ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਫੁੱਲਾਂ ਦੀ ਵਰਖਾ ਨਾਲ ਭਗਵਾਨ ਗਣਪਤੀ ਦਾ ਆਗਮਨ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਫੁੱਲਾਂ ਦੀ ਵਰਖਾ ਨਾਲ ਭਗਵਾਨ ਗਣਪਤੀ ਦਾ ਆਗਮਨ
Publish Date: Thu, 17 Sep 2026 05:25 PM (IST)
Updated Date: Fri, 18 Sep 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਯੁਵਾ ਤੇ ਸੱਭਿਆਚਾਰਕ ਮਾਮਲਿਆਂ ਦੀ ਦੇਖ-ਰੇਖ ਹੇਠ ਤੇਲੰਗਾਨਾ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਕੈਂਪਸ ਵਿਖੇ ਭਗਵਾਨ ਗਣਪਤੀ ਦੇ ਪਾਵਨ ਸਵਰੂਪ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਡਾਇਰੈਕਟਰ ਯੁਵਾ ਤੇ ਸੱਭਿਆਚਾਰਕ ਮਾਮਲੇ ਡਾ. ਕੰਵਲਜੀਤ ਕੌਰ, ਯੂਨੀਵਰਸਿਟੀ ਦੇ ਅਧਿਆਪਕਾਂ, ਵਿਦਿਆਰਥੀਆਂ ਵੱਲੋਂ ਗਿਆਨ, ਖੁਸ਼ਹਾਲੀ ਅਤੇ ਸਮ੍ਰਿਧੀ ਦੇ ਦੇਵਤਾ ਭਗਵਾਨ ਗਣੇਸ਼ ਜੀ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਸ਼ਰਧਾ ਪੂਰਵਕ ਪ੍ਰਸ਼ਾਦ ਵਰਤਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਵਿਖੇ ਖੂਬਸੂਰਤ ਪੰਡਾਲ ਸਜਾਇਆ ਗਿਆ ਅਤੇ “ਗਣਪਤੀ ਬੱਪਾ ਮੋਰਿਆ, ਮੰਗਲ ਮੂਰਤੀ ਮੋਰਿਆ” ਦੇ ਜੈ ਕਾਰਿਆਂ ਨਾਲ ਸਾਰਾ ਵਾਤਾਵਰਨ ਗੂੰਜ ਉੱਠਿਆ। ਆਪਣੇ ਵਧਾਈ ਸੰਦੇਸ਼ ਵਿੱਚ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਸਮੂਹ ਅਧਿਆਪਕਾਂ, ਵਿਦਿਆਰਥੀਆਂ ਅਤੇ ਸਟਾਫ਼ ਨੂੰ ਭਗਵਾਨ ਗਣਪਤੀ ਤੋਂ ਪ੍ਰੇਰਣਾ ਲੈ ਕੇ ਵੱਡਿਆਂ ਦੀ ਸੇਵਾ ਕਰਨ ਅਤੇ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਹੋਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਭਗਵਾਨ ਗਣੇਸ਼ ਖੁਸ਼ਹਾਲੀ ਅਤੇ ਵਿਕਾਸ ਦੇ ਦੇਵਤਾ ਹਨ, ਇਸ ਲਈ ਸਾਨੂੰ ਉਹਨਾਂ ਦੀ ਬਖਸ਼ਿਸ਼ ਹੇਠਾਂ ਰਹਿ ਕੇ ਆਪਣੇ ਕੰਮ ਨੂੰ ਤਹਿ-ਦਿਲੀਂ ਨਾਲ ਕਰਦਿਆਂ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਡਾ. ਕੌਰ ਨੇ ਦੱਸਿਆ ਕਿ ਭਗਵਾਨ ਗਣਪਤੀ ਦਾ ਆਗਮਨ ਵਰਸਿਟੀ ਵਿਖੇ ਹਰ ਸਾਲ ਦੀ ਤਰ੍ਹਾਂ ਬੜੇ ਚਾਵਾਂ-ਮਲ੍ਹਾਰਾਂ ਨਾਲ ਮਨਾਇਆ ਜਾ ਰਿਹਾ ਹੈ ਅਤੇ ਹਰ-ਰੋਜ਼ ਸਵੇਰੇ ਸ਼ਰਧਾਲੂਆਂ ਵੱਲੋਂ ਗਣੇਸ਼ ਸਤੁਤੀ ਅਤੇ ਪੂਜਾ ਪਾਠ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਮਿਤੀ 18 ਸਤੰਬਰ 2026 ਨੂੰ ਭਗਵਾਨ ਗਣਪਤੀ ਦੇ ਸਵਰੂਪ ਦਾ ਜਲ ਵਿਸਰਜਨ ਕੀਤਾ ਜਾਵੇਗਾ।