ਨਸ਼ਾ ਛੁਡਾਊ ਕਮੇਟੀ ਦੇ ਪ੍ਰਧਾਨ ’ਤੇ ਹਮਲਾ, ਨਸ਼ਾ ਤਸਕਰਾਂ ਤੋਂ ਭੱਜ ਕੇ ਬਚਾਈ ਜਾਨ ਨਸ਼ਾ ਛੁਡਾਊ ਕਮੇਟੀ ਦੇ ਪ੍ਰਧਾਨ ’ਤੇ ਹਮਲਾ, ਨਸ਼ਾ ਤਸਕਰਾਂ ਤੋਂ ਭੱਜ ਕੇ ਬਚਾਈ ਜਾਨ
Publish Date: Thu, 17 Sep 2026 07:13 PM (IST)
Updated Date: Fri, 18 Sep 2026 04:12 AM (IST)
ਦੁੱਧ ਪਾਉਣ ਜਾ ਰਹੇ ਜੋਬਨਜੀਤ ਸਿੰਘ ਨੂੰ ਕੁਝ ਨੌਜਵਾਨਾਂ ਨੇ ਘੇਰਿਆ 100 ਨੰਬਰ ’ਤੇ ਕਾਲ ਦੇ ਬਾਵਜੂਦ ਪੁਲਿਸ ਨਾ ਪੁੱਜਣ ਦਾ ਦੋਸ਼ ਹਰਪ੍ਰੀਤ ਮੰਦੇਸ਼ਾ, ਪੰਜਾਬੀ ਜਾਗਰਣ ਨਥਾਣਾ : ਨੇੜਲੇ ਪਿੰਡ ਪੂਹਲਾ ਵਿਖੇ ਨਸ਼ਾ ਛੁਡਾਊ ਕਮੇਟੀ ਦੇ ਪ੍ਰਧਾਨ ਜੋਬਨਜੀਤ ਸਿੰਘ ’ਤੇ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਜੋਬਨਜੀਤ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ। ਹਮਲੇ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਨਥਾਣਾ ਵਿਖੇ ਦਾਖਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਜੋਬਨਜੀਤ ਸਿੰਘ ਨੇ ਦੱਸਿਆ ਕਿ ਉਹ ਦੇਰ ਰਾਤ ਪਿੰਡ ਪੂਹਲਾ ਤੋਂ ਖਾਲਸਾ ਡੇਅਰੀ ਵੱਲ ਦੁੱਧ ਪਾਉਣ ਲਈ ਜਾ ਰਿਹਾ ਸੀ। ਇਸ ਦੌਰਾਨ ਪਿੰਡ ਦੇ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਹਮਲਾ ਕਰ ਦਿੱਤਾ। ਉਸ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਜੋਬਨਜੀਤ ਸਿੰਘ ਨੇ ਦੋਸ਼ ਲਗਾਇਆ ਕਿ ਉਸ ਵੱਲੋਂ 100 ਨੰਬਰ ’ਤੇ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਪੁਲਿਸ ਮੌਕੇ ’ਤੇ ਨਹੀਂ ਪੁੱਜੀ। ਇਸ ਤੋਂ ਬਾਅਦ ਉਸ ਨੇ ਖੁਦ ਥਾਣਾ ਨਥਾਣਾ ਪਹੁੰਚ ਕੇ ਰਿਪੋਰਟ ਦਰਜ ਕਰਵਾਈ। ਉਕਤ ਨੌਜਵਾਨ ਨੇ ਦੱਸਿਆ ਕਿ ਪਿੰਡ ਵਿੱਚ ਨਸ਼ਿਆਂ ਖ਼ਿਲਾਫ਼ ਕਮੇਟੀ ਬਣਾਈ ਗਈ ਹੈ ਅਤੇ ਕਮੇਟੀ ਵੱਲੋਂ ਨਸ਼ਾ ਵੇਚਣ ਵਾਲਿਆਂ ਨੂੰ ਤਾੜਨਾ ਕੀਤੀ ਜਾਂਦੀ ਹੈ। ਉਸ ਨੇ ਦੋਸ਼ ਲਗਾਇਆ ਕਿ ਇਸੇ ਰੰਜਿਸ਼ ਦੇ ਚੱਲਦਿਆਂ ਉਸ ’ਤੇ ਹਮਲਾ ਕੀਤਾ ਗਿਆ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਹਮਲਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮਾਮਲੇ ਸਬੰਧੀ ਥਾਣਾ ਨਥਾਣਾ ਦੇ ਉੱਚ ਅਧਿਕਾਰੀਆਂ ਵੱਲੋਂ ਜੋਬਨਜੀਤ ਸਿੰਘ ਨੂੰ ਭਰੋਸਾ ਦਿੱਤਾ ਗਿਆ ਕਿ ਹਮਲਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਮਾਮਲੇ ਦੇ ਤੱਥਾਂ ਅਤੇ ਹਮਲੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜਖਮੀ ਹੋਏ ਨੌਜਵਾਨ ਨੇ ਕੁੱਝ ਦਿਨ ਪਹਿਲਾਂ ਜਿੱਥੇ ਪਿੰਡ ਅੰਦਰ ਵਿਕਦੇ ਨਸ਼ਿਆਂ ਦਾ ਮੁੱਦਾ ਚੁੱਕਿਆ ਸੀ, ਉਥੇ ਹੀ ਉਸਨੇ ਚਿੱਟਾ ਰੋਕੂੂ ਕਮੇਟੀ ਦਾ ਇਕ ਵਟਸਐਪ ਗਰੁਪ ਵੀ ਤਿਆਰ ਕੀਤਾ ਹੈ। ਇਸ ਗਰੁੱਪ ਵਿਚ ਪਿੰਡ ਪੂਹਲਾ ਦੇ ਕੁੱਝ ਨਸ਼ਾ ਕਰਨ ਵਾਲਿਆਂ ਦੀਆਂ ਵੀਡੀਓਜ਼ ਵੀ ਪਾਈਆਂ ਗਈਆਂ ਸਨ, ਜਿਸ ਤੋਂ ਬਾਅਦ ਹੀ ਜੋਬਨਦੀਪ ਸਿੰਘ ’ਤੇ ਹਮਲਾ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।