ਬਠਿੰਡਾ ਨੂੰ ਹਰਿਆ-ਭਰਿਆ ਬਣਾਉਣ ਦੇ ਸੰਕਲਪ ਨਾਲ ਮੇਅਰ ਮਹਿਤਾ ਵੱਲੋਂ ‘ਰੁੱਖ ਲਗਾਓ’ ਮੁਹਿੰਮ ਦੀ ਸ਼ੁਰੂਆਤ ਬਠਿੰਡਾ ਨੂੰ ਹਰਿਆ-ਭਰਿਆ ਬਣਾਉਣ ਦੇ ਸੰਕਲਪ ਨਾਲ ਮੇਅਰ ਮਹਿਤਾ ਵੱਲੋਂ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ
Publish Date: Thu, 20 Aug 2026 05:40 PM (IST)
Updated Date: Fri, 21 Aug 2026 04:03 AM (IST)
* ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੌਂਸਲਰ ਸਾਥੀਆਂ ਨਾਲ ਮਿਲ ਕੇ ਲਗਾਏ ਪੌਦੇ ਫੋਟੋ:32 ਕੈਪਸ਼ਨ : ਬਠਿੰਡਾ ਨੂੰ ਹਰਿਆ-ਭਰਿਆ ਬਣਾਉਣ ਲਈ ਪੌਦੇ ਲਗਾਉਦੇ ਹੋਏ ਮੇਅਰ ਪਦਮਜੀਤ ਮਹਿਤਾ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਅੱਜ ਆਪਣੇ ਸਾਥੀ ਕੌਂਸਲਰਾਂ ਨਾਲ ਮਿਲ ਕੇ ਮਾਡਲ ਟਾਊਨ ਫੇਜ਼-4 ਸਥਿਤ ਪਾਰਕ ਨੰਬਰ 186 ਵਿੱਚ ਪੌਦਾ ਲਗਾ ਕੇ ਵਾਤਾਵਰਣ ਸੰਭਾਲ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪਾਰਕ ’ਚ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਗਏ ਅਤੇ ਸ਼ਹਿਰ ਵਾਸੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਪੌਦਾ ਲਗਾਉਣ ਦੀ ਇਸ ਮੁਹਿੰਮ ਦੌਰਾਨ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਦਰੱਖਤ ਅਤੇ ਪੌਦੇ ਸਿਰਫ਼ ਸਾਡੇ ਵਾਤਾਵਰਣ ਦੀ ਸੁੰਦਰਤਾ ਹੀ ਨਹੀਂ ਵਧਾਉਂਦੇ, ਸਗੋਂ ਸ਼ੁੱਧ ਹਵਾ, ਸਾਫ਼ ਵਾਤਾਵਰਣ ਅਤੇ ਸਿਹਤਮੰਦ ਜੀਵਨ ਲਈ ਵੀ ਬੇਹੱਦ ਜ਼ਰੂਰੀ ਹਨ। ਅੱਜ ਵਧ ਰਹੇ ਪ੍ਰਦੂਸ਼ਣ ਅਤੇ ਬਦਲ ਰਹੀਆਂ ਵਾਤਾਵਰਣਕ ਸਥਿਤੀਆਂ ਨੂੰ ਦੇਖਦੇ ਹੋਏ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਪੌਦਾ ਲਗਾਉਣ ਦੀ ਮੁਹਿੰਮ ਨੂੰ ਨੂੰ ਜਨ-ਅਭਿਆਨ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਦਾ ਹਰ ਵਿਅਕਤੀ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਪੌਦਾ ਲਗਾਏ ਅਤੇ ਉਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਲੈ ਕੇ ਉਸ ਨੂੰ ਦਰੱਖਤ ਬਣਨ ਤੱਕ ਸੁਰੱਖਿਅਤ ਰੱਖੇ, ਤਾਂ ਆਉਣ ਵਾਲੇ ਸਾਲਾਂ ਵਿੱਚ ਬਠਿੰਡਾ ਨੂੰ ਹੋਰ ਵੀ ਹਰਿਆ-ਭਰਿਆ ਅਤੇ ਸੁੰਦਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪੌਦਾ ਲਗਾਉਣ ਦੇ ਨਾਲ-ਨਾਲ ਉਸ ਦੀ ਨਿਯਮਤ ਦੇਖਭਾਲ ਵੀ ਯਕੀਨੀ ਬਣਾਈ ਜਾਵੇ, ਕਿਉਂਕਿ ਪੌਦੇ ਲਗਾਓ ਮੁਹਿੰਮ ਤਾਂ ਹੀ ਸਾਰਥਕ ਹੋਵੇਗੀ ਜਦੋਂ ਲਗਾਏ ਗਏ ਪੌਦੇ ਸੁਰੱਖਿਅਤ ਰਹਿ ਕੇ ਵੱਡੇ ਦਰੱਖਤ ਬਣਨਗੇ। ‘ਇੱਕ ਵਿਅਕਤੀ, ਇੱਕ ਪੌਦਾ’ ਬਣੇ ਜਨ-ਅਭਿਆਨ : ਮੇਅਰ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੰਦਿਆਂ ਮੇਅਰ ਨੇ ਕਿਹਾ ਕਿ ਅੱਜ ਲੋੜ ਸਿਰਫ਼ ਪੌਦੇ ਲਗਾਉਣ ਦੀ ਨਹੀਂ, ਸਗੋਂ ਹਰਿਆਵਲ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਉਣ ਦੀ ਹੈ। ਉਨ੍ਹਾਂ ਸ਼ਹਿਰ ਦੇ ਨੌਜਵਾਨਾਂ, ਸਮਾਜਿਕ ਸੰਸਥਾਵਾਂ, ਵੱਖ-ਵੱਖ ਸੰਗਠਨਾਂ ਅਤੇ ਆਮ ਨਾਗਰਿਕਾਂ ਨੂੰ ਅੱਗੇ ਆ ਕੇ ਪੌਦਾ ਲਗਾਓ ਮੁਹਿੰਮਾਂ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦਰੱਖਤ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤ ਦੀ ਸਭ ਤੋਂ ਵੱਡੀ ਵਿਰਾਸਤ ਹਨ। ਇਸ ਲਈ ਅੱਜ ਲਗਾਏ ਗਏ ਹਰ ਪੌਦੇ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਇੱਕ ਤੋਹਫ਼ੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਇਸ ਮੌਕੇ ਮੇਅਰ ਦੇ ਨਾਲ ਪੰਡਿਤ ਦੇਵ ਸ਼ਰਮਾ, ਐਮਸੀ ਹਰਵੀਰ ਸਿੰਘ ਰਿਪੂ, ਐਮਸੀ ਉਮੇਸ਼ ਗਰਗ ਗੋਗੀ, ਐਮਸੀ ਬੇਅੰਤ ਸਿੰਘ ਰੰਧਾਵਾ, ਐਮਸੀ ਮਨੀਸ਼ ਕੁਮਾਰ ਡਿੰਪੀ ਬਾਘਲਾ, ਐਮਸੀ ਜਗਪਾਲ ਸਿੰਘ ਗੋਰਾ ਸਿੱਧੂ, ਐਮਸੀ ਗੁਰਚਰਨ ਸਿੰਘ, ਮਨਦੀਪ ਸਿੰਘ ਨਵੀ, ਅਮਨਦੀਪ ਅਤੇ ਐਲਐਸਓ ਗੁਰਲਾਲ ਸਿੰਘ ਹਾਜ਼ਰ ਸਨ।