ਮੌਸਮ ਨੇ ਬਦਲਿਆ ਮਿਜਾਜ਼: ਮੀਂਹ ਨੇ ਗਰਮੀ ਤੋਂ ਦਿਵਾਈ ਰਾਹਤ, ਖਿੜੇ ਕਿਸਾਨਾਂ ਦੇ ਚਿਹਰੇ; ਨੀਵੇਂ ਖੇਤਰਾਂ ’ਚ ਭਰਿਆ ਪਾਣੀ
ਲਗਾਤਾਰ ਦੂਜੇ ਦਿਨ ਮੀਂਹ ਪੈਣ ਕਾਰਨ ਤਾਪਮਾਨ ’ਚ ਗਿਰਾਵਟ ਆਈ ਤੇ ਮੌਸਮ ਸੁਹਾਵਣਾ ਹੋ ਗਿਆ ਪਰ ਸ਼ਹਿਰ ’ਚ ਨੀਵੀਆਂ ਥਾਵਾਂ ’ਤੇ ਪਾਣੀ ਜਮ੍ਹਾਂ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਐਤਵਾਰ ਨੂੰ ਪਏ ਮੀਂਹ ਤੋਂ ਬਾਅਦ ਸੋਮਵਾਰ ਨੂੰ ਮੁੜ ਬੱਦਲ ਛਾਏ ਅਤੇ ਕਈ ਇਲਾਕਿਆਂ ’ਚ ਮੀਂਹ ਪਿਆ।
Publish Date: Mon, 10 Aug 2026 05:12 PM (IST)
Updated Date: Mon, 10 Aug 2026 05:32 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ। ਬਠਿੰਡਾ ਜ਼ਿਲ੍ਹੇ ’ਚ ਸੋਮਵਾਰ ਨੂੰ ਪਏ ਮੀਂਹ ਨੇ ਜਿੱਥੇ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਹੁੰਮਸ ਤੋਂ ਰਾਹਤ ਦਿਵਾਈ, ਉੱਥੇ ਹੀ ਖੇਤੀਬਾੜੀ ਲਈ ਵੀ ਇਹ ਮੀਂਹ ਲਾਹੇਵੰਦ ਮੰਨਿਆ ਜਾ ਰਿਹਾ ਹੈ। ਸੋਮਵਾਰ ਨੂੰ ਜ਼ਿਲ੍ਹੇ ਅੰਦਰ ਕਰੀਬ 33 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਜ਼ਿਲ੍ਹੇ ’ਚ 8.4 ਮਿਲੀਮੀਟਰ ਮੀਂਹ ਪਿਆ ਸੀ।
ਲਗਾਤਾਰ ਦੂਜੇ ਦਿਨ ਮੀਂਹ ਪੈਣ ਕਾਰਨ ਤਾਪਮਾਨ ’ਚ ਗਿਰਾਵਟ ਆਈ ਤੇ ਮੌਸਮ ਸੁਹਾਵਣਾ ਹੋ ਗਿਆ ਪਰ ਸ਼ਹਿਰ ’ਚ ਨੀਵੀਆਂ ਥਾਵਾਂ ’ਤੇ ਪਾਣੀ ਜਮ੍ਹਾਂ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਐਤਵਾਰ ਨੂੰ ਪਏ ਮੀਂਹ ਤੋਂ ਬਾਅਦ ਸੋਮਵਾਰ ਨੂੰ ਮੁੜ ਬੱਦਲ ਛਾਏ ਅਤੇ ਕਈ ਇਲਾਕਿਆਂ ’ਚ ਮੀਂਹ ਪਿਆ।
ਇਸ ਨਾਲ ਮੌਸਮ ’ਚ ਇੱਕਦਮ ਬਦਲਾਅ ਆ ਗਿਆ ਅਤੇ ਲੋਕਾਂ ਨੇ ਸੁਖ ਦਾ ਸਾਹ ਲਿਆ। ਮੀਂਹ ਕਾਰਨ ਨੀਵੀਆਂ ਥਾਵਾਂ ’ਤੇ ਭਰਿਆ ਪਾਣੀ ਭਾਰੀ ਮੀਂਹ ਕਾਰਨ ਬਠਿੰਡਾ ਸ਼ਹਿਰ ਦੀਆਂ ਕਈ ਨੀਵੀਆਂ ਥਾਵਾਂ ’ਤੇ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਕਈ ਬਾਜ਼ਾਰਾਂ ਤੇ ਰਿਹਾਇਸ਼ੀ ਇਲਾਕਿਆਂ ’ਚ ਮੀਂਹ ਦਾ ਪਾਣੀ ਸੜਕਾਂ ’ਤੇ ਇਕੱਠਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ।
ਕਈ ਥਾਵਾਂ ’ਤੇ ਬਾਜ਼ਾਰ ਜਲ-ਥਲ ਹੋ ਗਏ ਅਤੇ ਦੁਕਾਨਦਾਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਦੋਪਹੀਆ ਵਾਹਨ ਚਾਲਕਾਂ ਤੇ ਪੈਦਲ ਰਾਹਗੀਰਾਂ ਨੂੰ ਵਿਸ਼ੇਸ਼ ਤੌਰ ’ਤੇ ਦਿੱਕਤ ਆਈ। ਲੋਕਾਂ ਨੇ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਕਰਨ ਦੀ ਮੰਗ ਕੀਤੀ।
ਫਸਲਾਂ ਲਈ ਵੀ ਲਾਹੇਵੰਦ
ਖੇਤੀਬਾੜੀ ਮਾਹਿਰਾਂ ਅਨੁਸਾਰ ਇਸ ਸਮੇਂ ਪੈ ਰਿਹਾ ਮੀਂਹ ਫਸਲਾਂ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ। ਖਾਸ ਕਰਕੇ ਝੋਨੇ ਦੀ ਫਸਲ ਨੂੰ ਇਸ ਮੀਂਹ ਨਾਲ ਫਾਇਦਾ ਹੋਵੇਗਾ ਅਤੇ ਕਿਸਾਨਾਂ ਨੂੰ ਖੇਤਾਂ ’ਚ ਪਾਣੀ ਲਾਉਣ ਲਈ ਟਿਊਬਵੈੱਲ ਚਲਾਉਣ ਦੀ ਲੋੜ ਘੱਟ ਪਵੇਗੀ। ਇਸ ਨਾਲ ਕਿਸਾਨਾਂ ਦੀ ਬਿਜਲੀ ਅਤੇ ਡੀਜ਼ਲ ਦੀ ਵੀ ਬੱਚਤ ਹੋ ਸਕਦੀ ਹੈ। ਜ਼ਿਲ੍ਹੇ ’ਚ ਵੱਡੇ ਪੱਧਰ ’ਤੇ ਝੋਨੇ ਦੀ ਫਸਲ ਬੀਜੀ ਜਾਂਦੀ ਹੈ।
ਪਿਛਲੇ ਦਿਨਾਂ ਦੌਰਾਨ ਕਈ ਇਲਾਕਿਆਂ ’ਚ ਗਰਮੀ ਵਧਣ ਕਾਰਨ ਫਸਲਾਂ ਨੂੰ ਪਾਣੀ ਦੀ ਲੋੜ ਵਧ ਗਈ ਸੀ। ਹੁਣ ਮੀਂਹ ਪੈਣ ਨਾਲ ਖੇਤਾਂ ਵਿੱਚ ਨਮੀ ਬਣੀ ਰਹੇਗੀ, ਜਿਸ ਨਾਲ ਫਸਲਾਂ ਦੇ ਵਾਧੇ ਨੂੰ ਫਾਇਦਾ ਮਿਲਣ ਦੀ ਉਮੀਦ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਵੀ ਸਮੇਂ-ਸਮੇਂ ’ਤੇ ਮੀਂਹ ਪੈਂਦਾ ਰਿਹਾ ਤਾਂ ਝੋਨੇ ਸਮੇਤ ਹੋਰ ਫਸਲਾਂ ਲਈ ਇਹ ਚੰਗੀ ਗੱਲ ਹੋਵੇਗੀ।
ਪਿਛਲੇ ਸਾਲ ਨਾਲੋਂ ਮੀਂਹ ਘੱਟ
ਹਾਲਾਂਕਿ ਇਸ ਸਾਲ ਬਠਿੰਡਾ ਜ਼ਿਲ੍ਹੇ ’ਚ ਪਿਛਲੇ ਸਾਲ ਦੇ ਮੁਕਾਬਲੇ ਮੀਂਹ ਕਾਫੀ ਘੱਟ ਦਰਜ ਕੀਤਾ ਗਿਆ ਹੈ। ਮੀਂਹ ਦੀ ਘਾਟ ਕਾਰਨ ਖੇਤੀਬਾੜੀ ’ਤੇ ਵੀ ਇਸ ਦਾ ਅਸਰ ਪੈ ਰਿਹਾ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਆਏ ਬਦਲਾਅ ਅਤੇ ਲਗਾਤਾਰ ਦੋ ਦਿਨ ਹੋਏ ਮੀਂਹ ਨੇ ਕਿਸਾਨਾਂ ਨੂੰ ਕੁਝ ਰਾਹਤ ਦਿੱਤੀ ਹੈ। ਐਤਵਾਰ ਨੂੰ ਜ਼ਿਲ੍ਹੇ ਵਿੱਚ 8.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ, ਜਦੋਂਕਿ ਸੋਮਵਾਰ ਨੂੰ ਇਹ ਮਾਤਰਾ ਵਧ ਕੇ 33 ਮਿਲੀਮੀਟਰ ਤੱਕ ਪਹੁੰਚ ਗਈ। ਦੋ ਦਿਨਾਂ ਦੌਰਾਨ ਹੋਏ ਮੀਂਹ ਨਾਲ ਜਿੱਥੇ ਧਰਤੀ ਦੀ ਤਪਸ਼ ਘਟੀ ਹੈ, ਉੱਥੇ ਹੀ ਵਾਤਾਵਰਨ ’ਚ ਵੀ ਠੰਢਕ ਮਹਿਸੂਸ ਕੀਤੀ ਜਾ ਰਹੀ ਹੈ।
ਅਗਲੇ ਦੋ ਦਿਨ ਵੀ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਵੱਲੋਂ ਬਠਿੰਡਾ ਜ਼ਿਲ੍ਹੇ ’ਚ ਅਗਲੇ ਦੋ ਦਿਨਾਂ ਦੌਰਾਨ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਜੇਕਰ ਆਉਣ ਵਾਲੇ ਦਿਨਾਂ ’ਚ ਵੀ ਮੀਂਹ ਪੈਂਦਾ ਹੈ ਤਾਂ ਇਸ ਨਾਲ ਮੌਸਮ ਹੋਰ ਸੁਹਾਵਣਾ ਹੋਣ ਦੇ ਨਾਲ-ਨਾਲ ਖੇਤੀਬਾੜੀ ਨੂੰ ਵੀ ਫਾਇਦਾ ਮਿਲ ਸਕਦਾ ਹੈ। ਕਿਸਾਨਾਂ ਨੂੰ ਵੀ ਉਮੀਦ ਹੈ ਕਿ ਮਾਨਸੂਨ ਸਰਗਰਮ ਰਹਿਣ ਨਾਲ ਆਉਣ ਵਾਲੇ ਦਿਨਾਂ ’ਚ ਮੀਂਹ ਦੀ ਕਮੀ ਕੁਝ ਹੱਦ ਤੱਕ ਪੂਰੀ ਹੋ ਸਕੇਗੀ। ਮੌਸਮ ਵਿਭਾਗ ਅਨੁਸਾਰ 11 ਅਗਸਤ ਅਤੇ 12 ਅਗਸਤ ਨੂੰ ਦੋ ਦੋ ਮਿਲੀਮੀਟਰ ਮੀਂਹ ਪੈ ਸਕਦਾ ਹੈ।