ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਸ਼ਹਿਰ ’ਚ ਕੂੜੇ ਦੇ ਢੇਰ, ਸੜਕਾਂ ਤੇ ਗਲੀਆਂ ’ਚ 1000 ਟਨ ਦੇ ਕਰੀਬ ਕੂੜਾ ਇਕੱਠਾ ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਸ਼ਹਿਰ ’ਚ ਕੂੜੇ ਦੇ ਢੇਰ, ਸੜਕਾਂ ਤੇ ਗਲੀਆਂ ਵਿੱਚ 1000 ਟਨ ਦੇ ਕਰੀਬ ਕੂੜਾ ਇਕੱਠਾ
Publish Date: Sat, 01 Aug 2026 04:53 PM (IST)
Updated Date: Sat, 01 Aug 2026 04:55 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਗਾਰਣ ਬਠਿੰਡਾ ਬਠਿੰਡਾ ਵਿੱਚ ਸਫ਼ਾਈ ਕਰਮਚਾਰੀਆਂ ਦੀ ਪਿਛਲੇ ਅੱਠ ਦਿਨਾਂ ਤੋਂ ਜਾਰੀ ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਹਰ ਰੋਜ਼ ਨਿਕਲਣ ਵਾਲਾ ਕਰੀਬ 120 ਟਨ ਕੂੜਾ ਨਾ ਚੁੱਕੇ ਜਾਣ ਕਾਰਨ ਹੁਣ ਸ਼ਹਿਰ ਦੀਆਂ ਸੜਕਾਂ, ਗਲੀਆਂ ਅਤੇ ਬਾਜ਼ਾਰਾਂ ਵਿੱਚ ਕੂੜੇ ਦੇ ਢੇਰ ਲੱਗ ਗਏ ਹਨ। ਅੱਠ ਦਿਨਾਂ ਦੌਰਾਨ ਲਗਭਗ 1000 ਟਨ ਕੂੜਾ ਇਕੱਠਾ ਹੋ ਚੁੱਕਾ ਹੈ, ਜਿਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਵਿੱਚ ਹੋਈ ਬਾਰਿਸ਼ ਤੋਂ ਬਾਅਦ ਗਿੱਲੇ ਕੂੜੇ ਵਿੱਚੋਂ ਉੱਠ ਰਹੀ ਬਦਬੂ, ਗੰਦੇ ਪਾਣੀ ਦਾ ਰਿਸਾਅ ਅਤੇ ਮੱਛਰਾਂ-ਮੱਖੀਆਂ ਦੀ ਵਧ ਰਹੀ ਗਿਣਤੀ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਕਈ ਇਲਾਕਿਆਂ ਵਿੱਚ ਕੂੜੇ ਦੇ ਢੇਰ ਸੜਕਾਂ ਤਕ ਫੈਲ ਗਏ ਹਨ, ਜਿਸ ਨਾਲ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਇਸ ਵੇਲੇ ਸਾਊਣ ਦਾ ਮਹੀਨਾ ਚੱਲ ਰਿਹਾ ਹੈ, ਜਿਸ ਦੌਰਾਨ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਧਾਰਮਿਕ ਸਮਾਗਮਾਂ ਦੀ ਗਿਣਤੀ ਵਧ ਗਈ ਹੈ। ਇਸ ਤੋਂ ਇਲਾਵਾ ਵਿਆਹ ਅਤੇ ਹੋਰ ਸਮਾਜਿਕ ਸਮਾਗਮ ਵੀ ਲਗਾਤਾਰ ਹੋ ਰਹੇ ਹਨ। ਅਜਿਹੇ ਸਮੇਂ ਵਿੱਚ ਸਫ਼ਾਈ ਵਿਵਸਥਾ ਠੱਪ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸ਼ਹਿਰ ਦੀ ਸੁੰਦਰਤਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। 100 ਤੋਂ ਵੱਧ ਥਾਵਾਂ ਅਸਥਾਈ ਡੰਪਿੰਗ ਪੁਆਇੰਟ ਭਰੇ, ਕਈ ਖੇਤਰ ਕੂੜੇ ਦੇ ਢੇਰ ’ਚ ਤਬਦੀਲ ਹੜਤਾਲ ਕਾਰਨ ਸ਼ਹਿਰ ਵਿੱਚ ਹਰ ਰੋਜ਼ ਨਿਕਲਣ ਵਾਲਾ ਲਗਭਗ 120 ਟਨ ਕੂੜਾ ਕਈ ਦਿਨਾਂ ਤੋਂ ਨਹੀਂ ਚੁੱਕਿਆ ਗਿਆ। ਇਸ ਕਾਰਨ ਪਹਿਲਾਂ ਤੋਂ ਮੌਜੂਦ 32 ਸੈਕੰਡਰੀ ਡੰਪਿੰਗ ਪੁਆਇੰਟਾਂ ਦੀ ਗਿਣਤੀ ਵਧ ਕੇ ਹੁਣ 100 ਤੋਂ ਵੱਧ ਹੋ ਗਈ ਹੈ। ਕਈ ਥਾਵਾਂ ਤੇ ਕੂੜੇ ਦੇ ਢੇਰ ਸੈਂਕੜੇ ਮੀਟਰ ਤਕ ਫੈਲ ਚੁੱਕੇ ਹਨ। ਸਭ ਤੋਂ ਮਾੜੀ ਸਥਿਤੀ ਮਿੰਨੀ ਸਕੱਤਰੇਤ ਰੋਡ ਤੇ ਸਰਕਾਰੀ ਰਾਜਿੰਦਰਾ ਕਾਲਜ ਦੀ ਬਾਹਰੀ ਕੰਧ ਕੋਲ ਅਤੇ ਕੱਪੜਾ ਮਾਰਕੀਟ ਵਿੱਚ ਮਹਾਵੀਰ ਦਲ ਹਸਪਤਾਲ ਨੇੜੇ ਬਣੀ ਹੋਈ ਹੈ, ਜਿੱਥੇ ਕੂੜਾ ਸੜਕਾਂ ਤਕ ਫੈਲ ਗਿਆ ਹੈ। ਇਸ ਤੋਂ ਇਲਾਵਾ ਮਾਲ ਗੋਦਾਮ ਰੋਡ, ਅਮਰੀਕ ਸਿੰਘ ਰੋਡ, ਪਰਸਰਾਮ ਨਗਰ ਓਵਰਬ੍ਰਿਜ, ਵੀਰ ਕਲੋਨੀ ਗੇਟ, ਸੰਤਪੁਰਾ ਰੋਡ, ਭੱਟੀ ਰੋਡ, ਨਾਮਦੇਵ ਰੋਡ, ਕਿਲਾ ਮੁਬਾਰਕ ਦੇ ਸਾਹਮਣੇ, ਡਿਊਨਜ਼ ਕਲੱਬ, ਭਾਗੂ ਰੋਡ, ਗੋਨਿਆਣਾ ਰੋਡ ਮਾਰਕੀਟ, ਰੋਜ਼ ਗਾਰਡਨ ਦੇ ਆਲੇ-ਦੁਆਲੇ ਅਤੇ ਨੈਸ਼ਨਲ ਕਲੋਨੀ ਸਮੇਤ ਕਈ ਇਲਾਕੇ ਕੂੜੇ ਦੇ ਢੇਰਾਂ ਵਿੱਚ ਤਬਦੀਲ ਹੋ ਚੁੱਕੇ ਹਨ। ਮੀਂਹ ਨੇ ਵਧਾਈ ਮੁਸ਼ਕਿਲ, ਬਿਮਾਰੀਆਂ ਦਾ ਖ਼ਤਰਾ ਵਧਿਆ ਹਾਲੀਆ ਬਾਰਿਸ਼ ਕਾਰਨ ਕੂੜਾ ਪੂਰੀ ਤਰ੍ਹਾਂ ਗਿੱਲਾ ਹੋ ਗਿਆ ਹੈ ਅਤੇ ਉਸ ਵਿੱਚੋਂ ਸੜਾਂਦ ਆਉਣੀ ਸ਼ੁਰੂ ਹੋ ਗਈ ਹੈ। ਕੂੜੇ ਵਿੱਚੋਂ ਨਿਕਲ ਰਹੀ ਬਦਬੂ ਕਾਰਨ ਨੇੜਲੇ ਇਲਾਕਿਆਂ ਦੇ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਗਿਆ ਹੈ। ਬਾਰਿਸ਼ ਦਾ ਪਾਣੀ ਕੂੜੇ ਵਿੱਚ ਰਲਣ ਨਾਲ ਬਦਬੂ ਦੂਰ ਦੂਰ ਤਕ ਫੈਲ ਰਹੀ ਹੈ, ਜਿਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਗੰਦਗੀ ਕਾਰਨ ਮੱਛਰਾਂ, ਮੱਖੀਆਂ ਅਤੇ ਆਵਾਰਾ ਪਸ਼ੂਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਜਲਦੀ ਸਫ਼ਾਈ ਵਿਵਸਥਾ ਬਹਾਲ ਨਾ ਹੋਈ ਤਾਂ ਡੇਂਗੂ, ਮਲੇਰੀਆ, ਟਾਈਫਾਇਡ, ਦਸਤ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਕਾਫ਼ੀ ਵਧ ਸਕਦਾ ਹੈ। ਘਰਾਂ ’ਚ ਵੀ ਇਕੱਠਾ ਹੋਣ ਲੱਗਾ ਕੂੜਾ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਦੀ ਸੇਵਾ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਦੋ ਤੋਂ ਤਿੰਨ ਡਸਟਬਿਨ ਕੂੜੇ ਨਾਲ ਭਰ ਚੁੱਕੇ ਹਨ। ਕਈ ਪਰਿਵਾਰ ਹੜਤਾਲ ਖ਼ਤਮ ਹੋਣ ਦੀ ਉਮੀਦ ਵਿੱਚ ਕੂੜੇ ਨੂੰ ਪਲਾਸਟਿਕ ਦੇ ਥੈਲਿਆਂ ਅਤੇ ਬੋਰੀਆਂ ਵਿੱਚ ਭਰ ਕੇ ਰੱਖ ਰਹੇ ਹਨ, ਪਰ ਲੰਬੇ ਸਮੇਂ ਤਕ ਕੂੜਾ ਘਰਾਂ ਵਿੱਚ ਪਿਆ ਰਹਿਣ ਕਾਰਨ ਹੁਣ ਉੱਥੇ ਵੀ ਬਦਬੂ ਫੈਲਣੀ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਕੁਝ ਲੋਕ ਮਜ਼ਬੂਰੀ ਵੱਸ ਸਵੇਰੇ ਜਾਂ ਦੇਰ ਰਾਤ ਸੜਕਾਂ ਦੇ ਕਿਨਾਰੇ ਕੂੜਾ ਸੁੱਟ ਰਹੇ ਹਨ। ਕੁਝ ਗਲੀ ਸਫ਼ਾਈ ਕਰਮਚਾਰੀ ਵੀ ਰੇਹੜੀਆਂ ਵਿੱਚ ਕੂੜਾ ਭਰ ਕੇ ਇਨ੍ਹਾਂ ਅਸਥਾਈ ਡੰਪਿੰਗ ਪੁਆਇੰਟਾਂ ਤੇ ਹੀ ਸੁੱਟ ਰਹੇ ਹਨ, ਜਿਸ ਨਾਲ ਸਮੱਸਿਆ ਹੋਰ ਗੰਭੀਰ ਬਣਦੀ ਜਾ ਰਹੀ ਹੈ। ਯੂਨੀਅਨ ਨੇ ਐਮਰਜੈਂਸੀ ਸੇਵਾਵਾਂ ਦੇਣ ਦਾ ਕੀਤਾ ਐਲਾਨ ਸਫ਼ਾਈ ਸੇਵਕ ਅਤੇ ਸੀਵਰ ਵਰਕਰ ਯੂਨੀਅਨ ਨੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਐਮਰਜੈਂਸੀ ਸਫ਼ਾਈ ਸੇਵਾਵਾਂ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਹੜਤਾਲ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗੀ, ਪਰ ਧਾਰਮਿਕ ਸਮਾਗਮਾਂ, ਵਿਆਹ ਸਮਾਰੋਹਾਂ ਅਤੇ ਹੋਰ ਜ਼ਰੂਰੀ ਥਾਵਾਂ ਤੇ ਸਫ਼ਾਈ ਵਿਵਸਥਾ ਬਣਾਈ ਰੱਖਣ ਲਈ ਕੁਝ ਕਰਮਚਾਰੀਆਂ ਨੂੰ ਡਿਊਟੀ ਤੇ ਭੇਜਿਆ ਗਿਆ। ਮੁਲਾਜ਼ਮਾਂ ਨੇ ਅਜਿਹੇ ਸਥਾਨਾਂ ’ਤੇ ਸਫਾਈ ਕੀਤੀ ਹੈ। ਉੱਧਰ ਸਫ਼ਾਈ ਕਰਮਚਾਰੀ ਨਗਰ ਨਿਗਮ ਦਫ਼ਤਰ ਦੇ ਬਾਹਰ ਹਰ ਰੋਜ਼ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਧਰਨਾ ਦੇ ਰਹੇ ਹਨ। ਜੇਕਰ ਜਲਦੀ ਕੋਈ ਹੱਲ ਨਾ ਨਿਕਲਿਆ ਤਾਂ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ ਅਤੇ ਲੋਕਾਂ ਨੂੰ ਸਿਹਤ ਸਬੰਧੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।