ਡਾ. ਲਵਨੀਸ਼ ਪਰੁਥੀ ਦੀ ਆਯੁਰਵੈਦ ਆਧਾਰਿਤ ਬੈਲਟ ਦੇ ਡਿਜ਼ਾਈਨ ਦੀ ਪੇਟੈਂਟ ਅਰਜ਼ੀ ਮਨਜ਼ੂਰ ਡਾ. ਲਵਨੀਸ਼ ਪਰੁਥੀ ਦੀ ਆਯੁਰਵੈਦ ਆਧਾਰਿਤ ਬੈਲਟ ਦੇ ਡਿਜ਼ਾਈਨ ਦੀ ਪੇਟੈਂਟ ਅਰਜ਼ੀ ਮਨਜ਼ੂਰ
Publish Date: Mon, 24 Aug 2026 04:11 PM (IST)
Updated Date: Mon, 24 Aug 2026 04:12 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸੇਂਟ ਸਹਾਰਾ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪ੍ਰੋਫੈਸਰ ਡਾ. ਲਵਨੀਸ਼ ਪਰੁਥੀ ਨੇ ਆਯੁਰਵੈਦ ਅਤੇ ਨਵੀਨਤਾ ਦੇ ਖੇਤਰ ਵਿੱਚ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਉਨ੍ਹਾਂ ਵੱਲੋਂ ਕਮਰ ਦਰਦ ਵਿੱਚ ਉਪਯੋਗੀ ਆਯੁਰਵੈਦ ਆਧਾਰਿਤ ਬੈਲਟ ਦਾ ਨਵੀਨਤਾਕਾਰੀ ਡਿਜ਼ਾਈਨ ਤਿਆਰ ਕੀਤਾ ਗਿਆ ਹੈ। ਇਸ ਡਿਜ਼ਾਈਨ ਨੂੰ ਬੌਧਿਕ ਸੰਪਦਾ ਸੁਰੱਖਿਆ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਸਫਲਤਾ ਮਿਲੀ ਹੈ ਅਤੇ ਪੇਟੈਂਟ ਅਰਜ਼ੀ ਨੂੰ ਮਨਜ਼ੂਰੀ ਮਿਲ ਗਈ ਹੈ। ਡਾ. ਪਰੁਥੀ ਵੱਲੋਂ ਵਿਕਸਿਤ ਇਸ ਬੈਲਟ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਡਿਜ਼ਾਈਨ ਵਿੱਚ ਆਯੁਰਵੈਦ ਵਿੱਚ ਵਰਣਿਤ ਮਰਮ ਬਿੰਦੂਆਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਬੈਲਟ ਪਹਿਨਣ ਸਮੇਂ ਨਿਰਧਾਰਤ ਮਰਮ ਬਿੰਦੂਆਂ ’ਤੇ ਲੋੜੀਂਦਾ ਦਬਾਅ ਪੈਦਾ ਹੋਣ ਦੀ ਧਾਰਨਾ ਦੇ ਆਧਾਰ ’ਤੇ ਇਸ ਨੂੰ ਤਿਆਰ ਕੀਤਾ ਗਿਆ ਹੈ। ਇਸ ਦਾ ਉਦੇਸ਼ ਕਮਰ ਦਰਦ ਨਾਲ ਜੁੜੀ ਤਕਲੀਫ਼ ਵਿੱਚ ਸਹਾਇਕ ਹੋਣਾ ਹੈ। ਇਹ ਉਤਪਾਦ ਪਰੰਪਰਾਗਤ ਆਯੁਰਵੈਦਿਕ ਗਿਆਨ ਅਤੇ ਆਧੁਨਿਕ ਡਿਜ਼ਾਈਨ ਧਾਰਨਾ ਦੇ ਸੁਮੇਲ ਦੀ ਉਦਾਹਰਨ ਪੇਸ਼ ਕਰਦਾ ਹੈ। ਅਧਿਆਪਨ ਤੇ ਖੋਜ ’ਚ ਵੀ ਸਰਗਰਮ ਡਾ. ਲਵਨੀਸ਼ ਪਰੁਥੀ ਸੇਂਟ ਸਹਾਰਾ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹ ਅਧਿਆਪਨ, ਚਿਕਿਤਸਾ, ਖੋਜ ਤੇ ਆਯੁਰਵੈਦ ਦੇ ਵਿਹਾਰਕ ਉਪਯੋਗ ਨਾਲ ਸਬੰਧਤ ਵੱਖ-ਵੱਖ ਅਕਾਦਮਿਕ ਗਤੀਵਿਧੀਆਂ ਵਿਚ ਸਰਗਰਮ ਹਨ। ਆਯੁਰਵੈਦ ਵਿਚ ਦਰਸਾਏ ਮਰਮ ਵਿਗਿਆਨ ਨੂੰ ਆਧੁਨਿਕ ਉਪਯੋਗਤਾ ਵਾਲੇ ਡਿਜ਼ਾਈਨ ਦੇ ਰੂਪ ਵਿਚ ਪੇਸ਼ ਕਰਨ ਦਾ ਇਹ ਯਤਨ ਸੰਸਥਾ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਉਪਲਬਧੀ ’ਤੇ ਸੇਂਟ ਸਹਾਰਾ ਕਾਲਜ ਤੇ ਹਸਪਤਾਲ ਦੇ ਚੇਅਰਮੈਨ ਡਾ. ਨਰੇਸ਼ ਪਰੁਥੀ ਤੇ ਡਾਇਰੈਕਟਰ ਡਾ. ਸਪਨਾ ਪਰੁਥੀ ਨੇ ਡਾ. ਲਵਨੀਸ਼ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਯੁਰਵੈਦ ਦੇ ਪਰੰਪਰਾਗਤ ਗਿਆਨ ਨੂੰ ਆਧੁਨਿਕ ਖੋਜ ਤੇ ਨਵੀਨਤਾ ਨਾਲ ਜੋੜਨਾ ਸਮੇਂ ਦੀ ਲੋੜ ਹੈ। ਅਜਿਹੇ ਯਤਨ ਵਿਦਿਆਰਥੀਆਂ ਅਤੇ ਨੌਜਵਾਨ ਡਾਕਟਰਾਂ ਨੂੰ ਖੋਜ ਤੇ ਨਵੀਨਤਾ ਦੇ ਖੇਤਰ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰਨਗੇ। ਨੀਮਾ ਬਠਿੰਡਾ ਵੱਲੋਂ ਵੀ ਡਾ. ਲਵਨੀਸ਼ ਦੀ ਇਸ ਉਪਲਬਧੀ ’ਤੇ ਖੁਸ਼ੀ ਪ੍ਰਗਟ ਕੀਤੀ ਗਈ। ਡਾ. ਲਵਨੀਸ਼ ਪਰੁਥੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਆਯੁਰਵੈਦ ਦੇ ਪ੍ਰਾਚੀਨ ਸਿਧਾਂਤਾਂ ਨੂੰ ਆਧੁਨਿਕ ਲੋੜਾਂ ਅਨੁਸਾਰ ਉਪਯੋਗੀ ਰੂਪ ਦੇਣਾ ਹੈ। ਉਨ੍ਹਾਂ ਇਸ ਉਪਲਬਧੀ ਲਈ ਸਹਿ-ਅਰਜ਼ੀਦਾਰਾਂ, ਸੰਸਥਾ ਪ੍ਰਬੰਧਨ, ਸਹਿਕਰਮੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।