ਦਿਲਚਸਪ ਚੋਣ ਦੰਗਲ ਵਾਲਾ ਹੋਵੇਗਾ ਹਲਕਾ ਤਲਵੰਡੀ ਸਾਬੋ ਦਿਲਚਸਪ ਚੋਣ ਦੰਗਲ ਵਾਲਾ ਹੋਵੇਗਾ ਹਲਕਾ ਤਲਵੰਡੀ ਸਾਬੋ
Publish Date: Mon, 24 Aug 2026 04:09 PM (IST)
Updated Date: Mon, 24 Aug 2026 04:12 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਪੰਜਾਬ ਦੀ ਸਿਆਸਤ ਵਿਚ ਇਤਿਹਾਸਕ ਮਹੱਤਤਾ ਰੱਖਣ ਵਾਲਾ ਹਲਕਾ ਤਲਵੰਡੀ ਸਾਬੋ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸਿਆਸੀ ਚਰਚਾ ਦਾ ਕੇਂਦਰ ਬਣਦਾ ਜਾ ਰਿਹਾ ਹੈ। ਚੋਣਾਂ ਹਾਲੇ ਦੂਰ ਹਨ ਤੇ ਕਿਸੇ ਵੀ ਪਾਰਟੀ ਵੱਲੋਂ ਉਮੀਦਵਾਰਾਂ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ, ਪਰ ਵੱਖ-ਵੱਖ ਪਾਰਟੀਆਂ ਨਾਲ ਜੁੜੇ ਕਈ ਪ੍ਰਮੁੱਖ ਚਿਹਰੇ ਸਰਗਰਮ ਹਨ। ਮੌਜੂਦਾ ਸਿਆਸੀ ਸਮੀਕਰਨਾਂ ਨੂੰ ਦੇਖਦਿਆਂ ਆਉਣ ਵਾਲੀਆਂ ਚੋਣਾਂ ਵਿਚ ਮੁਕਾਬਲਾ ਬਹੁਕੋਣਾ ਹੋਣ ਦੇ ਆਸਾਰ ਬਣ ਰਹੇ ਹਨ। ਤਲਵੰਡੀ ਸਾਬੋ ਦਾ ਸਿਆਸੀ ਇਤਿਹਾਸ ਵੀ ਬਹੁਕੋਣੇ ਮੁਕਾਬਲਿਆਂ ਤੇ ਬਦਲਦੇ ਸਮੀਕਰਨਾਂ ਦਾ ਗਵਾਹ ਰਿਹਾ ਹੈ। ਜੂਨ 1991 ਦੀਆਂ ਵਿਧਾਨ ਸਭਾ ਚੋਣਾਂ ਕੁਝ ਘੰਟੇ ਪਹਿਲਾਂ ਹੀ ਮੌਕੇ ’ਤੇ ਰੱਦ ਕਰ ਦਿੱਤੀਆਂ ਗਈਆਂ ਸਨ। ਉਸ ਸਮੇਂ ਹਲਕੇ ਤੋਂ ਲਗਪਗ 19 ਉਮੀਦਵਾਰ ਮੈਦਾਨ ਵਿਚ ਸਨ, ਜਿਨ੍ਹਾਂ ਵਿਚ ਵੱਖ-ਵੱਖ ਸਿਆਸੀ ਧਿਰਾਂ, ਗਰਮਖਿਆਲੀ ਧੜਿਆਂ ਤੇ ਆਜ਼ਾਦ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ। ਕਾਂਗਰਸ ਵੱਲੋਂ ਚੋਣ ਦਾ ਬਾਈਕਾਟ ਕੀਤੇ ਜਾਣ ਕਾਰਨ ਵੀ ਸਿਆਸੀ ਮਾਹੌਲ ਆਮ ਚੋਣਾਂ ਤੋਂ ਵੱਖਰਾ ਬਣਿਆ ਹੋਇਆ ਸੀ। ਉਸ ਸਮੇਂ ਸੱਤ ਉਮੀਦਵਾਰਾਂ ਵਿਚਕਾਰ ਸਖ਼ਤ ਮੁਕਾਬਲੇ ਦੀ ਚਰਚਾ ਸੀ। ਉਸ ਸਮੇਂ ਹਲਕੇ ਵਿਚ ਕਰੀਬ 90 ਹਜ਼ਾਰ ਵੋਟਰ ਸਨ ਤੇ ਹਾਲਾਤਾਂ ਮੁਤਾਬਕ ਲਗਪਗ 50 ਹਜ਼ਾਰ ਵੋਟਾਂ ਪੈਣ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ। ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਸੀ ਕਿ ਇੰਨ੍ਹਾਂ ਸਖ਼ਤ ਮੁਕਾਬਲਾ ਹੋ ਸਕਦਾ ਹੈ ਕਿ ਜਿੱਤਣ ਵਾਲੇ ਉਮੀਦਵਾਰ ਲਈ ਵੀ ਜ਼ਮਾਨਤ ਬਚਾਉਣ ਲਈ ਲੋੜੀਂਦੀਆਂ ਵੋਟਾਂ ਹਾਸਲ ਕਰਨਾ ਚੁਣੌਤੀ ਬਣ ਸਕਦਾ ਹੈ। ਪਰ ਚੋਣਾਂ ਮੌਕੇ ’ਤੇ ਰੱਦ ਹੋ ਗਈਆਂ। ਉਪਲਬਧ ਚੋਣ ਰਿਕਾਰਡ ਅਨੁਸਾਰ ਤਲਵੰਡੀ ਸਾਬੋ ਵਿਚ ਅਗਲੀ ਵਿਧਾਨ ਸਭਾ ਚੋਣ 1992 ਵਿਚ ਹੋਈ। ਇਸ ਵਿਚ ਕਾਂਗਰਸ ਦੇ ਹਰਮਿੰਦਰ ਸਿੰਘ ਨੇ 4,209 ਵੋਟਾਂ ਲੈ ਕੇ ਜਿੱਤ ਦਰਜ ਕੀਤੀ। ਬਹੁਜਨ ਸਮਾਜ ਪਾਰਟੀ ਦੇ ਜਗਦੀਪ ਸਿੰਘ ਨੂੰ 3,217 ਤੇ ਸ੍ਰੋਮਣੀ ਅਕਾਲੀ ਦਲ ਦੇ ਤੇਜਾ ਸਿੰਘ ਨੂੰ 1,610 ਵੋਟਾਂ ਮਿਲੀਆਂ। ਕੁੱਲ ਵੈਧ ਵੋਟਾਂ 9,036 ਹੀ ਰਹੀਆਂ। 2027 ’ਚ ਮੁੜ ਬਹੁਕੋਣਾ ਮੁਕਾਬਲਾ 2027 ਵੱਲ ਨਜ਼ਰ ਮਾਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਵਿਧਾਇਕ ਪ੍ਰੋ. ਬਲਜਿੰਦਰ ਕੌਰ ਦਾ ਨਾਮ ਚਰਚਾ ਵਿਚ ਹੈ। ਸ੍ਰੋਮਣੀ ਅਕਾਲੀ ਦਲ ਵੱਲੋਂ ਰਵੀ ਪ੍ਰੀਤ ਸਿੰਘ ਸਿੱਧੂ, ਭਾਜਪਾ ਵੱਲੋਂ ਨਵਜੋਤ ਸਿੰਘ ਗੁਣੀ, ਜਦਕਿ ਕਾਂਗਰਸ ਵਿਚ ਨਵਪ੍ਰੀਤ ਕੌਰ ਜਟਾਣਾ ਪਤਨੀ ਖੁਸ਼ਬਾਜ਼ ਸਿੰਘ ਜਟਾਣਾ, ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਗੁਰਬਾਜ਼ ਸਿੰਘ ਸਿੱਧੂ, ਕ੍ਰਿਸ਼ਨ ਸਿੰਘ ਭਾਗੀਵਾਂਦਰ ਦੇ ਨਾਮ ਚਰਚਾ ਵਿੱਚ ਹਨ। ਕਾਂਗਰਸ ਵੱਲੋਂ ਇਨ੍ਹਾਂ ਵਿਚੋਂ ਕਿਸੇ ਇਕ ਨੂੰ ਟਿਕਟ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ‘ਵਾਰਿਸ ਪੰਜਾਬ ਦੇ’ ਵੱਲੋਂ ਅੰਮ੍ਰਿਤਪਾਲ ਸਿੰਘ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਜਗਦੀਪ ਸਿੰਘ ਗੋਗੀ ਦੇ ਨਾਮ ਵੀ ਸਿਆਸੀ ਹਲਕਿਆਂ ਵਿਚ ਚਰਚਿਤ ਹਨ। ਕਾਂਗਰਸ ਵਿਚ ਟਿਕਟ ਤੋਂ ਵਾਂਝੇ ਰਹਿਣ ਵਾਲੇ ਕਿਸੇ ਚਰਚਿਤ ਚਿਹਰੇ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਉਤਰਨ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਹਾਲਾਂਕਿ ਇਸ ਪੜਾਅ ’ਤੇ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਅਧਿਕਾਰਤ ਉਮੀਦਵਾਰ ਮੰਨਣਾ ਜਲਦਬਾਜ਼ੀ ਹੋਵੇਗੀ। ਪਾਰਟੀਆਂ ਵੱਲੋਂ ਟਿਕਟਾਂ ਬਾਰੇ ਅੰਤਿਮ ਫੈਸਲਾ ਬਾਅਦ ਵਿਚ ਕੀਤਾ ਜਾਣਾ ਹੈ। ਪਰ ਜੇਕਰ ਮੌਜੂਦਾ ਚਰਚਾ ਵਾਲੇ ਸਾਰੇ ਪ੍ਰਮੁੱਖ ਚਿਹਰੇ ਮੈਦਾਨ ਵਿੱਚ ਉਤਰਦੇ ਹਨ ਤਾਂ ਤਲਵੰਡੀ ਸਾਬੋ ਵਿੱਚ ਮੁਕਾਬਲਾ ਇੱਕ ਵਾਰ ਫਿਰ ਸੱਤਕੋਣਾ ਬਣ ਸਕਦਾ ਹੈ। ਜਿੱਤ ਦੇ ਨਾਲ ਜ਼ਮਾਨਤ ਬਚਾਉਣ ਦੀ ਚੁਣੌਤੀ ਬਹੁਕੋਣੇ ਮੁਕਾਬਲੇ ਵਿੱਚ ਵੋਟਾਂ ਦੀ ਵੰਡ ਸਭ ਤੋਂ ਅਹਿਮ ਕਾਰਕ ਬਣਦੀ ਹੈ। ਕਈ ਮਜ਼ਬੂਤ ਉਮੀਦਵਾਰਾਂ ਦੀ ਮੌਜੂਦਗੀ ਕਾਰਨ ਕਿਸੇ ਇਕ ਉਮੀਦਵਾਰ ਲਈ ਵੱਡਾ ਵੋਟ ਹਿੱਸਾ ਹਾਸਲ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਵਿੱਚ ਹਰ ਵੋਟ ਦੀ ਮਹੱਤਤਾ ਵਧ ਜਾਂਦੀ ਹੈ ਅਤੇ ਛੋਟੀਆਂ ਧਿਰਾਂ ਜਾਂ ਆਜ਼ਾਦ ਉਮੀਦਵਾਰਾਂ ਲਈ ਜਮਾਨਤ ਬਚਾਉਣਾ ਵੀ ਵੱਡੀ ਚੁਣੌਤੀ ਬਣ ਸਕਦਾ ਹੈ। ਤਿੰਨ ਦਹਾਕਿਆਂ ’ਚ ਬਦਲੇ ਸਿਆਸੀ ਸਮੀਕਰਨ ਤਲਵੰਡੀ ਸਾਬੋ ਦੀ ਸਿਆਸਤ ਪਿਛਲੇ ਤਿੰਨ ਦਹਾਕਿਆਂ ਵਿਚ ਕਈ ਬਦਲਾਅ ਦੇਖ ਚੁੱਕੀ ਹੈ। 1992 ਅਤੇ 1997 ਵਿੱਚ ਕਾਂਗਰਸ ਦੇ ਹਰਮਿੰਦਰ ਸਿੰਘ ਜੱਸੀ ਜੇਤੂ ਰਹੇ। 2002 ਵਿੱਚ ਆਜ਼ਾਦ ਉਮੀਦਵਾਰ ਵਜੋਂ ਜੀਤਮਹਿੰਦਰ ਸਿੰਘ ਸਿੱਧੂ ਨੇ ਜਿੱਤ ਹਾਸਲ ਕੀਤੀ ਅਤੇ 2007 ਤੇ 2012 ਵਿੱਚ ਵੀ ਉਹ ਕਾਂਗਰਸ ਦੇ ਉਮੀਦਵਾਰ ਵਜੋਂ ਜੇਤੂ ਰਹੇ। ਇਸ ਤੋਂ ਬਾਅਦ 2017 ਅਤੇ 2022 ਵਿੱਚ ਆਮ ਆਦਮੀ ਪਾਰਟੀ ਦੀ ਪ੍ਰੋ. ਬਲਜਿੰਦਰ ਕੌਰ ਨੇ ਜਿੱਤ ਦਰਜ ਕੀਤੀ। ਇਸ ਪਿਛੋਕੜ ਵਿਚ 2027 ਦੀ ਚੋਣ ਤਲਵੰਡੀ ਸਾਬੋ ਲਈ ਇੱਕ ਹੋਰ ਵੱਡਾ ਸਿਆਸੀ ਮੋੜ ਸਾਬਤ ਹੋ ਸਕਦੀ ਹੈ। ਜੇਕਰ ਚਰਚਾ ਵਿੱਚ ਆ ਰਹੇ ਸਾਰੇ ਚਿਹਰੇ ਮੈਦਾਨ ਵਿੱਚ ਉਤਰਦੇ ਹਨ ਤਾਂ 1991 ਦੇ ਬਹੁਕੋਣੇ ਸਿਆਸੀ ਮਾਹੌਲ ਦੀ ਯਾਦ ਮੁੜ ਤਾਜ਼ਾ ਹੋ ਸਕਦੀ ਹੈ। ਇਸ ਵਾਰ ਦਿਲਚਸਪੀ ਸਿਰਫ਼ ਜਿੱਤਣ ਵਾਲੇ ਉਮੀਦਵਾਰ ਨੂੰ ਲੈ ਕੇ ਨਹੀਂ ਹੋਵੇਗੀ, ਸਗੋਂ ਇਹ ਵੀ ਦੇਖਣਾ ਅਹਿਮ ਹੋਵੇਗਾ ਕਿ ਕਿਹੜਾ ਚਿਹਰਾ ਆਪਣੀ ਸਿਆਸੀ ਪਕੜ ਸਾਬਤ ਕਰਦਾ ਹੈ ਅਤੇ ਕੌਣ ਸਖ਼ਤ ਮੁਕਾਬਲੇ ਵਿੱਚ ਆਪਣੀ ਜਮਾਨਤ ਬਚਾਉਣ ਵਿੱਚ ਕਾਮਯਾਬ ਰਹਿੰਦਾ ਹੈ।