ਸਰਕਾਰੀ ਗਊਸ਼ਾਲਾ ’ਚ ਮਾੜੇ ਪ੍ਰਬੰਧਾਂ ਦੇ ਦੋਸ਼, ਪਸ਼ੂ ਲਗਾਤਾਰ ਮਰ ਰਹੇ, ਕਈ ਮੌਤ ਨਾਲ ਜੂਝ ਰਹੇ ਝੁੰਬਾ ਦੀ ਸਰਕਾਰੀ ਗਊਸ਼ਾਲਾ ’ਚ ਮਾੜੇ ਪ੍ਰਬੰਧਾਂ ਦੇ ਦੋਸ਼, ਪਸ਼ੂ ਲਗਾਤਾਰ ਮਰ ਰਹੇ, ਕਈ ਮੌਤ ਨਾਲ ਜੂਝ ਰਹੇ
Publish Date: Thu, 17 Sep 2026 07:22 PM (IST)
Updated Date: Fri, 18 Sep 2026 04:14 AM (IST)
ਸਮਾਜ ਸੇਵੀਆਂ ਨੇ ਗਊਸ਼ਾਲਾ ਪਹੁੰਚ ਕੇ ਪ੍ਰਬੰਧਕਾਂ ਤੋਂ ਮੰਗਿਆ ਜਵਾਬ, ਪ੍ਰਬੰਧਕਾਂ ਨੇ ਕਿਹਾ ਸਰਕਾਰ ਤੋਂ ਨਹੀਂ ਮਿਲ ਰਹੀ ਸਹਾਇਤਾ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਜ਼ਿਲ੍ਹੇ ਦੇ ਪਿੰਡ ਝੁੰਬਾ ਵਿਖੇ ਸਥਿਤ ਸਰਕਾਰੀ ਗਊਸ਼ਾਲਾ ਵਿੱਚ ਪਸ਼ੂਆਂ ਦੀ ਮਾੜੀ ਹਾਲਤ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਗਊਸ਼ਾਲਾ ਵਿੱਚ ਪਸ਼ੂਆਂ ਦੇ ਲਗਾਤਾਰ ਮਰਨ ਅਤੇ ਕਈ ਪਸ਼ੂਆਂ ਦੀ ਹਾਲਤ ਗੰਭੀਰ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ। ਗਊਸ਼ਾਲਾ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੋੜੀਂਦੀ ਸਰਕਾਰੀ ਸਹਾਇਤਾ ਨਹੀਂ ਮਿਲ ਰਹੀ, ਜਦਕਿ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਪ੍ਰਤੀ ਪਸ਼ੂ ਡਾਇਟ ਮਨੀ ਦਿੱਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਵੀਰਵਾਰ ਨੂੰ ਕਈ ਸਮਾਜ ਸੇਵੀ ਅਤੇ ਆਮ ਲੋਕ ਗਊਸ਼ਾਲਾ ਵਿੱਚ ਪਹੁੰਚੇ ਤੇ ਉੱਥੋਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਗਊਸ਼ਾਲਾ ਵਿੱਚ ਪਹੁੰਚੇ ਲੋਕਾਂ ਨੇ ਪਸ਼ੂਆਂ ਦੀ ਹਾਲਤ ’ਤੇ ਚਿੰਤਾ ਜ਼ਾਹਰ ਕਰਦਿਆਂ ਪ੍ਰਬੰਧਕਾਂ ਤੋਂ ਸਵਾਲ ਕੀਤੇ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਗਊਸ਼ਾਲਾ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ ਲਈ ਸਰਕਾਰੀ ਪੱਧਰ ’ਤੇ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਫਿਰ ਇੱਥੇ ਪਸ਼ੂਆਂ ਲਈ ਲੋੜੀਂਦਾ ਚਾਰਾ, ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਕਿਉਂ ਨਹੀਂ ਹਨ। ਲੋਕਾਂ ਨੇ ਪੰਜਾਬ ਸਰਕਾਰ ਵੱਲੋਂ ਵਸੂਲੇ ਜਾਂਦੇ ਕਾਓ ਸੈੱਸ ਦਾ ਹਵਾਲਾ ਦਿੰਦਿਆਂ ਸਵਾਲ ਕੀਤਾ ਕਿ ਇਸ ਤੋਂ ਇਕੱਤਰ ਹੋਣ ਵਾਲੀ ਰਕਮ ਪਸ਼ੂਆਂ ਦੀ ਸੰਭਾਲ ਲਈ ਕਿੱਥੇ ਖਰਚ ਕੀਤੀ ਜਾ ਰਹੀ ਹੈ। ਗਊਸ਼ਾਲਾ ਦਾ ਦੌਰਾ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਕਈ ਪਸ਼ੂ ਕਮਜ਼ੋਰ ਅਤੇ ਬਿਮਾਰ ਹਾਲਤ ਵਿੱਚ ਦਿਖਾਈ ਦਿੱਤੇ। ਉਨ੍ਹਾਂ ਅਨੁਸਾਰ ਪਸ਼ੂਆਂ ਲਈ ਹਰੇ ਚਾਰੇ ਅਤੇ ਪਾਣੀ ਦੇ ਪ੍ਰਬੰਧ ਨੂੰ ਲੈ ਕੇ ਵੀ ਸਥਿਤੀ ਤਸੱਲੀਬਖਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਪਸ਼ੂਆਂ ਲਈ ਛਾਂ ਅਤੇ ਹਵਾਦਾਰੀ ਦਾ ਉਚਿਤ ਪ੍ਰਬੰਧ ਹੋਣਾ ਚਾਹੀਦਾ ਹੈ, ਪਰ ਗਊਸ਼ਾਲਾ ਵਿੱਚ ਪੱਖਿਆਂ ਦੀ ਵੀ ਘਾਟ ਨਜ਼ਰ ਆ ਰਹੀ ਹੈ। ਇੱਥੇ ਕਰੀਬ 100 ਪੱਖਿਆਂ ਦੀ ਲੋੜ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨਾਲ ਸਬੰਧਤ ਸੀਨੀਅਰ ਆਗੂ ਝੁੰਬਾ ਨੇ ਗਊਸ਼ਾਲਾ ਦੀ ਸਥਿਤੀ ’ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਦੋਸ਼ ਲਾਇਆ ਕਿ ਇੱਥੋਂ ਦੇ ਹਾਲਾਤ ਗਊਸ਼ਾਲਾ ਦੀ ਬਜਾਏ ਬੁੱਚੜਖਾਨੇ ਵਰਗੇ ਬਣ ਗਏ ਹਨ। ਉਨ੍ਹਾਂ ਕਿਹਾ ਕਿ ਪਸ਼ੂਆਂ ਲਈ ਹਰੇ ਚਾਰੇ, ਪਾਣੀ ਅਤੇ ਗਰਮੀ ਤੋਂ ਬਚਾਅ ਲਈ ਢੁਕਵੇਂ ਪ੍ਰਬੰਧ ਨਹੀਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਸ਼ੂਆਂ ਦੀ ਸਾਂਭ-ਸੰਭਾਲ ਲਈ ਆਉਣ ਵਾਲੀ ਰਕਮ ਦੀ ਵਰਤੋਂ ਅਤੇ ਗਊਸ਼ਾਲਾ ਦੇ ਪ੍ਰਬੰਧਾਂ ਦੀ ਜਾਂਚ ਕਰਵਾਈ ਜਾਵੇ। ਦੂਜੇ ਪਾਸੇ ਗਊਸ਼ਾਲਾ ਦੇ ਪ੍ਰਬੰਧਕ ਮੁਨੀਸ਼ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਤੀ ਪਸ਼ੂ 30 ਰੁਪਏ ਡਾਇਟ ਮਨੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿੱਚ ਵੱਡੀ ਗਿਣਤੀ ਵਿੱਚ ਪਸ਼ੂ ਹੋਣ ਕਾਰਨ ਉਨ੍ਹਾਂ ਦੀ ਸੰਭਾਲ ਕਰਨਾ ਇਕ ਵੱਡਾ ਕੰਮ ਹੈ ਅਤੇ ਉਪਲਬਧ ਸਰੋਤਾਂ ਦੇ ਅਨੁਸਾਰ ਪ੍ਰਬੰਧ ਕੀਤੇ ਜਾ ਰਹੇ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਗਊਸ਼ਾਲਾ ਨੂੰ ਹੋਰ ਸਰਕਾਰੀ ਸਹਾਇਤਾ ਦੀ ਲੋੜ ਹੈ ਤਾਂ ਜੋ ਪਸ਼ੂਆਂ ਲਈ ਚਾਰੇ ਅਤੇ ਹੋਰ ਜ਼ਰੂਰੀ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਸਕੇ। ਲੋਕਾਂ ਨੇ ਮੰਗ ਕੀਤੀ ਕਿ ਗਊਸ਼ਾਲਾ ਵਿੱਚ ਪਸ਼ੂਆਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਕਿਸੇ ਪੱਧਰ ’ਤੇ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਗਊਸ਼ਾਲਾ ਵਿੱਚ ਪਸ਼ੂਆਂ ਨੂੰ ਸਿਰਫ਼ ਰੱਖਣਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਲਈ ਢੁਕਵਾਂ ਖਾਣਾ, ਸਾਫ਼ ਪਾਣੀ, ਇਲਾਜ, ਛਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਡਾਕਟਰ ਹਰ ਰੋਜ਼ ਗਊਸ਼ਾਲਾ ਵਿਚ ਆ ਕੇ ਗਊਆਂ ਦਾ ਇਲਾਜ ਕਰ ਰਿਹਾ ਹੈ। ਗਊਸ਼ਾਲਾ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਉੱਠੇ ਸਵਾਲਾਂ ਤੋਂ ਬਾਅਦ ਹੁਣ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਆ ਗਿਆ ਹੈ। ਲੋਕਾਂ ਦੀ ਮੰਗ ਹੈ ਕਿ ਗਊਸ਼ਾਲਾ ਵਿੱਚ ਪਸ਼ੂਆਂ ਨੂੰ ਮਿਲ ਰਹੀਆਂ ਸਹੂਲਤਾਂ, ਸਰਕਾਰੀ ਫੰਡਾਂ ਦੀ ਵਰਤੋਂ ਅਤੇ ਪਸ਼ੂਆਂ ਦੀਆਂ ਹੋ ਰਹੀਆਂ ਮੌਤਾਂ ਦੀ ਨਿਰਪੱਖ ਜਾਂਚ ਕਰਕੇ ਸਥਿਤੀ ਨੂੰ ਸੁਧਾਰਿਆ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਕਾਓ ਸੈੱਸ ਦੀ ਵੀ ਜਾਂਚ ਕਰਵਾਈ ਜਾਵੇ ਕਿ ਇਸਦੀ ਵਰਤੋਂ ਕਿੱਥੇ ਕੀਤੀ ਜਾ ਰਹੀ ਹੈ।