ਗੁੰਮਰਾਹ ਕਰ ਸਾਮਾਨ ਉਡਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 23 ਔਰਤਾਂ ਤੇ 5 ਪੁਰਸ਼ਾਂ ਸਮੇਤ 28 ਗ੍ਰਿਫ਼ਤਾਰ ਗੁੰਮਰਾਹ ਕਰ ਸਾਮਾਨ ਉਡਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 23 ਮਹਿਲਾਵਾਂ ਤੇ 5 ਪੁਰਸ਼ਾਂ ਸਮੇਤ 28 ਗ੍ਰਿਫ਼ਤਾਰ
Publish Date: Sat, 08 Aug 2026 05:33 PM (IST)
Updated Date: Sat, 08 Aug 2026 05:35 PM (IST)
ਪੁਲਿਸ ਗਸ਼ਤ ਦੌਰਾਨ ਮਿਲੀ ਸੂਚਨਾ ’ਤੇ ਕੀਤੀ ਕਾਰਵਾਈ, ਦੋ ਡੰਡੇ ਤੇ ਲੋਹੇ ਦੀ ਵਸਤੂ ਬਰਾਮਦ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ ਰੇਲਵੇ ਸਟੇਸ਼ਨ ਤੇ ਇਸ ਦੇ ਆਸ-ਪਾਸ ਯਾਤਰੀਆਂ ਅਤੇ ਆਮ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਗੁੰਮਰਾਹ ਕਰਕੇ ਉਨ੍ਹਾਂ ਦਾ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਥਾਣਾ ਕੋਤਵਾਲੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਮਾਮਲੇ ’ਚ ਗਿਰੋਹ ਦੇ ਕੁੱਲ 28 ਮੈਂਬਰਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ 23 ਮਹਿਲਾਵਾਂ ਅਤੇ 5 ਪੁਰਸ਼ ਸ਼ਾਮਲ ਹਨ। ਪੁਲਿਸ ਦਾ ਦੋਸ਼ ਹੈ ਕਿ ਨਾਮਜ਼ਦ ਵਿਅਕਤੀ ਰੇਲਵੇ ਸਟੇਸ਼ਨ ਤੇ ਆਲੇ-ਦੁਆਲੇ ਦੇ ਇਲਾਕੇ ’ਚ ਲੋਕਾਂ ਨੂੰ ਵੱਖ-ਵੱਖ ਢੰਗਾਂ ਨਾਲ ਗੁੰਮਰਾਹ ਕਰਦੇ ਸਨ ਅਤੇ ਮੌਕਾ ਮਿਲਦਿਆਂ ਉਨ੍ਹਾਂ ਦਾ ਸਾਮਾਨ ਲੈ ਕੇ ਫਰਾਰ ਹੋ ਜਾਂਦੇ ਸਨ। ਪੁਲਿਸ ਨੇ ਕਾਰਵਾਈ ਦੌਰਾਨ ਦੋ ਡੰਡੇ ਅਤੇ ਲੋਹੇ ਦੀ ਇੱਕ ਵਸਤੂ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਭੂਮਿਕਾ ਤੋਂ ਇਲਾਵਾ ਉਨ੍ਹਾਂ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਿਸ ਗਸ਼ਤ ਦੌਰਾਨ ਮਿਲੀ ਸੀ ਅਹਿਮ ਸੂਚਨਾ ਥਾਣਾ ਕੋਤਵਾਲੀ ਦੇ ਇੰਚਾਰਜ ਤੇ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ 7 ਅਗਸਤ ਨੂੰ ਉਹ ਪੁਲਿਸ ਮੁਲਾਜ਼ਮਾਂ ਸਮੇਤ ਰੇਲਵੇ ਸਟੇਸ਼ਨ ਬਠਿੰਡਾ ਦੇ ਨੇੜੇ ਸ਼ੱਕੀ ਵਿਅਕਤੀਆਂ ਸਬੰਧੀ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਕੁਝ ਮਹਿਲਾਵਾਂ ਤੇ ਨੌਜਵਾਨ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦਾ ਸਾਮਾਨ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਪੁਲਿਸ ਨੇ ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਸ਼ੁਰੂ ਕੀਤੀ। ਜਾਂਚ ਤੋਂ ਬਾਅਦ ਥਾਣਾ ਕੋਤਵਾਲੀ ਬਠਿੰਡਾ ’ਚ ਮਾਮਲਾ ਦਰਜ ਕੀਤਾ ਗਿਆ ਅਤੇ ਕਾਰਵਾਈ ਕਰਦਿਆਂ 28 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ। ਪੁਲਿਸ ਅਨੁਸਾਰ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਲੋਕਾਂ ਦੇ ਸਬੰਧ ਬਠਿੰਡਾ ਤੋਂ ਇਲਾਵਾ ਗੋਨਿਆਣਾ ਕਲਾਂ, ਲੁਧਿਆਣਾ, ਮੋਗਾ, ਮਾਨਸਾ ਅਤੇ ਸੰਗਰੂਰ ਜ਼ਿਲ੍ਹਿਆਂ ਨਾਲ ਵੀ ਹਨ। ਬਠਿੰਡਾ ਤੋਂ ਲੈ ਕੇ ਮੋਗਾ, ਮਾਨਸਾ ਤੇ ਲੁਧਿਆਣਾ ਤਕ ਜੁੜੇ ਨਾਮ ਪੁਲਿਸ ਅਨੁਸਾਰ ਨਾਮਜ਼ਦ ਵਿਅਕਤੀਆਂ ’ਚ ਗੁਰਜੀਤ ਕੌਰ ਉਰਫ਼ ਰਜਨੀ ਵਾਸੀ ਪਰਸਰਾਮ ਨਗਰ, ਰਜਨੀ ਉਰਫ਼ ਰੱਜੀ ਵਾਸੀ ਜੋਗੀ ਨਗਰ, ਨੀਤੂ ਵਾਸੀ ਗੋਪਾਲ ਨਗਰ, ਸੁਖਪ੍ਰੀਤ ਕੌਰ ਉਰਫ਼ ਸੁੱਖੀ ਅਤੇ ਮਨਪ੍ਰੀਤ ਕੌਰ ਉਰਫ਼ ਰਾਜੂ ਵਾਸੀ ਬਠਿੰਡਾ, ਮਨੀਸ਼ਾ ਵਾਸੀ ਬੀੜ ਤਲਾਬ ਅਤੇ ਪੂਨਮ ਰਾਣੀ ਉਰਫ਼ ਖੁਸ਼ੀ ਵਾਸੀ ਪਰਸਰਾਮ ਨਗਰ ਸ਼ਾਮਲ ਹਨ। ਇਸ ਤੋਂ ਇਲਾਵਾ ਗੁਰਬਖ਼ਸ਼ ਸਿੰਘ ਵਾਸੀ ਬਾਬਾ ਫਰੀਦ ਨਗਰ, ਜਸਪ੍ਰੀਤ ਸਿੰਘ ਉਰਫ਼ ਜੱਸੂ ਵਾਸੀ ਗੋਨਿਆਣਾ ਕਲਾਂ, ਵਿਜੈ ਕੁਮਾਰ ਵਾਸੀ ਰੇਲਵੇ ਸਟੇਸ਼ਨ ਕੁਆਰਟਰ, ਜਸਪ੍ਰੀਤ ਕੌਰ ਵਾਸੀ ਕੱਚਾ ਧੋਬਿਆਣਾ, ਸੋਨਾਲੀ ਵਰਮਾ ਵਾਸੀ ਲੁਧਿਆਣਾ, ਹੀਨਾ ਵਾਸੀ ਸੰਤਪੁਰਾ ਰੋਡ ਅਤੇ ਖੁਸ਼ਪ੍ਰੀਤ ਕੌਰ ਉਰਫ਼ ਖੁਸ਼ੀ ਵਾਸੀ ਲਖਮੀਰੇਵਾਲਾ, ਜ਼ਿਲ੍ਹਾ ਸੰਗਰੂਰ, ਹਾਲ ਵਾਸੀ ਬਠਿੰਡਾ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਗੁਰਪ੍ਰੀਤ ਕੌਰ, ਕਿਰਨਾ ਰਾਣੀ, ਸੁਪਨਾ ਕੁਮਾਰੀ, ਵੀਰਪਾਲ ਕੌਰ ਉਰਫ਼ ਰਾਜੂ, ਗੁਰਜੋਤ ਕੌਰ, ਮਾਨਸਾ ਵਾਸੀ ਪੂਜਾ, ਕਲਪਨਾ ਕੌਰ, ਮੋਗਾ ਵਾਸੀ ਮਨਦੀਪ ਕੌਰ, ਮਨਜੋਤ ਕੌਰ, ਸੁਮਨ, ਹਵੀਨ ਜੋਸ਼ੀ, ਸੂਰਜ ਪਾਲ, ਨੇਹਾ ਅਤੇ ਭੁੱਚੋ ਵਾਸੀ ਮਹਕਦੀਪ ਕੌਰ ਨੂੰ ਵੀ ਨਾਮਜ਼ਦ ਕੀਤਾ ਹੈ। ਕਈ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਪੁਲਿਸ ਰਿਕਾਰਡ ਅਨੁਸਾਰ ਨਾਮਜ਼ਦ ਕੀਤੇ ਗਏ ਕਈ ਵਿਅਕਤੀਆਂ ਖ਼ਿਲਾਫ਼ ਪਹਿਲਾਂ ਤੋਂ ਹੀ ਵੱਖ-ਵੱਖ ਥਾਣਿਆਂ ’ਚ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਮੁਤਾਬਕ ਗੁਰਜੀਤ ਕੌਰ ਉਰਫ਼ ਰਜਨੀ ਖ਼ਿਲਾਫ਼ ਮਾਰਚ 2026 ’ਚ ਥਾਣਾ ਕੋਤਵਾਲੀ ਬਠਿੰਡਾ ’ਚ ਮਾਮਲਾ ਦਰਜ ਹੋਇਆ ਸੀ। ਨੀਤੂ ਰਾਣੀ ਖ਼ਿਲਾਫ਼ ਸਾਲ 2023 ਅਤੇ ਜਨਵਰੀ 2026 ਵਿੱਚ ਮਾਮਲੇ ਦਰਜ ਹੋਣ ਦਾ ਰਿਕਾਰਡ ਹੈ। ਸੁਖਪ੍ਰੀਤ ਕੌਰ ਉਰਫ਼ ਸੁੱਖੀ ਤੇ ਮਨਪ੍ਰੀਤ ਕੌਰ ਉਰਫ਼ ਰਾਜੂ ਖ਼ਿਲਾਫ਼ ਵੀ ਜਨਵਰੀ ਅਤੇ ਮਾਰਚ 2026 ’ਚ ਮਾਮਲੇ ਦਰਜ ਹੋਣ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਪੂਨਮ ਰਾਣੀ ਖ਼ਿਲਾਫ਼ ਸਾਲ 2020, 2022 ਅਤੇ ਮਾਰਚ 2026 ’ਚ ਕਈ ਮਾਮਲੇ ਦਰਜ ਹੋਣ ਦਾ ਰਿਕਾਰਡ ਦੱਸਿਆ ਗਿਆ ਹੈ। ਇਸੇ ਤਰ੍ਹਾਂ ਸੋਨਾਲੀ ਵਰਮਾ ਖ਼ਿਲਾਫ਼ ਦਸੰਬਰ 2023 ਵਿੱਚ ਅਤੇ ਕਿਰਨਾ ਰਾਣੀ ਖ਼ਿਲਾਫ਼ ਜਨਵਰੀ 2026 ਵਿੱਚ ਕੇਸ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਗੁਰਬਖ਼ਸ਼ ਸਿੰਘ ਖ਼ਿਲਾਫ਼ ਸਾਲ 2012 ਤੋਂ 2023 ਦਰਮਿਆਨ ਚੋਰੀ, ਸੰਨ੍ਹ ਲਗਾਉਣ ਅਤੇ ਹੋਰ ਧਾਰਾਵਾਂ ਤਹਿਤ ਕਈ ਮਾਮਲੇ ਦਰਜ ਹੋਣ ਦਾ ਪੁਲਿਸ ਰਿਕਾਰਡ ਵਿੱਚ ਜ਼ਿਕਰ ਹੈ। ਵੀਰਪਾਲ ਕੌਰ ਉਰਫ਼ ਰਾਜੂ ਖ਼ਿਲਾਫ਼ ਸਾਲ 2024 ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਹੋਣ ਦੀ ਜਾਣਕਾਰੀ ਹੈ। ਇਸੇ ਤਰ੍ਹਾਂ ਨੇਹਾ ਖ਼ਿਲਾਫ਼ ਅਗਸਤ 2025 ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੋਣ ਦੀ ਗੱਲ ਪੁਲਿਸ ਵੱਲੋਂ ਦੱਸੀ ਗਈ ਹੈ। ਗਿਰੋਹ ਦੇ ਕੰਮ ਕਰਨ ਦੇ ਢੰਗ ਦੀ ਜਾਂਚ ਥਾਣਾ ਕੋਤਵਾਲੀ ਦੇ ਇੰਚਾਰਜ ਅਤੇ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ 28 ਨਾਮਜ਼ਦ ਵਿਅਕਤੀਆਂ ਵਿੱਚੋਂ ਕੌਣ-ਕੌਣ ਯਾਤਰੀਆਂ ਦਾ ਸਾਮਾਨ ਚੋਰੀ ਕਰਨ ਦੀਆਂ ਘਟਨਾਵਾਂ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਉਨ੍ਹਾਂ ਦੇ ਆਪਸੀ ਸੰਪਰਕ, ਰੇਲਵੇ ਸਟੇਸ਼ਨ ’ਤੇ ਉਨ੍ਹਾਂ ਦੀਆਂ ਗਤੀਵਿਧੀਆਂ ਅਤੇ ਕਥਿਤ ਤੌਰ ’ਤੇ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਤਰੀਕੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਰੇਲਵੇ ਸਟੇਸ਼ਨ ਅਤੇ ਇਸ ਦੇ ਆਲੇ-ਦੁਆਲੇ ਪਿਛਲੇ ਸਮੇਂ ਵਿੱਚ ਹੋਈਆਂ ਸਾਮਾਨ ਚੋਰੀ ਦੀਆਂ ਘਟਨਾਵਾਂ ਦੇ ਤਾਰ ਇਸ ਮਾਮਲੇ ਨਾਲ ਜੁੜੇ ਹੋਏ ਹਨ ਜਾਂ ਨਹੀਂ। ਇਸ ਤੋਂ ਇਲਾਵਾ ਕਥਿਤ ਤੌਰ ’ਤੇ ਚੋਰੀ ਕੀਤਾ ਗਿਆ ਸਾਮਾਨ ਕਿੱਥੇ ਖਪਾਇਆ ਜਾਂਦਾ ਸੀ ਅਤੇ ਇਸ ਕੰਮ ਵਿੱਚ ਹੋਰ ਕਿਹੜੇ ਵਿਅਕਤੀ ਸ਼ਾਮਲ ਹੋ ਸਕਦੇ ਹਨ, ਇਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਵੀ ਹੋ ਸਕਦੀਆਂ ਹਨ। ਫਿਲਹਾਲ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕਰਕੇ ਕਥਿਤ ਗਿਰੋਹ ਦੇ ਪੂਰੇ ਨੈੱਟਵਰਕ ਅਤੇ ਇਸ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।