ਨਗਰ ਨਿਗਮ ਨੇ ਬਠਿੰਡਾ ਸ਼ਹਿਰ ਵਿਚ ਆਪਣਾ ਪੈਟਰੋਲ ਪੰਪ ਲਾਉਣ ਦੀ ਤਿਆਰੀ ਖਿੱਚੀ ਨਗਰ ਨਿਗਮ ਨੇ ਬਠਿੰਡਾ ਸ਼ਹਿਰ ਵਿਚ ਆਪਣਾ ਪੈਟਰੋਲ ਪੰਪ ਲਾਉਣ ਦੀ ਤਿਆਰੀ ਖਿੱਚੀ
Publish Date: Tue, 11 Aug 2026 04:22 PM (IST)
Updated Date: Tue, 11 Aug 2026 04:23 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ ਨਗਰ ਨਿਗਮ ਹੁਣ ਆਪਣਾ ਪੈਟਰੋਲ ਪੰਪ ਸਥਾਪਤ ਕਰਨ ਦੀ ਦਿਸ਼ਾ ’ਚ ਕਦਮ ਵਧਾਉਣ ਜਾ ਰਿਹਾ ਹੈ। ਟਿੱਪਰ ਸਟੈਂਡ ਨੇੜੇ ਵਕਫ਼ ਬੋਰਡ ਦੀ ਜ਼ਮੀਨ ਲੀਜ਼ ’ਤੇ ਲੈਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ’ਚ ਪੈਟਰੋਲ ਪੰਪ ਲਾਉਣ ਨੂੰ ਪਹਿਲਾਂ ਹੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਮਤੇ ਅਨੁਸਾਰ ਨਿਗਮ ਦੀ ਵਰਕਸ ਸ਼ਾਖਾ ਦੀ ਮਸ਼ੀਨਰੀ ਤੇ ਵਾਹਨਾਂ ਲਈ ਵਾਲਮੀਕੀ ਚੌਕ ਨੇੜੇ ਸਥਿਤ ਟਿੱਪਰ ਸਟੈਂਡ ਦੇ ਨਾਲ ਲੱਗਦੀ ਵਕਫ਼ ਬੋਰਡ ਦੀ ਖਾਲੀ ਜ਼ਮੀਨ ਲੀਜ਼ ’ਤੇ ਲੈ ਕੇ ਪੈਟਰੋਲ ਪੰਪ ਸਥਾਪਤ ਕਰਨ ਦੀ ਯੋਜਨਾ ਹੈ। ਨਗਰ ਨਿਗਮ ਦੇ ਅਧਿਕਾਰੀਆਂ ਮੁਤਾਬਕ ਵਰਕਸ ਸ਼ਾਖਾ ਨਾਲ ਸਬੰਧਤ ਜ਼ਿਆਦਾਤਰ ਮਸ਼ੀਨਰੀ ਅਤੇ ਵਾਹਨ ਵਾਲਮੀਕੀ ਚੌਕ ਦੇ ਨੇੜੇ ਸਥਿਤ ਟਿੱਪਰ ਸਟੈਂਡ ’ਤੇ ਖੜ੍ਹੇ ਰਹਿੰਦੇ ਹਨ। ਇਸ ਵੇਲੇ ਇਨ੍ਹਾਂ ਵਾਹਨਾਂ ਨੂੰ ਤੇਲ ਭਰਵਾਉਣ ਲਈ ਨਿਗਮ ਵੱਲੋਂ ਅਧਿਕਾਰਤ ਪੈਟਰੋਲ ਪੰਪ ’ਤੇ ਜਾਣਾ ਪੈਂਦਾ ਹੈ, ਜੋ ਟਿੱਪਰ ਸਟੈਂਡ ਤੋਂ ਲਗਭਗ ਤਿੰਨ ਕਿਲੋਮੀਟਰ ਦੂਰ ਹੈ। ਵਾਹਨਾਂ ਨੂੰ ਸਿਰਫ਼ ਤੇਲ ਭਰਵਾਉਣ ਲਈ ਉੱਥੇ ਲਿਜਾਣ ਅਤੇ ਵਾਪਸ ਲਿਆਉਣ ਵਿੱਚ ਵਾਧੂ ਡੀਜ਼ਲ-ਪੈਟਰੋਲ ਦੀ ਖਪਤ ਦੇ ਨਾਲ-ਨਾਲ ਮੁਲਾਜ਼ਮਾਂ ਦਾ ਸਮਾਂ ਵੀ ਖਰਚ ਹੁੰਦਾ ਹੈ। ਇਸ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਨੇ ਟਿੱਪਰ ਸਟੈਂਡ ਦੇ ਨੇੜੇ ਹੀ ਪੈਟਰੋਲ ਪੰਪ ਸਥਾਪਤ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਇਸ ਤਹਿਤ ਵਕਫ਼ ਬੋਰਡ ਦੀ ਖਾਲੀ ਜ਼ਮੀਨ ਨੂੰ ਲੀਜ਼ ’ਤੇ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਮਤੇ ਮੁਤਾਬਕ ਸਬੰਧਤ ਤੇਲ ਕੰਪਨੀਆਂ ਵਿਚਕਾਰ ਮੁਕਾਬਲੇ ਵਾਲੀ ਬੋਲੀ ਪ੍ਰਕਿਰਿਆ ਰਾਹੀਂ ਸਥਾਨ ਦਾ ਅਲਾਟਮੈਂਟ ਕੀਤਾ ਜਾਵੇਗਾ। ਚੁਣੀ ਗਈ ਕੰਪਨੀ ਵੱਲੋਂ ਇੱਥੇ ਕੰਪਨੀ ਓਨਡ, ਕੰਪਨੀ ਓਪਰੇਟਿਡ (ਸੀਓਸੀਓ) ਮਾਡਲ ਤਹਿਤ ਪੈਟਰੋਲ ਪੰਪ ਚਲਾਇਆ ਜਾਵੇਗਾ। ਰੋਜ਼ਾਨਾ ਲਗਭਗ 3000 ਲੀਟਰ ਤੇਲ ਦੀ ਖਪਤ ਨਗਰ ਨਿਗਮ ਦੇ ਰਿਕਾਰਡ ਅਨੁਸਾਰ ਇਸ ਸਮੇਂ ਨਿਗਮ ਦੇ ਵਾਹਨਾਂ ਅਤੇ ਮਸ਼ੀਨਰੀ ਵਿੱਚ ਰੋਜ਼ਾਨਾ ਕਰੀਬ 3000 ਲੀਟਰ ਤੇਲ ਦੀ ਖਪਤ ਹੁੰਦੀ ਹੈ। ਨਿਗਮ ਦਾ ਆਪਣਾ ਪੈਟਰੋਲ ਪੰਪ ਸ਼ੁਰੂ ਹੋਣ ਨਾਲ ਜਿੱਥੇ ਵਾਹਨਾਂ ਨੂੰ ਨੇੜੇ ਹੀ ਤੇਲ ਮਿਲ ਸਕੇਗਾ, ਉੱਥੇ ਤੇਲ ਦੀ ਖਰੀਦ ਅਤੇ ਵਰਤੋਂ ਦੀ ਨਿਗਰਾਨੀ ਵੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾ ਸਕੇਗੀ। ਨਿਗਮ ਅਨੁਸਾਰ ਆਪਣਾ ਪੰਪ ਹੋਣ ਨਾਲ ਵਾਹਨਾਂ ਨੂੰ ਬਿਨਾਂ ਵਾਧੂ ਰਿਟੇਲ ਆਊਟਲੈਟ ਕਮਿਸ਼ਨ ਦੇ ਤੇਲ ਉਪਲਬਧ ਕਰਵਾਉਣ ਦੀ ਸੰਭਾਵਨਾ ਰਹੇਗੀ। ਇਸ ਨਾਲ ਲੰਬੇ ਸਮੇਂ ਵਿੱਚ ਨਿਗਮ ਦੇ ਈਂਧਨ ਖਰਚ ਵਿੱਚ ਵੀ ਕਮੀ ਆ ਸਕਦੀ ਹੈ। ਇਸ ਦੇ ਨਾਲ ਹੀ ਪੰਪ ਤੋਂ ਹੋਣ ਵਾਲੀ ਆਮਦਨ ਨਗਰ ਨਿਗਮ ਲਈ ਇੱਕ ਨਿਯਮਤ ਆਮਦਨ ਦਾ ਸਰੋਤ ਬਣ ਸਕਦੀ ਹੈ। ਸ਼ਹਿਰ ਦਾ ਦੂਜਾ ਸਰਕਾਰੀ ਪੈਟਰੋਲ ਪੰਪ ਹੋਵੇਗਾ ਜੇਕਰ ਇਹ ਪ੍ਰਾਜੈਕਟ ਅਮਲ ਵਿੱਚ ਆਉਂਦਾ ਹੈ ਤਾਂ ਬਠਿੰਡਾ ਸ਼ਹਿਰ ਵਿੱਚ ਇਹ ਦੂਜਾ ਸਰਕਾਰੀ ਪੈਟਰੋਲ ਪੰਪ ਹੋਵੇਗਾ। ਇਸ ਤੋਂ ਪਹਿਲਾਂ ਨਗਰ ਸੁਧਾਰ ਟਰੱਸਟ ਵੱਲੋਂ ਬੀਬੀ ਵਾਲਾ ਰੋਡ ’ਤੇ ਸਰਕਾਰੀ ਪੈਟਰੋਲ ਪੰਪ ਚਲਾਇਆ ਜਾ ਰਿਹਾ ਹੈ। ਨਗਰ ਨਿਗਮ ਦਾ ਪ੍ਰਸਤਾਵਿਤ ਪੰਪ ਵਾਲਮੀਕੀ ਚੌਕ, ਟਿੱਪਰ ਸਟੈਂਡ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰ ਤੋਂ ਇਲਾਵਾ ਸ਼ਹਿਰ ਵਿੱਚ ਆਉਣ-ਜਾਣ ਵਾਲੇ ਵਾਹਨਾਂ ਲਈ ਵੀ ਸੁਵਿਧਾਜਨਕ ਹੋ ਸਕਦਾ ਹੈ। ਬਾਕਸ ਤੇਲ ਖਰਚ ਦੀ ਨਿਗਰਾਨੀ ਹੋਵੇਗੀ ਪਾਰਦਰਸ਼ੀ ਨਗਰ ਨਿਗਮ ਦੇ ਤੇਲ ਖਰਚ ਨੂੰ ਲੈ ਕੇ ਸਮੇਂ-ਸਮੇਂ ’ਤੇ ਸਵਾਲ ਵੀ ਉੱਠਦੇ ਰਹੇ ਹਨ। ਪੈਟਰੋਲ ਅਤੇ ਡੀਜ਼ਲ ਦੀ ਖਪਤ, ਵਾਹਨਾਂ ਨੂੰ ਜਾਰੀ ਕੀਤੇ ਜਾਣ ਵਾਲੇ ਤੇਲ ਅਤੇ ਭੁਗਤਾਨ ਸਬੰਧੀ ਕਈ ਵਾਰ ਦੋਸ਼-ਪ੍ਰਤਿਦੋਸ਼ ਸਾਹਮਣੇ ਆਉਂਦੇ ਰਹੇ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਆਪਣਾ ਪੈਟਰੋਲ ਪੰਪ ਸ਼ੁਰੂ ਹੋਣ ਨਾਲ ਤੇਲ ਦੀ ਸਪਲਾਈ, ਵੰਡ ਅਤੇ ਖਪਤ ਦਾ ਰਿਕਾਰਡ ਵਧੇਰੇ ਵਿਵਸਥਿਤ ਢੰਗ ਨਾਲ ਰੱਖਿਆ ਜਾ ਸਕੇਗਾ। ਇਸ ਨਾਲ ਤੇਲ ਸਬੰਧੀ ਬੇਨਿਯਮੀਆਂ ਅਤੇ ਕਥਿਤ ਘਪਲਿਆਂ ਦੇ ਦੋਸ਼ਾਂ ’ਤੇ ਵੀ ਰੋਕ ਲਗਾਉਣ ਵਿੱਚ ਮਦਦ ਮਿਲ ਸਕਦੀ ਹੈ। ਆਮ ਲੋਕ ਵੀ ਭਰਵਾ ਸਕਣਗੇ ਪੈਟਰੋਲ-ਡੀਜ਼ਲ ਮੇਅਰ ਪਦਮਜੀਤ ਮਹਿਤਾ ਨੇ ਦੱਸਿਆ ਕਿ ਪ੍ਰਸਤਾਵਿਤ ਪੈਟਰੋਲ ਪੰਪ ਨੂੰ ਸਿਰਫ਼ ਨਗਰ ਨਿਗਮ ਦੇ ਵਾਹਨਾਂ ਤਕ ਸੀਮਤ ਰੱਖਣ ਦੀ ਯੋਜਨਾ ਨਹੀਂ ਹੈ। ਆਮ ਲੋਕ ਵੀ ਇੱਥੋਂ ਆਪਣੇ ਵਾਹਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਭਰਵਾ ਸਕਣਗੇ। ਇਸ ਨਾਲ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਵੀ ਸਹੂਲਤ ਮਿਲੇਗੀ ਅਤੇ ਪੈਟਰੋਲ ਪੰਪਾਂ ਵਿਚਕਾਰ ਮੁਕਾਬਲਾ ਵਧਣ ਨਾਲ ਬਿਹਤਰ ਸੇਵਾਵਾਂ ਮਿਲਣ ਦੀ ਉਮੀਦ ਹੈ। ਜਨਰਲ ਹਾਊਸ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਨਗਰ ਨਿਗਮ ਵੱਲੋਂ ਵਕਫ਼ ਬੋਰਡ ਦੀ ਜ਼ਮੀਨ ਲੀਜ਼ ’ਤੇ ਲੈਣ, ਤੇਲ ਕੰਪਨੀ ਦੀ ਚੋਣ ਅਤੇ ਹੋਰ ਪ੍ਰਸ਼ਾਸਨਿਕ ਕਾਰਵਾਈਆਂ ਨੂੰ ਅੱਗੇ ਵਧਾਇਆ ਜਾਵੇਗਾ। ਸਾਰੀਆਂ ਲੋੜੀਂਦੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਹੀ ਪੈਟਰੋਲ ਪੰਪ ਸਥਾਪਤ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ।