ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਸਾਥੀ ਨਰੇਸ਼ ਗੌੜ ਨੂੰ ਜਿਤਾਉਣਾ ਸਮੇਂ ਦੀ ਲੋੜ: ਅਰਸ਼ੀ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਸਾਥੀ ਨਰੇਸ਼ ਗੌੜ ਨੂੰ ਜਿਤਾਉਣਾ ਸਮੇਂ ਦੀ ਲੋੜ: ਅਰਸ਼ੀ
Publish Date: Thu, 17 Sep 2026 06:09 PM (IST)
Updated Date: Fri, 18 Sep 2026 04:09 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਟੀਚਰਜ਼ ਹੋਮ, ਬਠਿੰਡਾ ਵਿਖੇ ਸੈਨੇਟ ਦੀ ਚੋਣ ਲੜ ਰਹੇ ਸਾਥੀ ਨਰੇਸ਼ ਗੌੜ ਦੇ ਸਮਰਥਨ ਵਿੱਚ ਇੱਕ ਭਰਵੀਂ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਡਾ. ਗੁਰਪ੍ਰੀਤ ਸਿੰਘ ਬਾਠ ਅਤੇ ਬੈਂਕਾਂ ਦੇ ਆਗੂ ਸਾਥੀ ਨਰਿੰਦਰ ਬਾਂਸਲ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਨਰੇਸ਼ ਗੌੜ ਨੇ ਆਪਣੀਆਂ ਪਿਛਲੀਆਂ ਤਿੰਨ ਟਰਮਾਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵੱਡੇ ਸਾਂਝੇ ਸੰਘਰਸ਼ਾਂ ਦੇ ਸਦਕਾ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਦੀ ਕੇਂਦਰ ਸਰਕਾਰ ਦੀ ਕੋਸ਼ਿਸ਼ ਨੂੰ ਇੱਕ ਵਾਰ ਤਾਂ ਅਸਫਲ ਕੀਤਾ ਜਾ ਚੁੱਕਾ ਹੈ ਪਰ ਇਸ ਮਾਮਲੇ ਵਿੱਚ ਅਵੇਸਲੇ ਹੋਣਾ ਖ਼ਤਰਨਾਕ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਸਮੇਂ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਸਾਥੀ ਗੌੜ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਵਿਗਿਆਨਕ ਵਿਦਿਆ ਦੇ ਕਾਜ ਨੂੰ ਸਮਰਪਿਤ ਉਮੀਦਵਾਰਾਂ ਨੂੰ ਜਿਤਾ ਕੇ ਸੈਨੇਟ ਵਿੱਚ ਭੇਜਣਾ ਚਾਹੀਦਾ ਹੈ। ਉਨ੍ਹਾਂ ਆਪਣੀ ਚੋਣ ਮੁਹਿੰਮ ਦੌਰਾਨ ਮਿਲ ਰਹੇ ਸਮਰਥਨ ਲਈ ਵੋਟਰਾਂ ਦਾ ਧੰਨਵਾਦ ਵੀ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸ.ਬੀ.ਆਈ. ਇੰਪਲਾਈਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਸਾਥੀ ਨਰ ਕੇਸਰ ਰਾਏ ਨੇ ਸਾਥੀ ਨਰੇਸ਼ ਗੌੜ ਦੀ ਚੋਣ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪਿਛਲੀਆਂ ਚੋਣਾਂ ਦੇ ਮੁਕਾਬਲੇ ਵੱਧ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਸਾਥੀ ਗੌੜ ਦੀ ਜਿੱਤ ਦੀ ਉਮੀਦ ਪ੍ਰਗਟਾਈ। ਬਠਿੰਡਾ-ਮਾਨਸਾ ਜ਼ਿਲ੍ਹਿਆਂ ਦੀ ਚੋਣ ਮੁਹਿੰਮ ਦੀ ਅਗਵਾਈ ਕਰ ਰਹੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਪੰਜਾਬ ਦੀ ਇਤਿਹਾਸਕ ਵਿਰਾਸਤ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਹਣ ਦੀਆਂ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਅਤੇ ਯੂਨੀਵਰਸਿਟੀ ਵਿੱਚ ਸੈਨੇਟ ਵਰਗੇ ਲੋਕਤੰਤਰੀ ਢਾਂਚੇ ਨੂੰ ਬਣਾਈ ਰੱਖਣ ਲਈ ਸਾਥੀ ਨਰੇਸ਼ ਗੌੜ ਵਰਗੇ ਮਜ਼ਬੂਤ ਅਤੇ ਪੰਜਾਬ-ਪੱਖੀ ਉਮੀਦਵਾਰ ਦਾ ਸਮਰਥਨ ਜ਼ਰੂਰੀ ਹੈ। ਅਰਸ਼ੀ ਨੇ ਦੱਸਿਆ ਕਿ ਬਠਿੰਡਾ ਅਤੇ ਮਾਨਸਾ ਦੋਵਾਂ ਜ਼ਿਲ੍ਹਿਆਂ ਨੂੰ ਦਰਜਨਾਂ ਸੈਕਟਰਾਂ ਵਿੱਚ ਵੰਡ ਕੇ ਜ਼ਿੰਮੇਵਾਰ ਸਾਥੀਆਂ ਨੂੰ ਕਮਾਨ ਸੌਂਪੀ ਗਈ ਹੈ, ਤਾਂ ਜੋ ਵੋਟਰਾਂ ਨਾਲ ਨਿੱਜੀ ਸੰਪਰਕ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵੋਟਰਾਂ ਵੱਲੋਂ ਮਿਲ ਰਹੇ ਹੁੰਗਾਰੇ ਦੇ ਮੱਦੇਨਜ਼ਰ ਉਨ੍ਹਾਂ ਨੂੰ ਸਾਥੀ ਨਰੇਸ਼ ਗੌੜ ਦੇ ਹੱਕ ’ਚ ਚੰਗੇ ਸਮਰਥਨ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ 20 ਸਤੰਬਰ ਨੂੰ ਹੋਣ ਵਾਲੀ ਪੋਲਿੰਗ ਲਈ ਬੂਥ ਦੇ ਸੁਚੱਜੇ ਪ੍ਰਬੰਧ ਵਾਸਤੇ ਟੀਮ ਵੀ ਨਿਯੁਕਤ ਕਰ ਦਿੱਤੀ ਗਈ ਹੈ। ਮੀਟਿੰਗ ਨੂੰ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਪ੍ਰੋਫੈਸਰ ਅਸ਼ੋਕ ਸਿੰਘ ਮਿੱਤਲ, ਬੈਂਕਾਂ ਦੇ ਆਗੂ ਪਵਨ ਕੁਮਾਰ ਜਿੰਦਲ ਅਤੇ ਬਸੰਤ ਸਿੰਘ ਅਗਰੋਈਆ ਨੇ ਵੀ ਸੰਬੋਧਨ ਕੀਤਾ। ਅੰਤ ਵਿੱਚ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਡਾ. ਗੁਰਪ੍ਰੀਤ ਸਿੰਘ ਬਾਠ ਨੇ ਹਾਜ਼ਰ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ।