ਮੀਂਹ ਤੋਂ ਬਾਅਦ ਸ਼ਹਿਰ ਦੇ ਹਾਲਾਤ ਹੋਰ ਖਰਾਬ, ਕੂੜਾ ਪਾਣੀ ਨਾਲ ਸੜਕਾਂ 'ਤੇ ਆਇਆ, ਸ਼ਹਿਰ ਦੀ ਸਫਾਈ ’ਚ ਲੱਗੇਗਾ ਸਮਾਂ ਮੀਂਹ ਤੋਂ ਬਾਅਦ ਸ਼ਹਿਰ ਦੇ ਹਾਲਾਤ ਹੋਰ ਖਰਾਬ, ਕੂੜਾ ਪਾਣੀ ਨਾਲ ਸੜਕਾਂ 'ਤੇ ਆਇਆ, ਸ਼ਹਿਰ ਦੀ ਸਫਾਈ ’ਚ ਲੱਗੇਗਾ ਸਮਾਂ
Publish Date: Tue, 04 Aug 2026 04:11 PM (IST)
Updated Date: Tue, 04 Aug 2026 04:13 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸੋਮਵਾਰ ਦੇਰ ਸ਼ਾਮ ਪਏ ਮੀਂਹ ਤੋਂ ਬਾਅਦ ਸ਼ਹਿਰ ਦੇ ਹਾਲਾਤ ਹੋਰ ਵੀ ਵਿਗੜ ਗਏ ਹਨ। ਇਕ ਪਾਸੇ ਸਫਾਈ ਕਾਮਿਆਂ ਵੱਲੋਂ ਹੜਤਾਲ ਖਤਮ ਕਰ ਦਿੱਤੀ ਗਈ ਹੈ, ਪਰ ਦੂਜੇ ਪਾਸੇ ਪਿਛਲੇ ਕਈ ਦਿਨਾਂ ਤੋਂ ਨਾ ਚੁੱਕਿਆ ਗਿਆ ਕੂੜਾ ਮੀਂਹ ਦੇ ਪਾਣੀ ਨਾਲ ਰਲ ਕੇ ਸੜਕਾਂ, ਗਲੀਆਂ ਅਤੇ ਬਾਜ਼ਾਰਾਂ ਵਿਚ ਫੈਲ ਗਿਆ ਹੈ। ਇਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਗੰਦਗੀ ਦੇ ਢੇਰ ਲੱਗ ਗਏ ਹਨ ਅਤੇ ਲੋਕਾਂ ਨੂੰ ਆਵਾਜਾਈ ਦੇ ਨਾਲ-ਨਾਲ ਸਿਹਤ ਸਬੰਧੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਦਾ ਪਾਣੀ ਆਪਣੇ ਨਾਲ ਕੂੜਾ ਵਗਾ ਕੇ ਸੀਵਰੇਜ ਲਾਈਨਾਂ ਅਤੇ ਨਾਲਿਆਂ ਵਿੱਚ ਲੈ ਗਿਆ, ਜਿਸ ਕਾਰਨ ਕਈ ਥਾਵਾਂ ਤੇ ਸੀਵਰੇਜ ਜਾਮ ਹੋ ਗਿਆ ਹੈ। ਨਤੀਜੇ ਵਜੋਂ ਗੰਦਾ ਪਾਣੀ ਸੜਕਾਂ ਅਤੇ ਗਲੀਆਂ ਵਿੱਚ ਇਕੱਠਾ ਹੋ ਰਿਹਾ ਹੈ। ਕਈ ਮੁਹੱਲਿਆਂ ਵਿੱਚ ਲੋਕਾਂ ਨੇ ਦੱਸਿਆ ਕਿ ਸੀਵਰੇਜ ਦਾ ਪਾਣੀ ਘਰਾਂ ਦੇ ਬਾਹਰ ਤਕ ਆ ਗਿਆ, ਜਿਸ ਨਾਲ ਬਦਬੂ ਅਤੇ ਗੰਦਗੀ ਕਾਰਨ ਰਹਿਣਾ ਮੁਸ਼ਕਲ ਹੋ ਗਿਆ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਵਪਾਰਕ ਇਲਾਕਿਆਂ ਵਿਚ ਵੀ ਮੀਂਹ ਤੋਂ ਬਾਅਦ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਦੁਕਾਨਾਂ ਦੇ ਬਾਹਰ ਕੂੜਾ, ਪਲਾਸਟਿਕ, ਪੱਤੇ ਅਤੇ ਹੋਰ ਗੰਦਗੀ ਦੀ ਮੋਟੀ ਪਰਤ ਜਮ੍ਹਾ ਹੋ ਗਈ ਹੈ। ਦੁਕਾਨਦਾਰਾਂ ਨੂੰ ਆਪਣੇ ਪੱਧਰ ਤੇ ਸਫਾਈ ਕਰਨੀ ਪੈ ਰਹੀ ਹੈ ਤਾਂ ਜੋ ਗਾਹਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਵਪਾਰੀਆਂ ਦਾ ਕਹਿਣਾ ਹੈ ਕਿ ਹੜਤਾਲ ਦੌਰਾਨ ਨਾ ਚੁੱਕਿਆ ਗਿਆ ਕੂੜਾ ਮੀਂਹ ਕਾਰਨ ਹੋਰ ਵੱਡੀ ਸਮੱਸਿਆ ਬਣ ਗਿਆ ਹੈ। ਭਾਵੇਂ ਸਫਾਈ ਕਾਮਿਆਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ ਅਤੇ ਨਗਰ ਨਿਗਮ ਵੱਲੋਂ ਸਫਾਈ ਪ੍ਰਬੰਧ ਮੁੜ ਪਟੜੀ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੂਰੇ ਸ਼ਹਿਰ ਵਿੱਚ ਫੈਲੇ ਕੂੜੇ ਨੂੰ ਚੁੱਕਣ ਅਤੇ ਸਫਾਈ ਵਿਵਸਥਾ ਨੂੰ ਆਮ ਹਾਲਾਤਾਂ ਵਿੱਚ ਲਿਆਉਣ ਲਈ ਘੱਟੋ-ਘੱਟ ਇਕ ਤੋਂ ਦੋ ਦਿਨ ਦਾ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਪਹਿਲ ਦੇ ਆਧਾਰ ਤੇ ਮੁੱਖ ਸੜਕਾਂ, ਬਾਜ਼ਾਰਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਦੀ ਸਫਾਈ ਕੀਤੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸੀਵਰੇਜ ਲਾਈਨਾਂ ਵਿੱਚ ਫਸਿਆ ਕੂੜਾ ਤੁਰੰਤ ਨਾ ਕੱਢਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੀਵਰੇਜ ਜਾਮ ਹੋਣ ਦੀ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਜੇਕਰ ਅਗਲੇ ਦਿਨਾਂ ਵਿੱਚ ਦੁਬਾਰਾ ਮੀਂਹ ਪੈਂਦਾ ਹੈ ਤਾਂ ਕਈ ਇਲਾਕਿਆਂ ਵਿੱਚ ਪਾਣੀ ਭਰਨ ਅਤੇ ਗੰਦੇ ਪਾਣੀ ਦੇ ਓਵਰਫਲੋ ਹੋਣ ਦੀ ਸੰਭਾਵਨਾ ਵੀ ਵੱਧ ਸਕਦੀ ਹੈ। ਸ਼ਹਿਰ ਵਾਸੀਆਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਸਫਾਈ ਮੁਹਿੰਮ ਨੂੰ ਤੇਜ਼ ਕੀਤਾ ਜਾਵੇ ਅਤੇ ਸੀਵਰੇਜ ਲਾਈਨਾਂ ਦੀ ਤੁਰੰਤ ਸਫਾਈ ਕਰਵਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਮੀਂਹ ਤੋਂ ਬਾਅਦ ਫੈਲੀ ਗੰਦਗੀ ਕਾਰਨ ਮੱਛਰਾਂ ਅਤੇ ਹੋਰ ਮੱਖੀਆਂ ਦੀ ਗਿਣਤੀ ਵਧ ਸਕਦੀ ਹੈ, ਜਿਸ ਨਾਲ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣ ਗਿਆ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਸਫਾਈ ਕਰਮਚਾਰੀਆਂ ਦੇ ਕੰਮ ਤੇ ਵਾਪਸ ਆਉਣ ਨਾਲ ਸਥਿਤੀ ਵਿੱਚ ਜਲਦ ਸੁਧਾਰ ਆਵੇਗਾ। ਉਨ੍ਹਾਂ ਨੇ ਕਿਹਾ ਕਿ ਕੂੜੇ ਦੇ ਢੇਰਾਂ ਨੂੰ ਜੰਗੀ ਪੱਧਰ ਤੇ ਚੁੱਕਣ, ਜਾਮ ਸੀਵਰੇਜ ਲਾਈਨਾਂ ਨੂੰ ਖੋਲ੍ਹਣ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਸਫਾਈ ਯਕੀਨੀ ਬਣਾਉਣ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕੂੜਾ ਖੁੱਲ੍ਹੇ ਵਿੱਚ ਸੁੱਟਣ ਦੀ ਬਜਾਏ ਨਿਰਧਾਰਤ ਥਾਵਾਂ ਤੇ ਹੀ ਪਾਉਣ, ਤਾਂ ਜੋ ਸੀਵਰੇਜ ਪ੍ਰਣਾਲੀ ਤੇ ਵਾਧੂ ਦਬਾਅ ਨਾ ਪਵੇ। ਫਿਲਹਾਲ ਸ਼ਹਿਰ ਵਿੱਚ ਸਫਾਈ ਵਿਵਸਥਾ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਲਈ ਪ੍ਰਸ਼ਾਸਨ ਅੱਗੇ ਵੱਡੀ ਚੁਣੌਤੀ ਬਣੀ ਹੋਈ ਹੈ। ਮੀਂਹ ਅਤੇ ਹੜਤਾਲ ਦੇ ਦੋਹਰੇ ਪ੍ਰਭਾਵ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਆਮ ਬਣਾਉਣ ਲਈ ਨਗਰ ਨਿਗਮ ਨੂੰ ਅਗਲੇ ਕੁਝ ਦਿਨਾਂ ਤੱਕ ਲਗਾਤਾਰ ਵਿਸ਼ੇਸ਼ ਸਫਾਈ ਅਭਿਆਨ ਚਲਾਉਣਾ ਪਵੇਗਾ।