ਦੁਕਾਨ ਵਿੱਚੋਂ 1.10 ਲੱਖ ਰੁਪਏ ਤੇ ਮੋਬਾਈਲ ਫੋਨ ਚੋਰੀ, ਰੌਸ਼ਨਦਾਨ ਰਾਹੀਂ ਦਾਖ਼ਲ ਹੋਇਆ ਚੋਰ ਦੁਕਾਨ ਵਿੱਚੋਂ 1.10 ਲੱਖ ਰੁਪਏ ਤੇ ਮੋਬਾਈਲ ਫੋਨ ਚੋਰੀ, ਰੌਸ਼ਨਦਾਨ ਰਾਹੀਂ ਦਾਖ਼ਲ ਹੋਇਆ ਚੋਰ
Publish Date: Fri, 04 Sep 2026 04:34 PM (IST)
Updated Date: Fri, 04 Sep 2026 04:37 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ਦੇ ਕਿਲ੍ਹਾ ਰੋਡ ’ਤੇ ਸਥਿਤ ਇਕ ਇਲੈਕਟ੍ਰੋਨਿਕਸ ਦੀ ਦੁਕਾਨ ਵਿੱਚੋਂ ਅਣਪਛਾਤਾ ਚੋਰ 1.10 ਲੱਖ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਚੋਰੀ ਕਰਕੇ ਫਰਾਰ ਹੋ ਗਿਆ। ਚੋਰ ਦੁਕਾਨ ਦੀ ਮੁਰੰਮਤ ਦੌਰਾਨ ਬਣੀ ਪੈੜ ਦੀ ਮਦਦ ਨਾਲ ਉੱਪਰ ਚੜ੍ਹਿਆ ਅਤੇ ਰੌਸ਼ਨਦਾਨ ਰਾਹੀਂ ਦੁਕਾਨ ਅੰਦਰ ਦਾਖ਼ਲ ਹੋਇਆ। ਇਸ ਤੋਂ ਬਾਅਦ ਉਸ ਨੇ ਦੁਕਾਨ ਦਾ ਦਰਵਾਜ਼ਾ ਤੋੜ ਕੇ ਗੱਲੇ ਵਿੱਚ ਪਈ ਨਕਦੀ ਅਤੇ ਮੋਬਾਈਲ ਫੋਨ ਚੋਰੀ ਕਰ ਲਏ। ਦੁਕਾਨ ਦੇ ਮਾਲਕ ਵਿਨੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਇਕ ਰਿਸ਼ਤੇਦਾਰ ਵੱਲੋਂ ਮਕਾਨ ਦਾ ਸੌਦਾ ਕੀਤਾ ਜਾਣਾ ਸੀ, ਜਿਸ ਕਾਰਨ ਉਨ੍ਹਾਂ ਕੋਲ 1.10 ਲੱਖ ਰੁਪਏ ਦੀ ਨਕਦੀ ਮੌਜੂਦ ਸੀ। ਉਨ੍ਹਾਂ ਅਨੁਸਾਰ ਸ਼ਹਿਰ ਵਿੱਚ ਲਗਾਤਾਰ ਵਾਪਰ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਕਾਰਨ ਉਹ ਇਹ ਰਕਮ ਆਪਣੇ ਨਾਲ ਲੈ ਕੇ ਜਾਣ ਤੋਂ ਡਰਦੇ ਸਨ। ਉਨ੍ਹਾਂ ਨੂੰ ਖਦਸ਼ਾ ਸੀ ਕਿ ਰਸਤੇ ਵਿੱਚ ਕਿਤੇ ਕੋਈ ਲੁਟੇਰਾ ਉਨ੍ਹਾਂ ਕੋਲੋਂ ਪੈਸੇ ਨਾ ਖੋਹ ਲਵੇ। ਇਸੇ ਕਾਰਨ ਉਨ੍ਹਾਂ ਨੇ ਰਕਮ ਦੁਕਾਨ ਦੇ ਗੱਲੇ ਵਿੱਚ ਰੱਖ ਦਿੱਤੀ ਸੀ। ਪੀੜਤ ਦੁਕਾਨਦਾਰ ਮੁਤਾਬਕ ਦੁਕਾਨ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਅਤੇ ਇਸ ਦੌਰਾਨ ਉੱਪਰ ਜਾਣ ਲਈ ਬਣਾਈ ਗਈ ਪੈੜ ਰਾਹੀਂ ਚੋਰ ਦੁਕਾਨ ਦੀ ਛੱਤ ਤੱਕ ਪਹੁੰਚਿਆ। ਉਥੋਂ ਉਹ ਰੌਸ਼ਨਦਾਨ ਰਾਹੀਂ ਅੰਦਰ ਦਾਖ਼ਲ ਹੋ ਗਿਆ। ਦੁਕਾਨ ਅੰਦਰ ਆਉਣ ਤੋਂ ਬਾਅਦ ਚੋਰ ਨੇ ਦਰਵਾਜ਼ਾ ਤੋੜਿਆ ਅਤੇ ਗੱਲੇ ਵਿੱਚ ਪਈ ਨਕਦੀ ਸਮੇਤ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਿਆ। ਚੋਰੀ ਦੀ ਇਹ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਚੋਰ ਜਦੋਂ ਦੁਕਾਨ ਵਿੱਚ ਦਾਖ਼ਲ ਹੋਇਆ ਤਾਂ ਉਸ ਨੇ ਬਨੈਨ ਪਹਿਨੀ ਹੋਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਾਹਰ ਨਿਕਲਦੇ ਸਮੇਂ ਉਸ ਨੇ ਸ਼ਰਟ ਪਹਿਨ ਲਈ। ਪੁਲਿਸ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਘਟਨਾ ਦਾ ਪਤਾ ਲੱਗਣ ’ਤੇ ਥਾਣਾ ਕੋਤਵਾਲੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਦੁਕਾਨ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਚੋਰ ਦੇ ਆਉਣ-ਜਾਣ ਦੇ ਰਸਤੇ ਅਤੇ ਉਸ ਦੀ ਪਛਾਣ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।