ਬਠਿੰਡਾ ਦਿਹਾਤੀ ’ਚ ਇੱਕੋ ਪਿੰਡ ਕੋਟਫੱਤਾ ਤਿੰਨ ਉਮੀਦਵਾਰਾਂ ਦੇ ਆਹਮੋ-ਸਾਹਮਣੇ ਹੋਣ ਦੀ ਸੰਭਾਵਨਾ ਬਠਿੰਡਾ ਦਿਹਾਤੀ ’ਚ ਇੱਕੋ ਪਿੰਡ ਕੋਟਫੱਤਾ ਤਿੰਨ ਉਮੀਦਵਾਰਾਂ ਦੇ ਆਹਮੋ-ਸਾਹਮਣੇ ਹੋਣ ਦੀ ਸੰਭਾਵਨਾ
Publish Date: Wed, 12 Aug 2026 04:36 PM (IST)
Updated Date: Wed, 12 Aug 2026 04:38 PM (IST)
ਗੋਪਾਲ ਸਿੰਘ ਕੋਟਫੱਤਾ ਨੂੰ ‘ਆਪ’, ਦਰਸ਼ਨ ਸਿੰਘ ਕੋਟਫੱਤਾ ਨੂੰ ਭਾਜਪਾ ਤੇ ਅਮਿਤ ਰਤਨ ਕੋਟਫੱਤਾ ਆਜ਼ਾਦ ਉਮੀਦਵਾਰ ਵਜੋਂ ਲੜ ਸਕਦੇ ਹਨ ਚੋਣ ਸ੍ਰੋਮਣੀ ਅਕਾਲੀ ਦਲ ਵੱਲੋਂ ਇਕ ਪ੍ਰੋਫੈਸਰ ਦੇ ਚੋਣ ਲੜਨ ਦੀ ਚਰਚਾ, ਕਾਂਗਰਸੀ ਉਮੀਦਵਾਰਾਂ ਦੀ ਸੂਚੀ ਲੰਬੀ ਗੁਰੇਤਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਦੀ ਸਿਆਸਤ ਦਿਲਚਸਪ ਮੋੜ ਲੈਂਦੀ ਨਜ਼ਰ ਆ ਰਹੀ ਹੈ। ਜੇਕਰ ਮੌਜੂਦਾ ਸਿਆਸੀ ਸਮੀਕਰਨ ਇਸੇ ਤਰ੍ਹਾਂ ਬਣੇ ਰਹਿੰਦੇ ਹਨ ਤਾਂ ਇਸ ਹਲਕੇ ਤੋਂ ਇੱਕੋ ਪਿੰਡ ਕੋਟਫੱਤਾ ਨਾਲ ਸਬੰਧਤ ਤਿੰਨ ਆਗੂਆਂ ਵਿਚਕਾਰ ਚੋਣਾਵੀ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਆਪ ਦੇ ਹਲਕਾ ਇੰਚਾਰਜ਼ ਸੇਵਾ ਮੁਕਤ ਪੀਸੀਐਸ ਅਧਿਕਾਰੀ ਗੋਪਾਲ ਸਿੰਘ ਕੋਟਫੱਤਾ, ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਅਤੇ ‘ਆਪ’ ਦੇ ਮੌਜੂਦਾ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਨਾਮ ਨੂੰ ਲੈ ਕੇ ਹਲਕੇ ਵਿੱਚ ਚਰਚਾ ਤੇਜ਼ ਹੋ ਗਈ ਹੈ। ਸਿਆਸੀ ਹਲਕਿਆਂ ਵਿੱਚ ਚੱਲ ਰਹੀਆਂ ਚਰਚਾਵਾਂ ਮੁਤਾਬਕ ਗੋਪਾਲ ਸਿੰਘ ਕੋਟਫੱਤਾ ਨੂੰ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੀ ਸੰਭਾਵਨਾ ਮਜ਼ਬੂਤ ਮੰਨੀ ਜਾ ਰਹੀ ਹੈ। ਦੂਜੇ ਪਾਸੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਭਾਜਪਾ ਵੱਲੋ ਚੋਣ ਮੈਦਾਨ ਵਿਚ ਉਤਾਰਿਆ ਜਾਣਾ ਤੈਅ ਹੈ। ਜੇਕਰ ਦੋਵੇਂ ਪਾਰਟੀਆਂ ਆਪਣੇ-ਆਪਣੇ ਉਮੀਦਵਾਰਾਂ ਨੂੰ ਬਠਿੰਡਾ ਦਿਹਾਤੀ ਤੋਂ ਮੈਦਾਨ ਵਿੱਚ ਉਤਾਰਦੀਆਂ ਹਨ ਤਾਂ ਹਲਕੇ ਦੀ ਚੋਣਾਵੀ ਜੰਗ ਕਾਫ਼ੀ ਦਿਲਚਸਪ ਹੋ ਸਕਦੀ ਹੈ। ਦਰਸ਼ਨ ਸਿੰਘ ਕੋਟਫੱਤਾ ਦਾ ਬਠਿੰਡਾ ਦਿਹਾਤੀ ਹਲਕੇ ਨਾਲ ਪੁਰਾਣਾ ਸਿਆਸੀ ਨਾਤਾ ਹੈ। ਸਾਲ 2012 ਵਿੱਚ ਉਨ੍ਹਾਂ ਨੇ ਅਕਾਲੀ ਦਲ ਦੀ ਟਿਕ ’ਤੇ ਇਸੇ ਹਲਕੇ ਤੋਂ ਜਿੱਤ ਦਰਜ ਕੀਤੀ ਸੀ। ਇਸ ਦੌਰਾਨ ਮੌਜੂਦਾ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਸਥਿਤੀ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਿਆਸੀ ਹਲਕਿਆਂ ਵਿੱਚ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜੇਕਰ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਾਂ ਦਿੱਤੀ ਤਾਂ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰ ਸਕਦੇ ਹਨ। ਅਜਿਹੀ ਸਥਿਤੀ ਵਿੱਚ ਇੱਕੋ ਪਿੰਡ ਨਾਲ ਸਬੰਧਤ ਤਿੰਨ ਉਮੀਦਵਾਰਾ ਦੇ ਆਹਮੋ-ਸਾਹਮਣੇ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਜੇਕਰ ਇਹ ਚੋਣਾਵੀ ਸਮੀਕਰਨ ਹਕੀਕਤ ਵਿੱਚ ਬਦਲਦਾ ਹੈ ਤਾਂ ਬਠਿੰਡਾ ਦਿਹਾਤੀ ਦੀ ਚੋਣ ਸਿਰਫ਼ ਪਾਰਟੀਆਂ ਵਿਚਕਾਰ ਮੁਕਾਬਲਾ ਨਹੀਂ ਰਹੇਗੀ, ਸਗੋਂ ਇੱਕੋ ਪਿੰਡ ਨਾਲ ਸਬੰਧਤ ਤਿੰਨ ਆਗੂਆਂ ਦੀ ਸਿਆਸੀ ਪਕੜ, ਨਿੱਜੀ ਜਨ ਆਧਾਰ ਅਤੇ ਹਲਕੇ ਵਿੱਚ ਉਨ੍ਹਾਂ ਦੇ ਪ੍ਰਭਾਵ ਦੀ ਵੀ ਪਰਖ ਹੋਵੇਗੀ। ਹਾਲਾਂਕਿ 2027 ਦੀਆਂ ਚੋਣਾਂ ਲਈ ਅਜੇ ਉਮੀਦਵਾਰਾਂ ਦੀਆਂ ਅਧਿਕਾਰਤ ਟਿਕਟਾਂ ਦਾ ਐਲਾਨ ਨਹੀਂ ਹੋਇਆ, ਪਰ ਮੌਜੂਦਾ ਹਾਲਾਤਾਂ ਨੇ ਬਠਿੰਡਾ ਦਿਹਾਤੀ ਦੀ ਸਿਆਸਤ ਨੂੰ ਪਹਿਲਾਂ ਹੀ ਗਰਮਾ ਦਿੱਤਾ ਹੈ। ਸ੍ਰੋਮਣੀ ਅਕਾਲੀ ਦਲ ਵੱਲੋਂ ਭਾਵੇਂ ਬਠਿੰਡਾ ਦਿਹਾਤੀ ਹਲਕੇ ਤੋਂ ਕਈ ਉਮੀਦਵਾਰ ਟਿਕਟ ਮੰਗ ਰਹੇ ਹਨ, ਪਰ ਲੰਬੀ ਪਿੰਡ ਨਾਲ ਸਬੰਧਤ ਇਕ ਪ੍ਰੋਫੈਸਰ ਨੂੰ ਚੋਣ ਮੈਦਾਨ ਵਿਚ ਉਤਾਰੇ ਜਾਣ ਦੀ ਚਰਚਾ ਛਿੜੀ ਹੋਈ ਹੈ। ਉਕਤ ਪ੍ਰੋਫੈਸਰ ਬਾਦਲ ਪਰਿਵਾਰ ਦੇ ਨੇੜਲਿਆਂ ਵਿੱਚੋਂ ਜਾਣਿਆ ਜਾਂਦਾ ਹੈ ਅਤੇ ਪਰਿਵਾਰ ਦਾ ਵਫਾਦਾਰ ਹੈ। ਹਾਲਾਕਿ ਇਸ ਹਲਕੇ ਤੋਂ ਦੋ ਤਿੰਨ ਹੋਰ ਉਮੀਦਵਾਰਾਂ ਵੀ ਅਕਾਲੀ ਦਲ ਦੀ ਟਿਕਟ ਮੰਗ ਰਹੇ ਹਨ। ਹਾਲਾਕਿ ਕਈ ਅਜਿਹੇ ਆਗੂ ਹਨ ਜਿਹੜੇ ਵੱਖ ਵੱਖ ਸਿਆਸੀ ਪਾਰਟੀਆਂ ਤੋਂ ਟਿਕਟਾਂ ਦੀ ਮੰਗ ਕਰ ਰਹੇ ਹਨ ਅਤੇ ਜਿਹੜੇ ਪਾਸੇ ਦਾਅ ਲੱਗਦਾ ਹੈ ਲਾਇਆ ਜਾ ਰਿਹਾ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪ੍ਰੋਫੈਸਰ ਨੇ ਬਠਿੰਡਾ ਦਿਹਤੀ ਹਲਕੇ ਵਿਚ ਵਿਚਰਨਾ ਸ਼ੁਰੂ ਕਰ ਦਿੱਤਾ ਹੈ। ਇਸ ਹਲਕੇ ਤੋਂ ਦਲਿਤ ਆਗੂ ਜਗਦੀਪ ਸਿੰਘ ਗਹਿਰੀ, ਜਸਕਰਨ ਸਿੰਘ ਗਹਿਰੀ ਬੁੱਟਰ ਅਤੇ ਰਾਜਵੰਤ ਸਿੰਘ ਕੋਟਭਾਰਾ ਵੀ ਟਿਕਟ ਦੀ ਦੌੜ ਵਿਚ ਹਨ। ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਲਿਸਟ ਵੀ ਲੰਬੀ ਹੈ। ਸਾਬਕਾ ਵਿਧਾਇਕ ਪ੍ਰੋ. ਰੁਪਿੰਦਰ ਕੌਰ ਰੂਬੀ, ਕਾਂਗਰਸ ਦੇ ਜਨਰਲ ਸਕੱਤਰ ਕਿਰਨਜੀਤ ਸਿੰਘ ਗਹਿਰੀ, ਜੀਵਨਜੋਤ ਕੌਰ ਭੱਟੀ, ਅਵਤਾਰ ਸਿੰਘ ਮਾਨ ਸ਼ਾਮਲ ਹਨ। ਪ੍ਰੋ. ਰੁਪਿੰਦਰ ਕੌਰ ਰੂਬੀ ਇਕ ਵਾਰ ਇਸ ਹਲਕੇ ਤੋਂ ਵਿਧਾਇਕ ਬਣ ਕੇ ਨੁਮਾਇੰਦਗੀ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਹਲਕੇ ਵਿਚ ਪੁਰਾਣੇ ਤੁਅੱਲਕਾਤ ਹਨ। ਉਹ ਪਿਛਲੇ ਲੰਬੇ ਸਮੇਂ ਤੋਂ ਸਿਆਸੀ ਤੌਰ ’ਤੇ ਸਰਗਰਮ ਹਨ। ਦੂਜੇ ਪਾਸੇ ਕਿਰਨਜੀਤ ਸਿੰਘ ਗਹਿਰੀ, ਜੀਵਨਜੋਤ ਕੌਰ ਤੇ ਅਵਤਾਰ ਸਿੰਘ ਮਾਨ ਕਾਫੀ ਸਰਗਰਮ ਹਨ।