- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਣਵਾਈ ਨਾ ਹੋਣ 'ਤੇ ਸਫਾਈ ਕਾਮਿਆਂ ਨੇ ਐਮਰਜੈਂਸੀ ਸੇਵਾਵਾਂ ਵੀ ਕੀਤੀਆਂ ਬੰਦ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ
ਨਗਰ ਨਿਗਮ ਦੇ ਸਫਾਈ ਕਾਮਿਆਂ ਦੀ ਚੱਲ ਰਹੀ ਹੜਤਾਲ ਹੋਰ ਤੇਜ਼ ਹੋ ਗਈ ਹੈ। ਇਕ ਦਿਨ ਪਹਿਲਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਯੂਨੀਅਨ ਵੱਲੋਂ ਧਾਰਮਿਕ ਸਥਾਨਾਂ, ਵਿਆਹ ਸਮਾਗਮਾਂ ਅਤੇ ਹੋਰ ਜ਼ਰੂਰੀ ਥਾਵਾਂ 'ਤੇ ਐਮਰਜੈਂਸੀ ਸਫਾਈ ਸੇਵਾਵਾਂ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਤਹਿਤ ਸਫਾਈ ਕਾਮਿਆਂ ਨੇ ਮੰਦਰਾਂ, ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਪਿਆ ਕੂੜਾ ਵੀ ਚੁੱਕਿਆ ਸੀ ਤਾਂ ਜੋ ਧਾਰਮਿਕ ਸਮਾਗਮਾਂ ਵਿੱਚ ਆਉਣ ਵਾਲੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪਰ ਯੂਨੀਅਨ ਦਾ ਦੋਸ਼ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਸਕਾਰਾਤਮਕ ਪਹਿਲ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਕਾਰਨ ਸਫਾਈ ਕਾਮਿਆਂ ਨੇ ਸੋਮਵਾਰ ਤੋਂ ਐਮਰਜੈਂਸੀ ਸੇਵਾਵਾਂ ਵੀ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਫੈਸਲੇ ਤੋਂ ਬਾਅਦ ਹੁਣ ਸ਼ਹਿਰ ਵਿਚ ਕਿਸੇ ਵੀ ਥਾਂ ਤੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ, ਜਿਸ ਨਾਲ ਸਫਾਈ ਵਿਵਸਥਾ ਹੋਰ ਵਿਗੜ ਗਈ ਹੈ। ਸਫਾਈ ਕਾਮਿਆਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਸਰਕਾਰ ਕੋਲ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਹਨ, ਪਰ ਹਰ ਵਾਰ ਉਨ੍ਹਾਂ ਨੂੰ ਸਿਰਫ਼ ਭਰੋਸੇ ਹੀ ਮਿਲੇ ਹਨ। ਉਨ੍ਹਾਂ ਦਾ ਸਪੱਸ਼ਟ ਕਹਿਣਾ ਹੈ ਕਿ ਜਦੋਂ ਤਕ ਸਰਕਾਰ ਉਨ੍ਹਾਂ ਨੂੰ ਪੱਕਾ ਕਰਨ ਦਾ ਲਿਖਤੀ ਫੈਸਲਾ ਨਹੀਂ ਕਰਦੀ, ਉਦੋਂ ਤਕ ਹੜਤਾਲ ਕਿਸੇ ਵੀ ਹਾਲਤ ਵਿੱਚ ਵਾਪਸ ਨਹੀਂ ਲਈ ਜਾਵੇਗੀ। ਯੂਨੀਅਨ ਆਗੂਆਂ ਨੇ ਕਿਹਾ ਕਿ ਕਰਮਚਾਰੀ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਅਤੇ ਲੋੜ ਪਈ ਤਾਂ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਹੜਤਾਲ ਕਾਰਨ ਬਠਿੰਡਾ ਸ਼ਹਿਰ ਦੀ ਸਫਾਈ ਵਿਵਸਥਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਸ਼ਹਿਰ ਦੀਆਂ ਮੁੱਖ ਸੜਕਾਂ, ਬਾਜ਼ਾਰਾਂ, ਰਿਹਾਇਸ਼ੀ ਕਾਲੋਨੀਆਂ ਅਤੇ ਗਲੀਆਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ। ਕਈ ਥਾਵਾਂ 'ਤੇ ਕੂੜਾ ਸੜਕਾਂ ਤਕ ਫੈਲ ਗਿਆ ਹੈ, ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਲਗਾਤਾਰ ਪਿਆ ਕੂੜਾ ਬਾਰਿਸ਼ ਨਾਲ ਗਿੱਲਾ ਹੋਣ ਕਾਰਨ ਉਸ ਵਿੱਚੋਂ ਬਦਬੂ ਆ ਰਹੀ ਹੈ ਅਤੇ ਗੰਦਾ ਪਾਣੀ ਆਲੇ-ਦੁਆਲੇ ਫੈਲ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਦੀ ਸੇਵਾ ਬੰਦ ਹੋਣ ਕਾਰਨ ਘਰਾਂ ਵਿੱਚ ਵੀ ਕੂੜਾ ਜਮ੍ਹਾਂ ਹੋ ਰਿਹਾ ਹੈ। ਮਜਬੂਰੀ ਵਿੱਚ ਕਈ ਲੋਕ ਕੂੜਾ ਖਾਲੀ ਪਲਾਟਾਂ ਜਾਂ ਸੜਕ ਕਿਨਾਰੇ ਸੁੱਟ ਰਹੇ ਹਨ, ਜਿਸ ਨਾਲ ਗੰਦਗੀ ਹੋਰ ਵੱਧ ਰਹੀ ਹੈ। ਸਾਉਣ ਮਹੀਨੇ ਦੌਰਾਨ ਧਾਰਮਿਕ ਸਮਾਗਮਾਂ ਅਤੇ ਵਿਆਹ-ਸ਼ਾਦੀਆਂ ਦਾ ਸੀਜ਼ਨ ਹੋਣ ਕਾਰਨ ਲੋਕਾਂ ਨੂੰ ਹੋਰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਜਲਦੀ ਸਫਾਈ ਪ੍ਰਬੰਧ ਬਹਾਲ ਨਾ ਹੋਏ ਤਾਂ ਗੰਦਗੀ ਕਾਰਨ ਡੇਂਗੂ, ਮਲੇਰੀਆ, ਟਾਈਫਾਇਡ, ਦਸਤ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਸਕਦਾ ਹੈ। ਕੂੜੇ ਦੇ ਢੇਰਾਂ ਕਾਰਨ ਮੱਛਰ, ਮੱਖੀਆਂ ਅਤੇ ਆਵਾਰਾ ਪਸ਼ੂਆਂ ਦੀ ਗਿਣਤੀ ਵੀ ਵਧ ਰਹੀ ਹੈ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਉੱਧਰ ਸਫਾਈ ਕਾਮੇ ਨਗਰ ਨਿਗਮ ਦਫ਼ਤਰ ਦੇ ਬਾਹਰ ਆਪਣਾ ਧਰਨਾ ਲਗਾਤਾਰ ਜਾਰੀ ਰੱਖੇ ਹੋਏ ਹਨ। ਯੂਨੀਅਨ ਆਗੂਆਂ ਨੇ ਕਿਹਾ ਕਿ ਉਹ ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦੇ, ਪਰ ਆਪਣੇ ਹੱਕਾਂ ਲਈ ਪਿੱਛੇ ਵੀ ਨਹੀਂ ਹਟਣਗੇ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨ ਕੇ ਗੱਲਬਾਤ ਰਾਹੀਂ ਹੱਲ ਕੱਢਿਆ ਜਾਵੇ, ਤਾਂ ਜੋ ਸ਼ਹਿਰ ਦੀ ਸਫਾਈ ਵਿਵਸਥਾ ਮੁੜ ਲੀਹ 'ਤੇ ਆ ਸਕੇ ਅਤੇ ਲੋਕਾਂ ਨੂੰ ਗੰਦਗੀ ਕਾਰਨ ਹੋ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ। ਇਸ ਸਮੇਂ ਤੱਕ ਨਾ ਤਾਂ ਹੜਤਾਲ ਖ਼ਤਮ ਹੋਣ ਦੇ ਕੋਈ ਸੰਕੇਤ ਮਿਲੇ ਹਨ ਅਤੇ ਨਾ ਹੀ ਸਰਕਾਰ ਵੱਲੋਂ ਕੋਈ ਅਧਿਕਾਰਤ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਦੀ ਚਿੰਤਾ ਲਗਾਤਾਰ ਵਧ ਰਹੀ ਹੈ। ਦਜੇ ਪਾਸੇ ਨਗਰ ਨਿਗਮ ਨੇ ਆਪਣੇ ਪੱਧਰ ’ਤੇ ਸ਼ਹਿਰ ਦੀ ਸਫਾਈ ਸ਼ੁਰੂ ਕਰ ਦਿੱਤੀ ਹੈ।