ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਸਾਈਬਰ ਸੁਰੱਖਿਆ ਬਾਰੇ ਇਕ ਰੋਜ਼ਾ ਵਰਕਸ਼ਾਪ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਸਾਈਬਰ ਸੁਰੱਖਿਆ ਬਾਰੇ ਇਕ ਰੋਜ਼ਾ ਵਰਕਸ਼ਾਪ
Publish Date: Tue, 11 Aug 2026 04:17 PM (IST)
Updated Date: Tue, 11 Aug 2026 04:20 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਡਿਜੀਟਲ ਤਕਨਾਲੋਜੀ ਦੀ ਵਧ ਰਹੀ ਵਰਤੋਂ ਦੇ ਮੱਦੇਨਜ਼ਰ ਸਾਈਬਰ ਸੁਰੱਖਿਆ ਦੀ ਮਹੱਤਤਾ ਲਗਾਤਾਰ ਵਧ ਰਹੀ ਹੈ। ਇਸੇ ਉਦੇਸ਼ ਨਾਲ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ), ਬਠਿੰਡਾ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਾਈਬਰ ਖਤਰਿਆਂ, ਸੁਰੱਖਿਅਤ ਡਿਜੀਟਲ ਵਿਹਾਰ ਅਤੇ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਉੱਭਰ ਰਹੇ ਮੌਕਿਆਂ ਬਾਰੇ ਜਾਗਰੂਕ ਕਰਨ ਲਈ ‘ਸਾਈਬਰ ਸੁਰੱਖਿਆ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਆਯੋਜਨ ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਅਤੇ ਕੰਪਿਊਟਰ ਸੈਂਟਰ ਵੱਲੋਂ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਅਤੇ ਆਈਡੀਆ ਲੈਬ ਦੇ ਸਹਿਯੋਗ ਨਾਲ ਯੂਨੀਵਰਸਿਟੀ ਆਡੀਟੋਰੀਅਮ ਵਿਖੇ ਕੀਤਾ ਗਿਆ। ਇਹ ਪ੍ਰੋਗਰਾਮ ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸਿਰਿਕਾ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਗਿਆ। ਵਰਕਸ਼ਾਪ ਵਿੱਚ ਡਾ. ਰਾਜ ਸਿੰਘ ਨੇਹਰਾ, ਡਾਇਰੈਕਟਰ, ਇੰਸਟੀਚਿਊਟ ਆਫ਼ ਸਾਈਬਰ ਸਕਿਉਰਿਟੀ ਸਟੱਡੀਜ਼ (ਆਈਸੀਐਸਐਸ), ਨਵੀਂ ਦਿੱਲੀ ਅਤੇ ਨਾਬਾ ਕੁਮਾਰ ਪੌਲ, ਸਹਾਇਕ ਡਾਇਰੈਕਟਰ ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ (ਐਨਸੀਆਰਬੀ) ਗ੍ਰਹਿ ਮੰਤਰਾਲਾ, ਨੇ ਮਾਹਿਰ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰੋ. ਰਾਮਕ੍ਰਿਸ਼ਨ ਵੁਸਿਰਿਕਾ ਨੇ ਕਿਹਾ ਕਿ ਡਿਜੀਟਲ ਦੁਨੀਆ ਦੇ ਤੇਜ਼ੀ ਨਾਲ ਹੋ ਰਹੇ ਵਿਸਥਾਰ ਦੇ ਨਾਲ ਸਾਈਬਰ ਖਤਰਿਆਂ ਦਾ ਰੂਪ ਵੀ ਲਗਾਤਾਰ ਬਦਲ ਰਿਹਾ ਹੈ। ਸਾਈਬਰ ਸੁਰੱਖਿਆ ਹੁਣ ਸਿਰਫ਼ ਤਕਨੀਕੀ ਖੇਤਰ ਤੱਕ ਸੀਮਿਤ ਨਹੀਂ ਰਹੀ, ਸਗੋਂ ਇਹ ਖੋਜ, ਨਵੀਨਤਾ ਅਤੇ ਹੁਨਰ ਵਿਕਾਸ ਦਾ ਵੀ ਮਹੱਤਵਪੂਰਨ ਖੇਤਰ ਬਣ ਚੁੱਕੀ ਹੈ। ਡਾ. ਰਾਜ ਸਿੰਘ ਨੇਹਰਾ ਨੇ ਸਾਈਬਰ ਸੁਰੱਖਿਆ ਦੇ ਬਦਲਦੇ ਦ੍ਰਿਸ਼ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਖੇਤਰ ਦੀਆਂ ਵਧ ਰਹੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਿੱਖਿਆ, ਹੁਨਰ ਵਿਕਾਸ ਅਤੇ ਉਦਯੋਗ ਦੀਆਂ ਲੋੜਾਂ ਵਿਚਕਾਰ ਬਿਹਤਰ ਤਾਲਮੇਲ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਲਗਾਤਾਰ ਸਿੱਖਦੇ ਰਹਿਣ ਅਤੇ ਆਪਣੇ ਤਕਨੀਕੀ ਹੁਨਰਾਂ ਨੂੰ ਸਮੇਂ ਦੇ ਅਨੁਸਾਰ ਅਪਡੇਟ ਕਰਨ ਦੀ ਸਲਾਹ ਦਿੱਤੀ। ਨਾਬਾ ਕੁਮਾਰ ਪੌਲ ਨੇ ਸਾਈਬਰ ਹਮਲਿਆਂ ਦੇ ਵਿਹਾਰਕ ਪੱਖਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਫਿਸ਼ਿੰਗ, ਮਾਲਵੇਅਰ ਅਤੇ ਐਸਕਿਊਐਲ ਇੰਜੈਕਸ਼ਨ ਵਰਗੇ ਸਾਈਬਰ ਹਮਲਿਆਂ ਦੀਆਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਸਾਈਬਰ ਅਪਰਾਧੀ ਤਕਨੀਕੀ ਕਮਜ਼ੋਰੀਆਂ ਦੇ ਨਾਲ ਮਨੁੱਖੀ ਲਾਪਰਵਾਹੀ ਦਾ ਵੀ ਫਾਇਦਾ ਚੁੱਕਦੇ ਹਨ। ਉਨ੍ਹਾਂ ਮਜ਼ਬੂਤ ਪਾਸਵਰਡ, ਮਲਟੀ-ਫੈਕਟਰ ਆਥੈਂਟੀਕੇਸ਼ਨ, ਸਾਫਟਵੇਅਰ ਅਪਡੇਟ ਅਤੇ ਅਣਜਾਣ ਲਿੰਕ ਜਾਂ ਫਾਈਲਾਂ ਖੋਲ੍ਹਣ ਤੋਂ ਪਹਿਲਾਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋ. ਅਮਨਦੀਪ ਕੌਰ, ਡੀਨ, ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਦੇ ਸਵਾਗਤੀ ਸੰਬੋਧਨ ਨਾਲ ਹੋਈ। ਵਰਕਸ਼ਾਪ ’ਚ ਬੀਟੈਕ, ਐਮਟੈਕ. ਅਤੇ ਪੀਐੱਚਡੀ ਦੇ ਵਿਦਿਆਰਥੀਆਂ ਨੇ ਸਾਈਬਰ ਸੁਰੱਖਿਆ ਦੇ ਵਿਹਾਰਕ ਪੱਖਾਂ ਨੂੰ ਸਮਝਣ ਦਾ ਮੌਕਾ ਪ੍ਰਾਪਤ ਕੀਤਾ। ਪ੍ਰੋਗਰਾਮ ਦਾ ਤਾਲਮੇਲ ਡਾ. ਮੀਨਾਕਸ਼ੀ ਅਤੇ ਡਾ. ਅਨੰਦਿਕਾ ਸ਼ਰਮਾ ਨੇ ਕੀਤਾ।