ਬੀਐੱਲਓ ਦੀਆਂ ਸਮੱਸਿਆਵਾਂ ਸਬੰਧੀ ਐੱਸਡੀਐੱਮ ਨੂੰ ਦਿੱਤਾ ਮੰਗ ਪੱਤਰ ਬੀਐੱਲਓ ਦੀਆਂ ਸਮੱਸਿਆਵਾਂ ਸਬੰਧੀ ਐੱਸਡੀਐੱਮ, ਤਲਵੰਡੀ ਸਾਬੋ ਨੂੰ ਦਿੱਤਾ ਮੰਗ ਪੱਤਰ
Publish Date: Thu, 17 Sep 2026 05:15 PM (IST)
Updated Date: Fri, 18 Sep 2026 04:06 AM (IST)
ਬੀਐੱਲਓ ਆਪਣੇ ਨਾਲ ਸਬੰਧਤ ਕੰਮਾਂ ਤੋਂ ਇਲਾਵਾ ਹੋਰ ਡਿਊਟੀਆਂ ਨਹੀਂ ਕਰਨਗੇ : ਡੀਟੀਐੱਫ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਡੀਟੀਐੱਫ ਬਲਾਕ ਇਕਾਈ ਤਲਵੰਡੀ ਸਾਬੋ ਦੇ ਵਫ਼ਦ ਨੇ ਬਲਾਕ ਪ੍ਰਧਾਨ ਮੋਹਨ ਸਿੰਘ ਮਲਕਾਣਾ ਦੀ ਅਗਵਾਈ ਹੇਠ ਬੀਐੱਲਓ ਦੀਆਂ ਸਮੱਸਿਆਵਾਂ ਸਬੰਧੀ ਐੱਸਡੀਐੱਮ ਤਲਵੰਡੀ ਸਾਬੋ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ਵਿੱਚ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਬੰਗੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੇਲ ਸਿੰਘ ਮਲਕਾਣਾ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਵਫ਼ਦ ਵੱਲੋਂ ਮੁੱਖ ਮੰਗ ਰੱਖੀ ਗਈ ਕਿ ਬੀਐੱਲਓ, ਜੋ 25 ਜੂਨ ਤੋਂ ਲਗਾਤਾਰ ਐੱਸਆਈਆਰ ਦੇ ਕੰਮ ਵਿੱਚ ਦਿਨ-ਰਾਤ ਮਿਹਨਤ ਕਰ ਰਹੇ ਹਨ, ਉਨ੍ਹਾਂ ਤੋਂ ਉਨ੍ਹਾਂ ਦੇ ਨਿਰਧਾਰਿਤ ਕੰਮ ਤੋਂ ਇਲਾਵਾ ਹੋਰ ਕੰਮ ਨਾ ਕਰਵਾਏ ਜਾਣ। ਆਗੂਆਂ ਨੇ ਕਿਹਾ ਕਿ ਖ਼ਾਸ ਤੌਰ ’ਤੇ ਏਆਰਓ ਅਤੇ ਏਈਆਰਓ ਵੱਲੋਂ ਬੀਐੱਲਓਜ਼ ਨੂੰ ਸਪੀਕਿੰਗ ਆਰਡਰ ਭਰਨ ਲਈ ਕਿਹਾ ਜਾ ਰਿਹਾ ਹੈ, ਜਦਕਿ ਉਨ੍ਹਾਂ ਅਨੁਸਾਰ ਇਹ ਕੰਮ ਏਈਆਰਓ ਜਾਂ ਈਆਰਓ ਦੇ ਪੱਧਰ ’ਤੇ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੀਐੱਲਓ ਇਹ ਕੰਮ ਨਹੀਂ ਕਰਨਗੇ। ਇਸ ਤੋਂ ਇਲਾਵਾ ਮੰਗ ਕੀਤੀ ਗਈ ਕਿ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਵਾਲੇ ਦਿਨ ਲਗਾਏ ਜਾਂਦੇ ਬੀਐੱਲਓ ਕੈਂਪਾਂ ਦੇ ਬਦਲੇ ਬੀਐੱਲਓਜ਼ ਨੂੰ ਕਮਾਈ ਛੁੱਟੀ ਦਿੱਤੀ ਜਾਵੇ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਬੀਐੱਲਓਜ਼ ਤੋਂ ਉਨ੍ਹਾਂ ਦੇ ਨਿਰਧਾਰਿਤ ਕੰਮ ਤੋਂ ਇਲਾਵਾ ਜਨਗਣਨਾ, ਰਾਸ਼ਨ ਕਾਰਡ ਬਣਾਉਣ ਆਦਿ ਵਰਗੀਆਂ ਹੋਰ ਡਿਊਟੀਆਂ ਨਾ ਲਈਆਂ ਜਾਣ। ਵਫ਼ਦ ਨੇ ਕਿਹਾ ਕਿ ਬੀਐੱਲਓ ਕਈ ਮਹੀਨਿਆਂ ਤੋਂ ਲਗਾਤਾਰ ਐੱਸਆਈਆਰ ਦਾ ਕੰਮ ਕਰ ਰਹੇ ਹਨ, ਜੋ ਕਿ ਗੁੰਝਲਦਾਰ ਅਤੇ ਮਿਹਨਤ ਵਾਲਾ ਕੰਮ ਹੈ। ਇਸ ਲਈ ਐੱਸਆਈਆਰ ਦੇ ਕੰਮ ਲਈ ਬੀਐੱਲਓਜ਼ ਨੂੰ ਘੱਟੋ-ਘੱਟ 20 ਹਜ਼ਾਰ ਰੁਪਏ ਦਾ ਟੈਕਸ-ਮੁਕਤ ਵਿਸ਼ੇਸ਼ ਮਾਣ-ਭੱਤਾ ਦਿੱਤੇ ਜਾਣ ਦੀ ਮੰਗ ਕੀਤੀ ਗਈ। ਇਸ ਮੌਕੇ ਡੀਟੀਐੱਫ ਆਗੂ ਵੀਰ ਸਿੰਘ, ਲੈਕਚਰਾਰ, ਸੁਰੇਸ਼ ਕੁਮਾਰ ਤਲਵੰਡੀ ਸਾਬੋ ਅਤੇ ਬੀਐੱਲਓ ਸਾਥੀ ਕੁਲਵਿੰਦਰ ਸਿੰਘ ਗਿਆਨਾ, ਬਲਰਾਮ ਕੁਮਾਰ, ਅਮਨਦੀਪ ਸਿੰਘ, ਲਖਵੀਰ ਸਿੰਘ, ਰੂਪ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਭਾਗੀ ਵਾਂਦਰ, ਦਲ ਸਿੰਘ ਮਲਕਾਣਾ, ਅਕਸ਼ੇ ਕੁਮਾਰ ਆਦਿ ਹਾਜ਼ਰ ਸਨ।