ਪਰਾਲੀ ਨੂੰ ਅੱਗ ਨਹੀਂ, ਖੇਤ ਦੀ ਤਾਕਤ ਬਣਾਉਣ ਦਾ ਸੱਦਾ ਪਰਾਲੀ ਨੂੰ ਅੱਗ ਨਹੀਂ, ਖੇਤ ਦੀ ਤਾਕਤ ਬਣਾਉਣ ਦਾ ਸੱਦਾ, ਜੀਦਾ ਦੇ 25 ਕਿਸਾਨਾਂ ਨੇ ਲਈ ਸਿਖਲਾਈ
Publish Date: Thu, 17 Sep 2026 06:19 PM (IST)
Updated Date: Fri, 18 Sep 2026 04:09 AM (IST)
ਜੀਦਾ ਦੇ 25 ਕਿਸਾਨਾਂ ਨੇ ਲਈ ਸਿਖਲਾਈ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ਪਿੰਡ ਜੀਦਾ ਦੇ ਕਿਸਾਨਾਂ ਲਈ ਪਰਾਲੀ ਪ੍ਰਬੰਧਨ ਸਬੰਧੀ ਕਰਵਾਇਆ ਗਿਆ ਪੰਜ ਰੋਜ਼ਾ ਸਿਖਲਾਈ ਕੋਰਸ ਸਫਲਤਾਪੂਰਵਕ ਸੰਪੰਨ ਹੋ ਗਿਆ। ਇਸ ਸਿਖਲਾਈ ਕੋਰਸ ਵਿੱਚ ਪਿੰਡ ਜੀਦਾ ਦੇ 25 ਕਿਸਾਨਾਂ ਨੇ ਭਾਗ ਲੈ ਕੇ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਖੇਤ ਵਿੱਚ ਹੀ ਸੰਭਾਲਣ ਅਤੇ ਇਸ ਦੀ ਸੁਚੱਜੀ ਵਰਤੋਂ ਸਬੰਧੀ ਵਿਗਿਆਨਕ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਿਖਲਾਈ ਦੌਰਾਨ ਡਾ. ਗੁਰਦੀਪ ਸਿੰਘ ਸਿੱਧੂ, ਡਿਪਟੀ ਡਾਇਰੈਕਟਰ (ਸਿ.), ਕੇ.ਵੀ.ਕੇ. ਬਠਿੰਡਾ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਵਾਤਾਵਰਨਕ ਨੁਕਸਾਨ, ਮਿੱਟੀ ਦੀ ਉਪਜਾਊ ਸ਼ਕਤੀ ’ਤੇ ਪੈਣ ਵਾਲੇ ਮਾੜੇ ਪ੍ਰਭਾਵ ਅਤੇ ਪਰਾਲੀ ਪ੍ਰਬੰਧਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਪਰਾਲੀ ਪ੍ਰਬੰਧਨ ਤਕਨੀਕਾਂ ਅਪਣਾਉਣ ਅਤੇ ਫਸਲੀ ਰਹਿੰਦ-ਖੂੰਹਦ ਨੂੰ ਖੇਤ ਲਈ ਕੀਮਤੀ ਸਰੋਤ ਵਜੋਂ ਵਰਤਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਗੁਰਮੀਤ ਸਿੰਘ ਢਿੱਲੋਂ, ਪ੍ਰੋਫੈਸਰ (ਪਸਾਰ ਸਿੱਖਿਆ) ਨੇ ਪਰਾਲੀ ਪ੍ਰਬੰਧਨ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਨਾਲ ਜੈਵਿਕ ਮਾਦੇ ਵਿੱਚ ਵਾਧਾ ਹੁੰਦਾ ਹੈ ਅਤੇ ਮਿੱਟੀ ਦੀ ਸਿਹਤ ਨੂੰ ਸੁਧਾਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਉਪਲਬਧ ਵਿਗਿਆਨਕ ਜਾਣਕਾਰੀ ਨੂੰ ਅਪਣਾ ਕੇ ਹੋਰਨਾਂ ਕਿਸਾਨਾਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ। ਇਸ ਮੌਕੇ ਡਾ. ਗੁਰਲਾਲ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਪਰਾਲੀ ਅਤੇ ਫਸਲੀ ਰਹਿੰਦ-ਖੂੰਹਦ ਦੀ ਪਸ਼ੂਆਂ ਲਈ ਉਪਯੋਗਤਾ, ਪਸ਼ੂ ਖੁਰਾਕ ਵਿੱਚ ਇਸ ਦੀ ਸੰਭਾਵਿਤ ਵਰਤੋਂ ਅਤੇ ਪਸ਼ੂ ਪਾਲਣ ਨਾਲ ਪਰਾਲੀ ਪ੍ਰਬੰਧਨ ਨੂੰ ਜੋੜਨ ਸਬੰਧੀ ਪੱਖਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਇਸ ਦੌਰਾਨ ਡਾ. ਰਮਨਦੀਪ ਕੌਰ, ਸਹਾਇਕ ਪ੍ਰੋਫੈਸਰ (ਪੀ.ਐੱਫ.ਈ.) ਨੇ ਪਰਾਲੀ ਦੀ ਸੁਚੱਜੀ ਵਰਤੋਂ, ਫਸਲੀ ਰਹਿੰਦ-ਖੂੰਹਦ ਤੋਂ ਮੁੱਲ-ਵਾਧੂ ਉਤਪਾਦ ਤਿਆਰ ਕਰਨ ਦੀਆਂ ਸੰਭਾਵਨਾਵਾਂ ਅਤੇ ਪਰਾਲੀ ਪ੍ਰਬੰਧਨ ਨਾਲ ਜੁੜੇ ਖੇਤੀਬਾੜੀ ਮਸ਼ੀਨਰੀ ਦੇ ਪੱਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਦੀ ਉਪਯੋਗੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਸਿਖਲਾਈ ਪ੍ਰੋਗਰਾਮ ਦੌਰਾਨ ਡਾ. ਤੇਜਬੀਰ ਸਿੰਘ ਬੁੱਟਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਪਰਾਲੀ ਨੂੰ ਖੇਤ ਵਿੱਚ ਸੰਭਾਲਣ ਦੇ ਮਿੱਟੀ ਦੀ ਸਿਹਤ ਨਾਲ ਸਬੰਧਿਤ ਫਾਇਦਿਆਂ ਬਾਰੇ ਦੱਸਿਆ। ਉਨ੍ਹਾਂ ਨੇ ਕਿਸਾਨਾਂ ਨੂੰ ਮਿੱਟੀ ਦੀ ਜਾਂਚ ਦੇ ਆਧਾਰ ’ਤੇ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਅਤੇ ਪਰਾਲੀ ਨੂੰ ਖੇਤ ਵਿੱਚ ਮਿਲਾ ਕੇ ਮਿੱਟੀ ਵਿੱਚ ਜੈਵਿਕ ਪਦਾਰਥ ਅਤੇ ਪੋਸ਼ਕ ਤੱਤਾਂ ਦੀ ਸੰਭਾਲ ਕਰਨ ਸਬੰਧੀ ਜਾਣਕਾਰੀ ਦਿੱਤੀ। ਸਿਖਲਾਈ ਦੌਰਾਨ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਵਰਤੀ ਜਾਣ ਵਾਲੀ ਵੱਖ-ਵੱਖ ਖੇਤੀ ਮਸ਼ੀਨਰੀ, ਫਸਲੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਸੰਭਾਲਣ ਦੀਆਂ ਤਕਨੀਕਾਂ, ਪਰਾਲੀ ਤੋਂ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਅਤੇ ਇਸ ਨਾਲ ਹੋਣ ਵਾਲੇ ਆਰਥਿਕ ਤੇ ਵਾਤਾਵਰਨਕ ਲਾਭਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਕਿਸਾਨਾਂ ਨੇ ਸਿਖਲਾਈ ਦੌਰਾਨ ਵਿਗਿਆਨੀਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਪਰਾਲੀ ਪ੍ਰਬੰਧਨ ਨਾਲ ਸਬੰਧਿਤ ਆਪਣੇ ਸਵਾਲਾਂ ਦੇ ਜਵਾਬ ਵੀ ਪ੍ਰਾਪਤ ਕੀਤੇ। ਸਿਖਲਾਈ ਦੌਰਾਨ ਕਿਸਾਨਾਂ ਨੂੰ ਖੇਤੀ ਸਾਹਿਤ ਅਤੇ ਫ਼ਲਦਾਰ ਪੌਦੇ ਵੀ ਵੰਡੇ ਗਏ।