ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹੇ ’ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਪਰ ਇਸ ਤੋਂ ਵੀ ਵੱਧ ਚਿੰਤਾ ਦੀ ਗੱਲ ਇਹ ਹੈ ਕਿ ਚਲਾਨ ਕੱਟੇ ਜਾਣ ਤੋਂ ਬਾਅਦ ਵੱਡੀ ਗਿਣਤੀ ’ਚ ਵਾਹਨ ਚਾਲਕ ਜੁਰਮਾਨਾ ਭਰਨ ’ਚ ਲਾਪਰਵਾਹੀ ਵਰਤ ਰਹੇ ਹਨ। ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਪੁਲਿਸ ਤੇ ਟਰਾਂਸਪੋਰਟ ਵਿਭਾਗ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਹਜ਼ਾਰਾਂ ਚਲਾਨਾਂ ਦਾ ਭੁਗਤਾਨ ਅਜੇ ਤਕ ਨਹੀਂ ਹੋਇਆ। ਅੰਕੜਿਆਂ ਅਨੁਸਾਰ 1 ਜਨਵਰੀ 2026 ਤੋਂ 31 ਜੁਲਾਈ 2026 ਤਕ ਬਠਿੰਡਾ ਜ਼ਿਲ੍ਹੇ ’ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਕੁੱਲ 25,092 ਚਲਾਨ ਕੱਟੇ ਗਏ। ਇਨ੍ਹਾਂ ਚਲਾਨਾਂ ਰਾਹੀਂ ਕੁੱਲ 3 ਕਰੋੜ 63 ਲੱਖ 55 ਹਜ਼ਾਰ 500 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ’ਚੋਂ ਸਿਰਫ਼ 5,226 ਚਲਾਨਾਂ ਦਾ ਹੀ ਭੁਗਤਾਨ ਕੀਤਾ ਗਿਆ, ਜਿਸ ਨਾਲ ਸਰਕਾਰ ਨੂੰ 1 ਕਰੋੜ 38 ਲੱਖ 57 ਹਜ਼ਾਰ 600 ਰੁਪਏ ਦੀ ਵਸੂਲੀ ਹੋਈ। ਇਸ ਦੇ ਉਲਟ ਅਜੇ ਵੀ 19,866 ਚਲਾਨ ਬਕਾਇਆ ਪਏ ਹਨ, ਜਿਨ੍ਹਾਂ ਦੀ ਕੁੱਲ ਜੁਰਮਾਨਾ ਰਕਮ 2 ਕਰੋੜ 24 ਲੱਖ 97 ਹਜ਼ਾਰ 900 ਰੁਪਏ ਬਣਦੀ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਵੱਡੀ ਗਿਣਤੀ ’ਚ ਵਾਹਨ ਚਾਲਕ ਚਲਾਨ ਕੱਟੇ ਜਾਣ ਤੋਂ ਬਾਅਦ ਵੀ ਜੁਰਮਾਨਾ ਜਮ੍ਹਾਂ ਨਹੀਂ ਕਰਵਾ ਰਹੇ। ਇਸ ਨਾਲ ਨਾ ਸਿਰਫ਼ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਹੋ ਰਿਹਾ ਹੈ, ਸਗੋਂ ਟ੍ਰੈਫਿਕ ਨਿਯਮਾਂ ਪ੍ਰਤੀ ਲੋਕਾਂ ਦੀ ਗੰਭੀਰਤਾ ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਪੁਲਿਸ ਨੇ ਕੱਟੇ ਸਭ ਤੋਂ ਵੱਧ ਚਲਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਭ ਤੋਂ ਵੱਧ ਕਾਰਵਾਈ ਪੁਲਿਸ ਵਿਭਾਗ ਵੱਲੋਂ ਕੀਤੀ ਗਈ। ਜਨਵਰੀ ਤੋਂ ਜੁਲਾਈ ਤੱਕ ਪੁਲਿਸ ਨੇ 24,573 ਚਲਾਨ ਕੱਟੇ, ਜਿਨ੍ਹਾਂ ਰਾਹੀਂ 2 ਕਰੋੜ 46 ਲੱਖ 61 ਹਜ਼ਾਰ 900 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਨ੍ਹਾਂ ਵਿੱਚੋਂ ਕੇਵਲ 4,808 ਚਲਾਨਾਂ ਦਾ ਹੀ ਭੁਗਤਾਨ ਹੋਇਆ, ਜਿਸ ਨਾਲ 44 ਲੱਖ 95 ਹਜ਼ਾਰ ਰੁਪਏ ਦੀ ਵਸੂਲੀ ਹੋ ਸਕੀ। ਦੂਜੇ ਪਾਸੇ ਪੁਲਿਸ ਦੇ 19,765 ਚਲਾਨ ਅਜੇ ਵੀ ਬਕਾਇਆ ਹਨ, ਜਿਨ੍ਹਾਂ ਦੀ ਜੁਰਮਾਨਾ ਰਕਮ 2 ਕਰੋੜ 1 ਲੱਖ 66 ਹਜ਼ਾਰ 900 ਰੁਪਏ ਹੈ। ਇਹ ਸਥਿਤੀ ਸਾਫ਼ ਕਰਦੀ ਹੈ ਕਿ ਵੱਡੀ ਗਿਣਤੀ ਵਿੱਚ ਵਾਹਨ ਮਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਅਦ ਵੀ ਚਲਾਨ ਭਰਨ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਟਰਾਂਸਪੋਰਟ ਵਿਭਾਗ ਵੱਲੋਂ ਵੀ ਸਖ਼ਤ ਕਾਰਵਾਈ ਟਰਾਂਸਪੋਰਟ ਵਿਭਾਗ ਨੇ ਵੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਜਾਰੀ ਰੱਖੀ। ਖੇਤਰੀ ਟਰਾਂਸਪੋਰਟ ਅਫ਼ਸਰ (ਆਰਟੀਓ.) ਵੱਲੋਂ 218 ਚਲਾਨ ਕੱਟੇ ਗਏ, ਜਿਨ੍ਹਾਂ ਤੇ 49 ਲੱਖ 41 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਨ੍ਹਾਂ ਵਿੱਚੋਂ 71 ਚਲਾਨਾਂ ਦਾ ਭੁਗਤਾਨ ਹੋਇਆ ਅਤੇ 36 ਲੱਖ 16 ਹਜ਼ਾਰ 300 ਰੁਪਏ ਦੀ ਵਸੂਲੀ ਕੀਤੀ ਗਈ। ਹਾਲਾਂਕਿ 47 ਚਲਾਨ ਅਜੇ ਵੀ ਬਕਾਇਆ ਹਨ, ਜਿਨ੍ਹਾਂ ਦੀ ਰਕਮ 11 ਲੱਖ 16 ਹਜ਼ਾਰ 500 ਰੁਪਏ ਹੈ। ਇਸੇ ਤਰ੍ਹਾਂ ਰੀਜਨਲ ਟਰਾਂਸਪੋਰਟ ਅਥਾਰਟੀ (ਆਰਟੀ.ਏ.) ਵੱਲੋਂ 148 ਚਲਾਨ ਕੱਟੇ ਗਏ, ਜਿਨ੍ਹਾਂ ਦੀ ਕੁੱਲ ਰਕਮ **30 ਲੱਖ 42 ਹਜ਼ਾਰ 100 ਰੁਪਏ ਸੀ। ਇਨ੍ਹਾਂ ਵਿੱਚੋਂ 124 ਚਲਾਨਾਂ ਦਾ ਭੁਗਤਾਨ ਹੋਇਆ ਅਤੇ 25 ਲੱਖ 3 ਹਜ਼ਾਰ 600 ਰੁਪਏ ਦੀ ਵਸੂਲੀ ਕੀਤੀ ਗਈ। ਜਦਕਿ 24 ਚਲਾਨ ਅਜੇ ਵੀ ਬਕਾਇਆ ਹਨ, ਜਿਨ੍ਹਾਂ ਦੀ ਰਕਮ 5 ਲੱਖ 39 ਹਜ਼ਾਰ 500 ਰੁਪਏ ਹੈ। ਸਹਾਇਕ ਟਰਾਂਸਪੋਰਟ ਅਫ਼ਸਰ (ਏਟੀਓ.) ਵੱਲੋਂ 153 ਚਲਾਨ ਕੱਟ ਕੇ 34 ਲੱਖ 67 ਹਜ਼ਾਰ 500 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਨ੍ਹਾਂ ਵਿੱਚੋਂ ਵੀ **30 ਚਲਾਨਾਂ ਦੀ 6 ਲੱਖ 75 ਹਜ਼ਾਰ ਰੁਪਏ ਦੀ ਰਕਮ ਅਜੇ ਤਕ ਜਮ੍ਹਾਂ ਨਹੀਂ ਹੋਈ। ਚਲਾਨ ਨਾ ਭਰਨ ਵਾਲੇ ਵਾਹਨ ਹੋ ਸਕਦੇ ਹਨ ਬਲੈਕਲਿਸਟ ਖੇਤਰੀ ਟਰਾਂਸਪੋਰਟ ਅਫ਼ਸਰ (ਆਰਟੀਓ.) ਕਪਿਲ ਜਿੰਦਲ ਨੇ ਦੱਸਿਆ ਕਿ ਜਿਹੜੇ ਵਾਹਨ ਮਾਲਕ ਨਿਰਧਾਰਤ ਸਮੇਂ ਅੰਦਰ ਚਲਾਨ ਦੀ ਰਕਮ ਜਮ੍ਹਾਂ ਨਹੀਂ ਕਰਵਾਉਂਦੇ, ਉਨ੍ਹਾਂ ਦੇ ਵਾਹਨਾਂ ਨੂੰ ਤਿੰਨ ਮਹੀਨਿਆਂ ਬਾਅਦ ਬਲੈਕਲਿਸਟ ਕੀਤਾ ਜਾ ਸਕਦਾ ਹੈ। ਇਕ ਵਾਰ ਵਾਹਨ ਬਲੈਕਲਿਸਟ ਹੋਣ ਤੋਂ ਬਾਅਦ ਉਸ ਨੂੰ ਵੇਚਣਾ, ਮਾਲਕੀ ਤਬਦੀਲ ਕਰਵਾਉਣਾ ਜਾਂ ਆਰਸੀ. ਵਿੱਚ ਕਿਸੇ ਵੀ ਕਿਸਮ ਦੀ ਸੋਧ ਕਰਵਾਉਣਾ ਸੰਭਵ ਨਹੀਂ ਰਹਿੰਦਾ। ਇਸ ਤੋਂ ਇਲਾਵਾ ਹੋਰ ਦਸਤਾਵੇਜ਼ੀ ਕਾਰਵਾਈਆਂ ਵੀ ਰੁਕ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਚਲਾਨ ਕੱਟਣ ਦਾ ਮਕਸਦ ਸਿਰਫ਼ ਜੁਰਮਾਨਾ ਵਸੂਲਣਾ ਨਹੀਂ, ਸਗੋਂ ਲੋਕਾਂ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਪਰ ਲਗਾਤਾਰ ਵੱਧ ਰਹੇ ਬਕਾਇਆ ਚਲਾਨ ਇਹ ਦਰਸਾਉਂਦੇ ਹਨ ਕਿ ਕਈ ਵਾਹਨ ਚਾਲਕ ਅਜੇ ਵੀ ਨਿਯਮਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਸਮੇਂ ਸਿਰ ਚਲਾਨ ਭਰਨ ਦੀ ਅਪੀਲ ਵਿਭਾਗੀ ਅਧਿਕਾਰੀਆਂ ਨੇ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਸਿਰ ਆਪਣੇ ਚਲਾਨਾਂ ਦਾ ਭੁਗਤਾਨ ਕਰਨ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਜਾਂ ਪ੍ਰਸ਼ਾਸਨਿਕ ਪਰੇਸ਼ਾਨੀ ਤੋਂ ਬਚਿਆ ਜਾ ਸਕੇ। ਨਾਲ ਹੀ ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਜਿਹੜੇ ਲੋਕ ਜੁਰਮਾਨਾ ਭਰਨ ਤੋਂ ਟਾਲਮਟੋਲ ਕਰਨਗੇ, ਉਨ੍ਹਾਂ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਭਾਗ ਦਾ ਮੰਨਣਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਹੀ ਸੜਕ ਹਾਦਸਿਆਂ ਨੂੰ ਘਟਾਉਣ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਬਾਕਸ ਅਧਿਕਾਰੀ ਕੁੱਲ ਚਲਾਨ ਕੁੱਲ ਰਕਮ ਬਕਾਇਆ ਚਲਾਨ ਬਕਾਇਆ ਜੁਰਮਾਨਾ ਭਰੇ ਚਲਾਨ ਵਸੂਲਿਆ ਮਾਲੀਆ (ਰੁਪਏ) ਆਰਟੀਏ 148 30,42,100 24 5,39,500 124 25,03,600 ਆਰਟੀਓ 218 49,41,000 47 11,16,500 171 36,16,300 ਏਟੀਓ 153 34,67,500 30 6,75,000 123 27,92,500 ਪੁਲਿਸ 24,573 2,46,61,900 19,765 2,01,66,900 4,808 44,95,000 ਕੁੱਲ 25,092 3,63,55,500 19,866 2,24,97,900 5,226 1,38,57,600