ਐਚਐਮਈਐਲ ਤੇ ਏਮਜ਼ ਨੇ ਮੈਗਾ ਹੈਲਥ ਕੈਂਪ ਲਾਇਆ ਐਚਐਮਈਐਲ ਤੇ ਏਮਜ਼ ਨੇ ਮੈਗਾ ਹੈਲਥ ਕੈਂਪ ਲਾਇਆ
Publish Date: Sat, 05 Sep 2026 04:31 PM (IST)
Updated Date: Sat, 05 Sep 2026 04:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਰਾਮਾ ਮੰਡੀ ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ (ਐਚਐਮਈਐਲ) ਵੱਲੋਂ ਏਮਜ਼ ਬਠਿੰਡਾ ਦੇ ਸਹਿਯੋਗ ਨਾਲ ਇੰਟੀਗ੍ਰੇਟਿਡ ਮੋਬਾਈਲ ਮੈਡੀਕਲ ਯੂਨਿਟ ਅਤੇ ਟੈਲੀਮੈਡੀਸਨ ਪ੍ਰਾਜੈਕਟ ਤਹਿਤ ਸਮਾਧ ਬਾਬਾ ਸਰਬੰਗੀ ਪਿੰਡ ਰਾਮਾਂ ਵਿਖੇ ਮੈਗਾ ਹੈਲਥ ਕੈਂਪ ਲਗਾਇਆ ਗਿਆ। ਕੈਂਪ ਦਾ ਉਦੇਸ਼ ਨੇੜਲੇ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮਿਆਰੀ ਸਿਹਤ ਸੇਵਾਵਾਂ ਅਤੇ ਮਾਹਿਰ ਡਾਕਟਰੀ ਸਲਾਹ ਮੁਹੱਈਆ ਕਰਵਾਉਣਾ ਸੀ। ਕੈਂਪ ਦੌਰਾਨ ਹੱਡੀਆਂ ਤੇ ਜੋੜਾਂ, ਅੱਖਾਂ, ਦੰਦਾਂ, ਚਮੜੀ ਅਤੇ ਜਨਰਲ ਮੈਡੀਸਨ ਸਮੇਤ ਵੱਖ-ਵੱਖ ਵਿਭਾਗਾਂ ਦੇ ਮਾਹਿਰ ਡਾਕਟਰਾਂ ਨੇ 150 ਤੋਂ ਵੱਧ ਮਰੀਜ਼ਾਂ ਦੀ ਜਾਂਚ ਕਰਕੇ ਲੋੜੀਂਦੀ ਡਾਕਟਰੀ ਸਲਾਹ ਦਿੱਤੀ। ਇਸ ਮੌਕੇ ਕਾਰਡੀਓਪਲਮੋਨਰੀ ਰਿਸਸਿਟੇਸ਼ਨ (ਸੀਪੀਆਰ) ਸਬੰਧੀ ਜਾਗਰੂਕਤਾ ਅਤੇ ਸਿਖਲਾਈ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿੱਚ ਪੇਂਡੂ ਲੋਕਾਂ ਨੂੰ ਐਮਰਜੈਂਸੀ ਸਮੇਂ ਮੁੱਢਲੀ ਸਹਾਇਤਾ ਅਤੇ ਸੀਪੀਆਰ ਦੀਆਂ ਜ਼ਰੂਰੀ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਐਚਐਮਈਐਲ ਦੀ ਯੋਜਨਾ ਤਹਿਤ ਹੁਣ ਤੱਕ 267 ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਦਾ 14,681 ਲੋਕਾਂ ਨੇ ਲਾਭ ਲਿਆ ਹੈ। ਮੌਜੂਦਾ ਪੜਾਅ ਵਿੱਚ 8 ਮੈਗਾ ਹੈਲਥ ਕੈਂਪ ਲਗਾਏ ਜਾਣੇ ਹਨ, ਜਿਨ੍ਹਾਂ ਵਿੱਚੋਂ 3 ਹੋ ਚੁੱਕੇ ਹਨ। ਅਗਲਾ ਕੈਂਪ 8 ਸਤੰਬਰ ਨੂੰ ਪਿੰਡ ਸੇਖੂ ਵਿਖੇ ਲਗਾਇਆ ਜਾਵੇਗਾ। ਕੈਂਪ ਦੇ ਪ੍ਰਬੰਧਾਂ ਵਿੱਚ ਬਾਬਾ ਸਰਬੰਗੀ ਸਮਾਧ ਡੇਰਾ ਦੇ ਮੁੱਖ ਪ੍ਰਬੰਧਕ ਜਗਸੀਰ ਸਿੰਘ ਗਿੱਲ ਅਤੇ ਕਮੇਟੀ ਮੈਂਬਰਾਂ ਨੇ ਸਹਿਯੋਗ ਦਿੱਤਾ। ਐਚਐਮਈਐਲ ਕਰਮਚਾਰੀਆਂ ਨੇ ਸੀਐਸਆਰ ਵਲੰਟੀਅਰਾਂ ਵਜੋਂ ਸੇਵਾਵਾਂ ਨਿਭਾਈਆਂ।