾ ਕੀਤਾ ਅਤੇ ਲੁਪਤ ਹੋ ਚੁੱਕੀ ਡਾਇਨਾਸੋਰ ਪ੍ਰਜਾਤੀ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਹਾਈਡਲ ਪਾਵਰ ਸੈਂਟਰ, ਲਾਈਫ਼ ਥ੍ਰੂ ਦ ਏਜਿਜ਼ ਮਿਊਜ਼ੀਅਮ ਅਤੇ ਸਪੇਸ ਨਾਲ ਸਬੰਧਤ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਵੀਡੀਓ ਰਾਹੀਂ ਪੁਲਾੜ ਦੀਆਂ ਗੁੰਝਲਦਾਰ ਜਾਣਕਾਰੀਆਂ ਹਾਸਲ ਕੀਤੀਆਂ ਅਤੇ ਸਪੇਸ ਥੀਏਟਰ ਦਾ ਵੀ ਆਨੰਦ ਮਾਣਿਆ। ਲੇਜ਼ਰ ਸ਼ੋਅ ਨੇ ਵਿਦਿਆਰਥੀਆਂ ਵਿੱਚ ਵਿਸ਼ੇਸ਼ ਉਤਸ਼ਾਹ ਪੈਦਾ ਕੀਤਾ। ਰਾਤ ਕਰੀਬ 10 ਵਜੇ ਵਿਦਿਆਰਥੀਆਂ ਦੀ ਸਕੂਲ ਵਾਪਸੀ ਹੋਈ। ਆਪਣੇ ਬੱਚਿਆਂ ਨੂੰ ਲੈਣ ਪਹੁੰਚੇ ਮਾਪਿਆਂ ਨੇ ਸਕੂਲ ਮੈਨੇਜਮੈਂਟ ਦਾ ਧੰਨਵਾਦ ਕੀਤਾ।