ਰੇਹੜੀ ਵਾਲਿਆਂ ਤੋਂ 70 ਰੁਪਏ ਵਸੂਲੀ ਦਾ ਨਹੀਂ ਹੈ ਕੋਈ ਨਿਯਮ, ਰੇਹੜੀ ਦਾ ਰੋਜ਼ਾਨਾ ਚਾਰਜ 50 ਰੁਪਏ ਹੈ ਲਾਗੂ ਰੇਹੜੀ ਵਾਲਿਆਂ ਤੋਂ 70 ਰੁਪਏ ਵਸੂਲੀ ਦਾ ਨਹੀਂ ਹੈ ਕੋਈ ਨਿਯਮ, ਰੇਹੜੀ ਦਾ ਰੋਜ਼ਾਨਾ ਚਾਰਜ 50 ਰੁਪਏ ਹੈ ਲਾਗੂ
Publish Date: Sat, 19 Sep 2026 04:47 PM (IST)
Updated Date: Sat, 19 Sep 2026 04:50 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ ਦੀ ਥੋਕ ਅਤੇ ਰਿਟੇਲ ਫਲ-ਸਬਜ਼ੀ ਮੰਡੀ ਤੋਂ ਇਲਾਵਾ ਸੜਕਾਂ ’ਤੇ ਲੱਗਣ ਵਾਲੀਆਂ ਰੇਹੜੀਆਂ ਤੋਂ ਵਸੂਲੇ ਜਾਂਦੇ ਯੂਜ਼ਰ ਚਾਰਜ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਆਰਟੀਆਈ ਐਕਟਿਵਿਸਟ ਅਤੇ ‘ਗ੍ਰਾਹਕ ਜਾਗੋ’ ਦੇ ਸਕੱਤਰ ਸੰਜੀਵ ਗੋਇਲ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਕੀਤੀ ਜਾਣਕਾਰੀ ਦੇ ਆਧਾਰ ’ਤੇ ਦਾਅਵਾ ਕੀਤਾ ਗਿਆ ਹੈ ਕਿ ਮਾਰਕੀਟ ਕਮੇਟੀ ਬਠਿੰਡਾ ਵੱਲੋਂ ਮੌਜੂਦਾ ਵਿੱਤੀ ਸਾਲ ਲਈ ਜਾਰੀ ਕੀਤੀ ਰੇਟ ਲਿਸਟ ਵਿੱਚ ਰੇਹੜੀ ਲਈ 50 ਰੁਪਏ ਪ੍ਰਤੀ ਦਿਨ ਦਾ ਚਾਰਜ ਨਿਰਧਾਰਤ ਹੈ, ਜਦਕਿ 70 ਰੁਪਏ ਪ੍ਰਤੀ ਰੇਹੜੀ ਵਸੂਲਣ ਦਾ ਕੋਈ ਰੇਟ ਦਰਜ ਨਹੀਂ ਹੈ। ਇਸ ਮਾਮਲੇ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਸੰਜੀਵ ਗੋਇਲ ਨੇ ਕਿਹਾ ਕਿ ਜੇਕਰ ਕਿਸੇ ਰੇਹੜੀ ਵਾਲੇ ਤੋਂ ਨਿਰਧਾਰਤ ਰੇਟ ਤੋਂ ਵੱਧ ਰਕਮ ਵਸੂਲੀ ਜਾ ਰਹੀ ਹੈ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਆਰਟੀਆਈ ਰਾਹੀਂ ਮਿਲੀ ਜਾਣਕਾਰੀ ’ਚ ਕੀ ਸਾਹਮਣੇ ਆਇਆ? ਸੰਜੀਵ ਗੋਇਲ ਅਨੁਸਾਰ ਉਨ੍ਹਾਂ ਵੱਲੋਂ ਪੰਜਾਬ ਮੰਡੀ ਬੋਰਡ ਅਤੇ ਮਾਰਕੀਟ ਕਮੇਟੀ ਬਠਿੰਡਾ ਅਧੀਨ ਸਬਜ਼ੀ ਅਤੇ ਫਲ ਮੰਡੀ, ਰਿਟੇਲ ਮੰਡੀ ਅਤੇ ਦਾਣਾ ਮੰਡੀ ਵਿੱਚ ਯੂਜ਼ਰ ਚਾਰਜ ਵਸੂਲਣ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀ ਵਿਕਰੀ ਨਾਲ ਸਬੰਧਤ ਠੇਕੇ ਬਾਰੇ ਜਾਣਕਾਰੀ ਮੰਗੀ ਗਈ ਸੀ। ਦਸਤਾਵੇਜ਼ਾਂ ਦੀ ਬਣਦੀ ਫੀਸ ਜਮ੍ਹਾਂ ਕਰਵਾਉਣ ਤੋਂ ਬਾਅਦ ਦਫ਼ਤਰ ਜ਼ਿਲ੍ਹਾ ਮੰਡੀ ਅਫ਼ਸਰ ਬਠਿੰਡਾ ਵੱਲੋਂ ਪੱਤਰ ਨੰਬਰ 003226 ਮਿਤੀ 31 ਅਗਸਤ 2026 ਰਾਹੀਂ ਜਾਣਕਾਰੀ ਮੁਹੱਈਆ ਕਰਵਾਈ ਗਈ। ਆਰਟੀਆਈ ਵਿੱਚ ਮਿਲੀ ਜਾਣਕਾਰੀ ਅਨੁਸਾਰ ਵਿੱਤੀ ਸਾਲ 2026-27 ਲਈ ਸਬਜ਼ੀ ਅਤੇ ਫਲ ਮੰਡੀ, ਰਿਟੇਲ ਮੰਡੀ ਅਤੇ ਦਾਣਾ ਮੰਡੀ ਵਿੱਚ ਯੂਜ਼ਰ ਚਾਰਜ ਵਸੂਲਣ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀ ਵਿਕਰੀ ਸਬੰਧੀ ਠੇਕਾ ਬਠਿੰਡਾ ਦੇ ਭਾਰਤ ਨਗਰ ਵਾਸੀ ਗੌਰੀ ਸ਼ੰਕਰ ਨੂੰ ਦਿੱਤਾ ਗਿਆ ਹੈ। ਇਹ ਠੇਕਾ 1 ਅਪ੍ਰੈਲ 2026 ਤੋਂ 31 ਮਾਰਚ 2027 ਤੱਕ 12 ਮਹੀਨਿਆਂ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਠੇਕੇ ਲਈ ਮਾਰਕੀਟ ਕਮੇਟੀ ਵੱਲੋਂ ਰਿਜ਼ਰਵ ਕੀਮਤ 98,78,000 ਰੁਪਏ ਰੱਖੀ ਗਈ ਸੀ। ਟੈਂਡਰ ਪ੍ਰਕਿਰਿਆ ਵਿੱਚ ਦੋ ਬੋਲੀਦਾਤਾਵਾਂ ਵੱਲੋਂ ਟੈਂਡਰ ਭਰੇ ਗਏ। ਗੌਰੀ ਸ਼ੰਕਰ ਵੱਲੋਂ ਰਿਜ਼ਰਵ ਕੀਮਤ ਤੋਂ 3.50 ਫ਼ੀਸਦੀ ਵੱਧ, ਯਾਨੀ 1,02,23,730 ਰੁਪਏ ਦੀ ਬੋਲੀ ਦਿੱਤੀ ਗਈ, ਜਦਕਿ ਐੱਸ.ਬੀ. ਰੋਡ ਲਾਈਨਜ਼ ਵੱਲੋਂ 2 ਫ਼ੀਸਦੀ ਵਾਧੇ ਨਾਲ 1,00,75,560 ਰੁਪਏ ਦੀ ਬੋਲੀ ਦਿੱਤੀ ਗਈ। ਵੱਧ ਬੋਲੀ ਹੋਣ ਕਾਰਨ ਠੇਕਾ ਗੌਰੀ ਸ਼ੰਕਰ ਨੂੰ ਮਿਲਿਆ। ਜਾਣਕਾਰੀ ਅਨੁਸਾਰ ਮੌਜੂਦਾ ਠੇਕੇ ਅਧੀਨ ਠੇਕੇਦਾਰ ਨਾਲ ਕੰਮ ਕਰ ਰਹੇ ਅੱਠ ਕਰਮਚਾਰੀਆਂ ਦੇ ਪਛਾਣ ਪੱਤਰਾਂ ਦੀਆਂ ਕਾਪੀਆਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਰੇਹੜੀ ਦਾ ਨਿਰਧਾਰਤ ਰੇਟ 50 ਰੁਪਏ ਆਰਟੀਆਈ ਵਿੱਚ ਮਿਲੀ ਰੇਟ ਲਿਸਟ ਅਨੁਸਾਰ 1 ਅਪ੍ਰੈਲ 2026 ਤੋਂ ਅਗਲੇ 12 ਮਹੀਨਿਆਂ ਲਈ ਮੰਡੀ ਵਿੱਚ ਵੱਖ-ਵੱਖ ਵਾਹਨਾਂ ਅਤੇ ਰੇਹੜੀਆਂ ਲਈ ਜੀਐਸਟੀ ਸਮੇਤ ਚਾਰਜ ਨਿਰਧਾਰਤ ਕੀਤੇ ਗਏ ਹਨ। ਇਸ ਵਿੱਚ ਤਿੰਨ ਪਹੀਆ ਮੈਨੂਅਲ ਵਾਹਨ ਲਈ 15 ਰੁਪਏ, ਮੋਟਰ ਵਾਲੇ ਤਿੰਨ ਪਹੀਆ ਵਾਹਨ ਲਈ 20 ਰੁਪਏ, ਕਾਰ/ਜੀਪ ਲਈ 25 ਰੁਪਏ, ਗੱਡਾ ਰੇਹੜਾ ਲਈ 20 ਰੁਪਏ, ਟੈਂਪੂ ਲਈ 50 ਰੁਪਏ ਅਤੇ ਰੇਹੜੀ ਲਈ 50 ਰੁਪਏ ਪ੍ਰਤੀ ਦਿਨ ਦਾ ਰੇਟ ਦਰਜ ਹੈ। ਹੋਰ ਵਾਹਨਾਂ ਲਈ ਵੀ ਵੱਖ-ਵੱਖ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 50 ਵਰਗ ਫੁੱਟ ਤਕ ਦੇ ਰਿਟੇਲ ਪੁਆਇੰਟ ਲਈ 100 ਰੁਪਏ ਅਤੇ 50 ਵਰਗ ਫੁੱਟ ਤੋਂ ਵੱਧ ਦੇ ਰਿਟੇਲ ਪੁਆਇੰਟ ਲਈ 200 ਰੁਪਏ ਪ੍ਰਤੀ ਦਿਨ ਦਾ ਚਾਰਜ ਨਿਰਧਾਰਤ ਕੀਤਾ ਜਾਂਦਾ ਹੈ। ਆਰਟੀਆਈ ਵਿੱਚ ਮਿਲੀ ਜਾਣਕਾਰੀ ਅਨੁਸਾਰ ਇਹ ਸਾਰੇ ਰੇਟ ਜੀਐਸਟੀ ਸਮੇਤ ਹਨ। ਬਾਕਸ ਨਿਰਧਾਰਤ ਰੇਟ ਤੋਂ ਵੱਧ ਵਸੂਲੀ ’ਤੇ ਜੁਰਮਾਨੇ ਦੀ ਵਿਵਸਥਾ ਆਰਟੀਆਈ ਰਾਹੀਂ ਪ੍ਰਾਪਤ ਠੇਕੇ ਦੀਆਂ ਸ਼ਰਤਾਂ ਅਨੁਸਾਰ ਜੇਕਰ ਠੇਕੇਦਾਰ ਨਿਰਧਾਰਤ ਰੇਟ ਤੋਂ ਵੱਧ ਰਕਮ ਵਸੂਲਦਾ ਪਾਇਆ ਜਾਂਦਾ ਹੈ ਤਾਂ ਵੱਧ ਵਸੂਲੀ ਗਈ ਰਕਮ ਤੋਂ ਇਲਾਵਾ ਠੇਕੇਦਾਰ ’ਤੇ 10 ਗੁਣਾ ਜੁਰਮਾਨਾ ਲਗਾਉਣ ਦੀ ਵਿਵਸਥਾ ਦੱਸੀ ਗਈ ਹੈ। ਦੂਜੀ ਵਾਰ ਵੀ ਨਿਰਧਾਰਤ ਰੇਟ ਤੋਂ ਵੱਧ ਵਸੂਲੀ ਸਾਹਮਣੇ ਆਉਣ ’ਤੇ ਜੁਰਮਾਨੇ ਦੀ ਰਕਮ ਦੁੱਗਣੀ ਕਰਨ ਅਤੇ ਤੀਜੀ ਵਾਰ ਅਜਿਹੀ ਉਲੰਘਣਾ ਹੋਣ ’ਤੇ ਠੇਕਾ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰਨ ਦੀ ਸ਼ਰਤ ਦਰਜ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸੰਜੀਵ ਗੋਇਲ ਦਾ ਕਹਿਣਾ ਹੈ ਕਿ ਕੁਝ ਰੇਹੜੀ ਵਾਲਿਆਂ ਵੱਲੋਂ 70 ਰੁਪਏ ਪ੍ਰਤੀ ਦਿਨ ਵਸੂਲੇ ਜਾਣ ਦੀਆਂ ਸ਼ਿਕਾਇਤਾਂ ਜਾਂ ਗੱਲਾਂ ਸਾਹਮਣੇ ਆ ਰਹੀਆਂ ਹਨ, ਜਦਕਿ ਆਰਟੀਆਈ ਵਿੱਚ ਮਿਲੀ ਰੇਟ ਲਿਸਟ ਵਿੱਚ ਰੇਹੜੀ ਲਈ 50 ਰੁਪਏ ਪ੍ਰਤੀ ਦਿਨ ਦਾ ਹੀ ਰੇਟ ਦਰਜ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ 70 ਰੁਪਏ ਦੀ ਵਸੂਲੀ ਹੋ ਰਹੀ ਹੈ ਤਾਂ ਇਸ ਦੀ ਪੂਰੀ ਜਾਂਚ ਕਰਵਾਈ ਜਾਵੇ ਅਤੇ ਨਿਯਮਾਂ ਅਨੁਸਾਰ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਬਾਕਸ ਵਿਜੀਲੈਂਸ ਜਾਂਚ ਦੀ ਮੰਗ ਆਰਟੀਆਈ ਐਕਟਿਵਿਸਟ ਨੇ ਦੋਸ਼ ਲਗਾਇਆ ਕਿ ਨਿਰਧਾਰਤ ਰੇਟ ਤੋਂ ਵੱਧ ਵਸੂਲੀ ਦੀਆਂ ਗੱਲਾਂ ਸਾਹਮਣੇ ਆਉਣ ਦੇ ਬਾਵਜੂਦ ਜੇਕਰ ਸਬੰਧਤ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਸੇ ਅਧਿਕਾਰੀ ਜਾਂ ਠੇਕੇਦਾਰ ’ਤੇ ਲੱਗੇ ਦੋਸ਼ਾਂ ਨੂੰ ਜਾਂਚ ਰਾਹੀਂ ਤੱਥਾਂ ਦੇ ਆਧਾਰ ’ਤੇ ਸਪਸ਼ਟ ਕਰਨ ਲਈ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਰੇਹੜੀ ਵਾਲਿਆਂ ਤੋਂ ਅਸਲ ਵਿੱਚ ਕਿੰਨੀ ਰਕਮ ਵਸੂਲੀ ਜਾ ਰਹੀ ਹੈ, ਕੀ ਹਰ ਵਸੂਲੀ ਦੀ ਰਸੀਦ ਦਿੱਤੀ ਜਾ ਰਹੀ ਹੈ ਅਤੇ ਜੇਕਰ 50 ਰੁਪਏ ਤੋਂ ਵੱਧ ਰਕਮ ਲਈ ਗਈ ਹੈ ਤਾਂ ਇਸ ਸਬੰਧੀ ਠੇਕੇ ਦੀਆਂ ਸ਼ਰਤਾਂ ਅਨੁਸਾਰ ਕੀ ਕਾਰਵਾਈ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਨਿਯਮਾਂ ਦੀ ਉਲੰਘਣਾ ਸਾਬਤ ਹੁੰਦੀ ਹੈ ਤਾਂ ਸਬੰਧਤ ਠੇਕੇਦਾਰ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਬਾਕਸ ਮਾਰਕੀਟ ਕਮੇਟੀ ਬਠਿੰਡਾ ਦੀ ਰੇਟ ਲਿਸਟ-1 ਅਪ੍ਰੈਲ 2026 ਤੋਂ 31 ਮਾਰਚ 2027 ਤਕ ਵਾਹਨ/ਸਮਾਨ ਨਿਰਧਾਰਤ ਰੇਟ ਤਿੰਨ ਪਹੀਆ ਵਾਹਨ (ਮੈਨੂਅਲ) 15 ਤਿੰਨ ਪਹੀਆ ਵਾਹਨ (ਮੋਟਰ ਵਾਲਾ) 20 ਕਾਰ/ਜੀਪ 25 ਗੱਡਾ ਰੇਹੜਾ 20 ਟੈਂਪੂ (ਹਰ ਕਿਸਮ) 50 ਕਮਰਸ਼ੀਅਲ ਟਰੈਕਟਰ-ਟਰਾਲੀ 60 ਟਾਇਰ ਟਰੱਕ 75 ਟਾਇਰ ਟਰੱਕ 100 ਟਾਇਰ ਟਰੱਕ 125 ਟਰਾਲਾ 150 ਰੇਹੜੀ 50 ਹੋਰ ਵਾਹਨ 50 ਨੋਟ: ਉਪਰੋਕਤ ਸਾਰੇ ਰੇਟ ਜੀਐੱਸਟੀ ਸਮੇਤ ਹਨ। ਰਿਟੇਲ ਪੁਆਇੰਟਾਂ ਦੇ ਰੇਟ ਕ੍ਰਮ ਰਿਟੇਲ ਪੁਆਇੰਟ ਪ੍ਰਤੀ ਦਿਨ ਰੇਟ 1 50 ਵਰਗ ਫੁੱਟ ਤੱਕ 100 2 50 ਵਰਗ ਫੁੱਟ ਤੋਂ ਵੱਧ 200 ਨੋਟ: ਰਿਟੇਲ ਪੁਆਇੰਟਾਂ ਦੇ ਇਹ ਰੇਟ ਵੀ ਜੀਐੱਸਟੀ ਸਮੇਤ ਹਨ।