ਤੀਆਂ ਤੀਜ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਖੂਬਸੂਰਤ ਪਹਿਚਾਣ: ਮਨਜਿੰਦਰ ਕੌਰ ਭੱਲਾ, ਭਾਈਰੂਪਾ ਵਿਖੇ ਤੀਆਂ ਤੀਜ ਸਬੰਧੀ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਤੀਆਂ ਤੀਜ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਖੂਬਸੂਰਤ ਪਹਿਚਾਣ: ਮਨਜਿੰਦਰ ਕੌਰ ਭੱਲਾ
Publish Date: Tue, 11 Aug 2026 04:18 PM (IST)
Updated Date: Tue, 11 Aug 2026 04:20 PM (IST)
ਸੰਜੀਵ ਸਿੰਗਲਾ, ਪੰਜਾਬੀ ਜਾਗਰਣ ਭਾਈਰੂਪਾ ਤੀਆਂ ਤੀਜ ਦੇ ਤਿਉਹਾਰ ਸਬੰਧੀ ਭਾਈਰੂਪਾ ਵਿਖੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮਨਜਿੰਦਰ ਕੌਰ ਭੱਲਾ ਧਰਮ ਪਤਨੀ ਜਤਿੰਦਰ ਸਿੰਘ ਭੱਲਾ ਪ੍ਰਧਾਨ ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਔਰਤਾਂ ਵੱਲੋਂ ਤੀਆਂ ਦੇ ਤਿਉਹਾਰ ਨਾਲ ਸਬੰਧਤ ਰਵਾਇਤੀ ਗਿੱਧਾ, ਬੋਲੀਆਂ ਅਤੇ ਲੋਕ-ਗੀਤ ਪੇਸ਼ ਕਰਕੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਝਲਕ ਪੇਸ਼ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਮਨਜਿੰਦਰ ਕੌਰ ਭੱਲਾ ਨੇ ਕਿਹਾ ਕਿ ਤੀਆਂ ਤੀਜ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਿਆ ਇੱਕ ਖੂਬਸੂਰਤ ਤਿਉਹਾਰ ਹੈ। ਇਹ ਤਿਉਹਾਰ ਔਰਤਾਂ ਨੂੰ ਆਪਸੀ ਮਿਲਵਰਤਣ, ਪਿਆਰ, ਸਤਿਕਾਰ ਅਤੇ ਭਾਈਚਾਰੇ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਸਮਾਜ ਵਿੱਚ ਔਰਤਾਂ ਦੀ ਸਾਂਝ ਅਤੇ ਖੁਸ਼ੀਆਂ ਦਾ ਪ੍ਰਤੀਕ ਰਿਹਾ ਹੈ, ਜਿਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਤੀਆਂ ਦੇ ਤਿਉਹਾਰ ਨੂੰ ਸਿਰਫ਼ ਮਨੋਰੰਜਨ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਇਸ ਮੌਕੇ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ, ਸਿੱਖਿਆ, ਸਿਹਤ, ਸੁਰੱਖਿਆ ਅਤੇ ਸਵੈ-ਨਿਰਭਰਤਾ ਪ੍ਰਤੀ ਵੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਔਰਤਾਂ ਸਮਾਜ ਦੀ ਮਜ਼ਬੂਤ ਨੀਂਹ ਹਨ ਅਤੇ ਉਨ੍ਹਾਂ ਨੂੰ ਸਿੱਖਿਆ ਤੇ ਆਤਮ-ਨਿਰਭਰਤਾ ਦੇ ਮੌਕੇ ਪ੍ਰਦਾਨ ਕਰਕੇ ਸਮਾਜ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਮੈਡਮ ਭੱਲਾ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਔਰਤਾਂ ਨੂੰ ਮਿਲ-ਜੁਲ ਕੇ ਤੀਆਂ ਦੇ ਸਾਂਝੇ ਸਮਾਗਮ ਕਰਵਾਉਣੇ ਚਾਹੀਦੇ ਹਨ। ਇਨ੍ਹਾਂ ਸਮਾਗਮਾਂ ਰਾਹੀਂ ਗਿੱਧਾ, ਬੋਲੀਆਂ ਅਤੇ ਲੋਕ-ਗੀਤਾਂ ਵਰਗੀਆਂ ਪੰਜਾਬੀ ਲੋਕ-ਕਲਾਵਾਂ ਨੂੰ ਸੰਭਾਲਿਆ ਜਾ ਸਕਦਾ ਹੈ। ਅਜਿਹੇ ਸਮਾਗਮ ਔਰਤਾਂ ਵਿੱਚ ਆਪਸੀ ਸਹਿਯੋਗ ਅਤੇ ਭਰੋਸੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਵੀ ਪੰਜਾਬੀ ਸੱਭਿਆਚਾਰ ਅਤੇ ਰਵਾਇਤੀ ਤਿਉਹਾਰਾਂ ਨਾਲ ਜੋੜਨ ਦੀ ਲੋੜ ਹੈ, ਤਾਂ ਜੋ ਪੰਜਾਬੀ ਵਿਰਸੇ ਦੀਆਂ ਚੰਗੀਆਂ ਕਦਰਾਂ-ਕੀਮਤਾਂ ਅਗਲੀ ਪੀੜ੍ਹੀ ਤੱਕ ਪਹੁੰਚ ਸਕਣ। ਤੀਆਂ ਦਾ ਤਿਉਹਾਰ ਸਾਨੂੰ ਸਾਂਝ, ਸਤਿਕਾਰ, ਪਿਆਰ ਅਤੇ ਖੁਸ਼ੀਆਂ ਵੰਡਣ ਦਾ ਸੁਨੇਹਾ ਦਿੰਦਾ ਹੈ। ਸਮਾਗਮ ਦੌਰਾਨ ਹਾਜ਼ਰ ਔਰਤਾਂ ਅਤੇ ਪਤਵੰਤਿਆਂ ਵੱਲੋਂ ਤੀਆਂ ਦੇ ਰਵਾਇਤੀ ਰੰਗ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅਮਨਦੀਪ ਕੌਰ, ਸਰਪੰਚ ਸ਼ਗਨਪ੍ਰੀਤ ਕੌਰ, ਕੁਲਵੰਤ ਕੌਰ, ਸੁਖਵਿੰਦਰ ਕੌਰ, ਵੀਰਪਾਲ ਕੌਰ, ਰਣਦੀਪ ਕੌਰ, ਜਸਪ੍ਰੀਤ ਕੌਰ, ਸਤਵੀਰ ਕੌਰ ਐਮਸੀ, ਹਰਦੀਪ ਸਿੰਘ ਪ੍ਰਧਾਨ, ਜਸਵੀਰ ਸਿੰਘ ਐਮਸੀ, ਗੁਰਤੇਜ ਸਿੰਘ ਐਮਸੀ, ਗੁਰਸੇਵਕ ਸਿੰਘ ਐਮਸੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।