ਸੋਮਵਾਰ ਦੇਰ ਰਾਤ 70 ਐਮਐਮ ਮੀਂਹ ਨਾਲ ਸ਼ਹਿਰ ਪਾਣੀ-ਪਾਣੀ, ਨੀਵੇਂ ਖੇਤਰਾਂ ਵਿਚ ਭਰਿਆ ਪਾਣੀ, ਮੰਗਲਵਾਰ ਦੁਪਹਿਰ ਤਕ ਹੀ ਹੋ ਸਕੀ ਨਿਕਾਸੀ ਸੋਮਵਾਰ ਦੇਰ ਰਾਤ 70 ਐਮਐਮ ਮੀਂਹ ਨਾਲ ਸ਼ਹਿਰ ਪਾਣੀ-ਪਾਣੀ, ਨੀਵੇਂ ਖੇਤਰਾਂ ਵਿਚ ਭਰਿਆ ਪਾਣੀ, ਮੰਗਲਵਾਰ ਦੁਪਹਿਰ ਤਕ ਹੀ ਹੋ ਸਕੀ ਨਿਕਾਸੀ
Publish Date: Tue, 04 Aug 2026 04:08 PM (IST)
Updated Date: Tue, 04 Aug 2026 04:10 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸੋਮਵਾਰ ਦੇਰ ਰਾਤ ਪਏ 70 ਮਿਲੀਮੀਟਰ ਮੀਂਹ ਨੇ ਬਠਿੰਡਾ ਸ਼ਹਿਰ ਦੀ ਨਗਰ ਨਿਗਮ ਦੀ ਡਰੇਨੇਜ ਪ੍ਰਣਾਲੀ ਦੀਆਂ ਕਮੀਆਂ ਨੂੰ ਇਕ ਵਾਰ ਫਿਰ ਉਜਾਗਰ ਕਰ ਦਿੱਤਾ। ਭਾਰੀ ਵਰਖਾ ਕਾਰਨ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ, ਮੁੱਖ ਸੜਕਾਂ ਅਤੇ ਬਾਜ਼ਾਰਾਂ ਵਿਚ ਪਾਣੀ ਭਰ ਗਿਆ, ਜਿਸ ਨਾਲ ਆਮ ਲੋਕਾਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜ਼ਿਆਦਾਤਰ ਥਾਵਾਂ ਤੇ ਪਾਣੀ ਖੜ੍ਹਾ ਰਿਹਾ ਅਤੇ ਮੰਗਲਵਾਰ ਦੁਪਹਿਰ ਤਕ ਹੀ ਪਾਣੀ ਦੀ ਨਿਕਾਸੀ ਸੰਭਵ ਹੋ ਸਕੀ। ਮੀਂਹ ਦਾ ਸਭ ਤੋਂ ਵੱਧ ਅਸਰ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਗਲੀਆਂ ਅਤੇ ਸੜਕਾਂ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਈਆਂ। ਕਈ ਥਾਵਾਂ ਤੇ ਰਾਹਗੀਰਾਂ ਨੂੰ ਪਾਣੀ ਵਿਚੋਂ ਲੰਘ ਕੇ ਆਪਣੇ ਮੰਜ਼ਿਲਾਂ ਤਕ ਪਹੁੰਚਣਾ ਪਿਆ, ਜਦਕਿ ਦੋਪਹੀਆ ਵਾਹਨ ਚਾਲਕਾਂ ਨੂੰ ਵੀ ਖਾਸੀ ਮੁਸ਼ਕਲ ਆਈ। ਕੁਝ ਥਾਵਾਂ ਤੇ ਵਾਹਨਾਂ ਦੇ ਬੰਦ ਹੋਣ ਦੀਆਂ ਵੀ ਘਟਨਾਵਾਂ ਸਾਹਮਣੇ ਆਈਆਂ। ਪਾਣੀ ਭਰਨ ਕਾਰਨ ਲੋਕਾਂ ਨੂੰ ਘਰਾਂ ਅਤੇ ਦੁਕਾਨਾਂ ਤਕ ਪਹੁੰਚਣ ’ਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਬਾਜ਼ਾਰਾਂ ਅਤੇ ਮਿੰਨੀ ਸਕੱਤਰੇਤ ਦੇ ਆਲੇ-ਦੁਆਲੇ ਵੀ ਹਾਲਾਤ ਕਾਫ਼ੀ ਪ੍ਰਭਾਵਿਤ ਰਹੇ। ਮੀਂਹ ਦਾ ਪਾਣੀ ਕਈ ਘੰਟਿਆਂ ਤੱਕ ਖੜ੍ਹਾ ਰਹਿਣ ਕਾਰਨ ਆਵਾਜਾਈ ਪ੍ਰਭਾਵਿਤ ਰਹੀ ਤੇ ਵਪਾਰਕ ਗਤੀਵਿਧੀਆਂ ਤੇ ਵੀ ਅਸਰ ਪਿਆ। ਦੁਕਾਨਦਾਰਾਂ ਨੇ ਦੱਸਿਆ ਕਿ ਗਾਹਕਾਂ ਦੀ ਆਵਾਜਾਈ ਘੱਟ ਹੋਣ ਕਾਰਨ ਕਾਰੋਬਾਰ ਵੀ ਪ੍ਰਭਾਵਿਤ ਹੋਇਆ। ਮੀਂਹ ਦੌਰਾਨ ਵਗਦੇ ਪਾਣੀ ਨਾਲ ਕੂੜਾ-ਕਰਕਟ ਤੇ ਪਲਾਸਟਿਕ ਦਾ ਸਮਾਨ ਨਾਲੀਆਂਆਂ ਅਤੇ ਰੋਡ ਜਾਲੀਆਂ ਵਿਚ ਫਸ ਗਿਆ। ਇਸ ਕਾਰਨ ਕਈ ਥਾਵਾਂ ਤੇ ਡਰੇਨੇਜ ਸਿਸਟਮ ਜਾਮ ਹੋ ਗਿਆ ਤੇ ਪਾਣੀ ਦੀ ਨਿਕਾਸੀ ਵਿਚ ਦੇਰੀ ਹੋਈ। ਨਗਰ ਨਿਗਮ ਦੀਆਂ ਟੀਮਾਂ ਨੂੰ ਜਾਲੀਆਂ ਸਾਫ਼ ਕਰਨ ਅਤੇ ਪਾਣੀ ਦੀ ਨਿਕਾਸੀ ਸੁਚਾਰੂ ਬਣਾਉਣ ਲਈ ਕਾਫ਼ੀ ਮਿਹਨਤ ਕਰਨੀ ਪਈ। ਸਿਰਕੀ ਬਾਜ਼ਾਰ ’ਚ ਹਾਲਾਤ ਸਭ ਤੋਂ ਵੱਧ ਗੰਭੀਰ ਰਹੇ। ਉੱਥੇ ਨਾਲਿਆਂ ਰਾਹੀਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਗਰ ਨਿਗਮ ਨੂੰ ਆਰਜ਼ੀ ਤੌਰ ਤੇ ਪੰਪ ਲਗਾ ਕੇ ਪਾਣੀ ਬਾਹਰ ਕੱਢਣਾ ਪਿਆ। ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਹੀ ਇਲਾਕੇ ’ਚ ਜਮ੍ਹਾਂ ਪਾਣੀ ਘਟਾਇਆ ਜਾ ਸਕਿਆ। ਇਸੇ ਤਰ੍ਹਾਂ ਪੋਸਟ ਆਫਿਸ ਬਾਜ਼ਾਰ ਤੋਂ ਸਦਭਾਵਨਾ ਚੌਂਕ ਤਕ ਪਾਈਪ ਲਾਈਨ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਉੱਥੇ ਵੀ ਆਰਜ਼ੀ ਪੰਪ ਦੀ ਮਦਦ ਨਾਲ ਪਾਣੀ ਦੀ ਨਿਕਾਸੀ ਕਰਨੀ ਪਈ। ਨਗਰ ਨਿਗਮ ਦੀਆਂ ਟੀਮਾਂ ਮੰਗਲਵਾਰ ਸਵੇਰੇ ਤੋਂ ਲਗਾਤਾਰ ਮੌਕੇ ਤੇ ਡਟੀਆਂ ਰਹੀਆਂ ਅਤੇ ਪਾਣੀ ਕੱਢਣ ਦਾ ਕੰਮ ਕਰਦੀਆਂ ਰਹੀਆਂ। ਮੀਂਹ ਤੋਂ ਬਾਅਦ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਚਿੱਕੜ ਅਤੇ ਗੰਦਗੀ ਫੈਲ ਗਈ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਹੋਰ ਵੀ ਮੁਸ਼ਕਲਾਂ ਆਈਆਂ। ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਉਤਰਣ ਤੋਂ ਬਾਅਦ ਸੜਕਾਂ ਤੇ ਮਿੱਟੀ ਅਤੇ ਕੂੜਾ ਫੈਲਿਆ ਹੋਇਆ ਦੇਖਿਆ ਗਿਆ। ਲੋਕਾਂ ਨੇ ਮੰਗ ਕੀਤੀ ਕਿ ਡਰੇਨੇਜ ਪ੍ਰਣਾਲੀ ਦੀ ਸਮੇਂ-ਸਮੇਂ ਤੇ ਸਫ਼ਾਈ ਯਕੀਨੀ ਬਣਾਈ ਜਾਵੇ ਤਾਂ ਜੋ ਹਰ ਵਾਰ ਮੀਂਹ ਪੈਣ ਤੇ ਅਜਿਹੀ ਸਥਿਤੀ ਨਾ ਬਣੇ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਹਰ ਬਰਸਾਤ ਦੇ ਮੌਸਮ ਵਿੱਚ ਪਾਣੀ ਭਰਨ ਦੀ ਸਮੱਸਿਆ ਆਮ ਹੋ ਚੁੱਕੀ ਹੈ। ਨਾਲਿਆਂ ਅਤੇ ਸੀਵਰੇਜ ਲਾਈਨਾਂ ਦੀ ਨਿਯਮਤ ਸਫ਼ਾਈ ਨਾ ਹੋਣ ਕਾਰਨ ਥੋੜ੍ਹੀ ਜਿਹੀ ਤੇਜ਼ ਬਰਸਾਤ ਵੀ ਸ਼ਹਿਰ ਦੀ ਆਵਾਜਾਈ ਅਤੇ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੰਦੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਰਸਾਤੀ ਮੌਸਮ ਦੌਰਾਨ ਪਹਿਲਾਂ ਤੋਂ ਹੀ ਸਾਰੇ ਨਾਲਿਆਂ ਅਤੇ ਪਾਈਪ ਲਾਈਨਾਂ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਨਾ ਆਵੇ। ਉਧਰ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੌਰਾਨ ਵੀ ਹਲਕੀ ਤੋਂ ਦਰਮਿਆਨੀ ਬਰਸਾਤ ਦੀ ਸੰਭਾਵਨਾ ਜਤਾਈ ਹੈ। ਵਿਭਾਗ ਅਨੁਸਾਰ 5 ਜੁਲਾਈ ਅਤੇ 6 ਜੁਲਾਈ ਨੂੰ ਲਗਭਗ ਪੰਜ-ਪੰਜ ਮਿਲੀਮੀਟਰ ਮੀਂਹ ਪੈ ਸਕਦਾ ਹੈ। ਇਸ ਭਵਿੱਖਬਾਣੀ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਵੱਲੋਂ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਾ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਪਹਿਲਾਂ ਤੋਂ ਤਿਆਰੀ ਰੱਖਣਾ ਜ਼ਰੂਰੀ ਹੋਵੇਗਾ, ਤਾਂ ਜੋ ਦੁਬਾਰਾ ਭਾਰੀ ਮੀਂਹ ਦੀ ਸਥਿਤੀ ਵਿੱਚ ਲੋਕਾਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ।