ਖੇਡਾਂ ਦੇ ਸ਼ੌਕ ਤੋਂ ਸਿਆਸੀ ਸਫ਼ਰ ਤੱਕ ਪਹੁੰਚੇ ਲਖਵੀਰ ਸਿੰਘ ਮਾਨ, ਲੋਕਾਂ ਨਾਲ ਸਿੱਧਾ ਸੰਪਰਕ ਬਣਿਆ ਪਛਾਣ ਦਾ ਹਿੱਸਾ ਖੇਡਾਂ ਦੇ ਸ਼ੌਕ ਤੋਂ ਸਿਆਸੀ ਸਫ਼ਰ ਤੱਕ ਪਹੁੰਚੇ ਲਖਵੀਰ ਸਿੰਘ ਮਾਨ, ਲੋਕਾਂ ਨਾਲ ਸਿੱਧਾ ਸੰਪਰਕ ਬਣਿਆ ਪਛਾਣ ਦਾ ਹਿੱਸਾ
Publish Date: Sat, 19 Sep 2026 04:19 PM (IST)
Updated Date: Sat, 19 Sep 2026 04:20 PM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ, ਜ਼ਿਲ੍ਹਾ ਬਠਿੰਡਾ ਦੇ ਪਿੰਡ ਜੈ ਸਿੰਘ ਵਾਲਾ ਨਾਲ ਸਬੰਧਤ ਲਖਵੀਰ ਸਿੰਘ ਮਾਨ ਨੇ ਖੇਡਾਂ ਦੇ ਮੈਦਾਨ ਤੋਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਦਿਆਂ ਸਿਆਸੀ ਅਤੇ ਸਮਾਜਿਕ ਖੇਤਰ ਵਿੱਚ ਆਪਣੀ ਪਛਾਣ ਬਣਾਈ ਹੈ। 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਅਤੇ ਪਿੰਡਾਂ ਵਿੱਚ ਹੋਣ ਵਾਲੇ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਦੌਰਾਨ ਨੌਜਵਾਨਾਂ ਅਤੇ ਲੋਕਾਂ ਨਾਲ ਉਨ੍ਹਾਂ ਦਾ ਸੰਪਰਕ ਵਧਿਆ। ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਿਆਸੀ ਗਤੀਵਿਧੀਆਂ ਅਤੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਲਖਵੀਰ ਸਿੰਘ ਮਾਨ ਸਾਲ 2014 ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ। ਇਸ ਤੋਂ ਬਾਅਦ ਪਾਰਟੀ ਵੱਲੋਂ ਉਨ੍ਹਾਂ ਨੂੰ ਦਿੱਲੀ, ਗੁਜਰਾਤ ਅਤੇ ਹਰਿਆਣਾ ਸਮੇਤ ਵੱਖ-ਵੱਖ ਰਾਜਾਂ ਵਿੱਚ ਸੰਗਠਨ ਅਤੇ ਚੋਣਾਂ ਨਾਲ ਸਬੰਧਤ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਪੰਜਾਬ ਵਿੱਚ ਜ਼ਿਮਨੀ ਚੋਣਾਂ ਦੌਰਾਨ ਵੀ ਉਨ੍ਹਾਂ ਨੇ ਪਾਰਟੀ ਵੱਲੋਂ ਦਿੱਤੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਘਰ-ਘਰ ਜਾ ਕੇ ਪ੍ਰਚਾਰ ਕਰਨ ਦਾ ਦਾਅਵਾ ਕੀਤਾ। ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸਰਗਰਮੀ ਦੇ ਚੱਲਦਿਆਂ ਸਾਲ 2018 ਵਿੱਚ ਉਨ੍ਹਾਂ ਨੂੰ ਸੰਯੁਕਤ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਮਿਲੀ, ਜਦਕਿ 2020 ਵਿੱਚ ਬਲਾਕ ਸੰਗਤ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਉਹ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦੇ ਨਾਲ ਮਾਰਕੀਟ ਕਮੇਟੀ ਸੰਗਤ ਦੇ ਚੇਅਰਮੈਨ ਵਜੋਂ ਵੀ ਕੰਮ ਕਰ ਚੁੱਕੇ ਹਨ। ਲਖਵੀਰ ਸਿੰਘ ਮਾਨ ਦੇ ਸਮਰਥਕਾਂ ਮੁਤਾਬਕ ਉਨ੍ਹਾਂ ਦੀ ਪਛਾਣ ਸਿਰਫ਼ ਸਿਆਸੀ ਅਹੁਦਿਆਂ ਤੱਕ ਸੀਮਤ ਨਹੀਂ ਹੈ। ਉਹ ਆਮ ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਦੇ ਹਨ ਅਤੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਉਨ੍ਹਾਂ ਕੋਲ ਪਹੁੰਚਦੇ ਹਨ। ਕਿਸਾਨੀ ਧਰਨਿਆਂ ਦੌਰਾਨ ਜਦੋਂ ਸਿਆਸੀ ਆਗੂਆਂ ਨੂੰ ਪਿੰਡਾਂ ਵਿੱਚ ਜਾਣ ਦਾ ਵਿਰੋਧ ਹੋ ਰਿਹਾ ਸੀ, ਉਸ ਸਮੇਂ ਵੀ ਉਨ੍ਹਾਂ ਵੱਲੋਂ ਪਾਰਟੀ ਦੀਆਂ ਗਤੀਵਿਧੀਆਂ ਜਾਰੀ ਰੱਖਣ ਦਾ ਦਾਅਵਾ ਕੀਤਾ ਗਿਆ ਹੈ। ਕਰੋਨਾ ਕਾਲ ਦੌਰਾਨ ਵੀ ਉਨ੍ਹਾਂ ਨੇ ਪਾਰਟੀ ਵੱਲੋਂ ਲਗਾਈ ਡਿਊਟੀ ਤਹਿਤ ਘਰ-ਘਰ ਜਾ ਕੇ ਲੋਕਾਂ ਦੀ ਜਾਂਚ ਕਰਨ ਅਤੇ ਬਿਮਾਰੀ ਸਬੰਧੀ ਜਾਗਰੂਕ ਕਰਨ ਵਿੱਚ ਸਹਿਯੋਗ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨਾਲ ਸਿੱਧਾ ਸੰਪਰਕ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਨਾ ਹੀ ਉਨ੍ਹਾਂ ਦੀ ਸਿਆਸੀ ਸਰਗਰਮੀ ਦਾ ਮੁੱਖ ਆਧਾਰ ਹੈ।