ਐਨਐਚ-7 ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਦੀ ਖਸਤਾ ਹਾਲਤ 'ਤੇ ਉੱਠੇ ਸਵਾਲ ਐਨਐਚ-7 ਬਠਿੰਡਾ-ਜੀਰਕਪੁਰ ਕੌਮੀ ਮਾਰਗ ਦੀ ਖਸਤਾ ਹਾਲਤ 'ਤੇ ਉੱਠੇ ਸਵਾਲ
Publish Date: Thu, 30 Jul 2026 04:30 PM (IST)
Updated Date: Thu, 30 Jul 2026 04:31 PM (IST)
ਬਠਿੰਡਾ-ਜ਼ੀਰਕਪੁਰ ਤਕ ਕੌਮੀ ਮਾਰਗ ਦੀ ਸੁਰੱਖਿਆ ਵਿਵਸਥਾ ਸਵਾਲਾਂ ਦੇ ਘੇਰੇ ਵਿਚ, ਕੇਂਦਰ ਤੇ ਪੰਜਾਬ ਸਰਕਾਰ ਕੋਲ ਕੀਤੀ ਸ਼ਿਕਾਇਤ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ ਤੋਂ ਬਰਨਾਲਾ ਤੇ ਅੱਗੇ ਜ਼ੀਰਕਪੁਰ ਤਕ ਜਾਂਦੇ ਕੌਮੀ ਮਾਰਗ ਐੱਨਐੱਚ-7 ਦੀ ਖਸਤਾ ਹਾਲਤ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ। ਹਾਈਵੇ ’ਤੇ ਟੁੱਟੀਆਂ ਸੁਰੱਖਿਆ ਗਰਿੱਲਾਂ, ਬੰਦ ਪਈਆਂ ਸਟਰੀਟ ਲਾਈਟਾਂ, ਗਾਇਬ ਅਤੇ ਨੁਕਸਾਨੇ ਗਏ ਬਿਜਲੀ ਦੇ ਖੰਭਿਆਂ ਕਾਰਨ ਹਰ ਰੋਜ਼ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਮਾਮਲੇ ਨੂੰ ਲੈ ਕੇ ਆਰਟੀਆਈ ਕਾਰਕੁੰਨ ਅਤੇ ਜਾਗੋ ਗਾਹਕ ਦੇ ਪ੍ਰਧਾਨ ਸੰਜੀਵ ਗੋਇਲ ਨੇ ਕੇਂਦਰ ਤੇ ਪੰਜਾਬ ਸਰਕਾਰ ਸਮੇਤ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਉਚ ਅਧਿਕਾਰੀਆਂ ਕੋਲ ਵਿਸਥਾਰ ਨਾਲ ਸ਼ਿਕਾਇਤ ਭੇਜ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਬਠਿੰਡਾ ਤੋਂ ਜ਼ੀਰਕਪੁਰ ਤਕ ਹਾਈਵੇ ਦੇ ਦੋਵੇਂ ਪਾਸਿਆਂ ਲੱਗੀਆਂ ਸੈਂਕੜੇ ਲੋਹੇ ਦੀਆਂ ਸੁਰੱਖਿਆ ਗਰਿੱਲਾਂ ਕਈ ਥਾਵਾਂ ਤੋਂ ਟੁੱਟ ਚੁਕੀਆਂ ਹਨ, ਜਦਕਿ ਕਈ ਥਾਵਾਂ ਤੋਂ ਪੂਰੀ ਤਰਾਂ ਗਾਇਬ ਹਨ। ਇਸ ਕਾਰਨ ਆਵਾਰਾ ਅਤੇ ਬੇਸਹਾਰਾ ਪਸ਼ੂ ਬਿਨਾਂ ਕਿਸੇ ਰੁਕਾਵਟ ਦੇ ਹਾਈਵੇ ’ਤੇ ਆ ਜਾਂਦੇ ਹਨ। ਖਾਸ ਕਰਕੇ ਰਾਤ ਸਮੇਂ ਇਹ ਪਸ਼ੂ ਵਾਹਨ ਚਾਲਕਾਂ ਲਈ ਵੱਡਾ ਖਤਰਾ ਬਣਦੇ ਹਨ ਅਤੇ ਕਈ ਵਾਰ ਗੰਭੀਰ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਸਿਰਫ ਗਰਿੱਲਾਂ ਹੀ ਨਹੀਂ ਸਗੋਂ ਹਾਈਵੇ ਉਤੇ ਲੱਗੀ ਸਟਰੀਟ ਲਾਈਟ ਪ੍ਰਣਾਲੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਕਈ ਥਾਵਾਂ ’ਤੇ ਲਾਈਟਾਂ ਮਹੀਨਿਆਂ ਤੋਂ ਬੰਦ ਪਈਆਂ ਹਨ, ਕਈ ਥਾਵਾਂ ਤੋਂ ਪੂਰੀ ਤਰਾਂ ਗਾਇਬ ਹਨ ਤੇ ਸਿਰਫ ਖਾਲੀ ਖੰਭੇ ਹੀ ਨਜ਼ਰ ਆਉਂਦੇ ਹਨ। ਕੁਝ ਥਾਵਾਂ ’ਤੇ ਲਾਈਟਾਂ ਖੰਭਿਆਂ ਨਾਲ ਲਟਕ ਰਹੀਆਂ ਹਨ, ਜਦਕਿ ਕਈ ਲਾਈਟਾਂ ਦੀ ਦਿਸ਼ਾ ਹੀ ਬਦਲ ਚੁਕੀ ਹੈ। ਸ਼ਿਕਾਇਤ ਮੁਤਾਬਕ ਕਈ ਲਾਈਟਾਂ 45, 90 ਅਤੇ 180 ਡਿਗਰੀ ਤਕ ਮੁੜ ਚੁਕੀਆਂ ਹਨ, ਜਿਸ ਕਾਰਨ ਰੌਸ਼ਨੀ ਸੜਕ ਦੀ ਬਜਾਏ ਅਸਮਾਨ ਜਾਂ ਸੜਕ ਤੋਂ ਬਾਹਰ ਪੈਂਦੀ ਹੈ। ਇਸ ਨਾਲ ਰਾਤ ਸਮੇਂ ਵਾਹਨ ਚਾਲਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਆਰਟੀਆਈ ਕਾਰਕੁੰਨ ਸੰਜੀਵ ਨੇ ਦੱਸਿਆ ਗਿਆ ਹੈ ਕਿ ਕਈ ਥਾਵਾਂ ’ਤੇ ਬਿਜਲੀ ਦੇ ਖੰਭੇ ਟੁੱਟ ਕੇ ਸੜਕ ਕਿਨਾਰੇ ਪਏ ਹਨ, ਕਈ ਖੰਭੇ ਟੇਢੇ ਹੋ ਚੁਕੇ ਹਨ ਅਤੇ ਕਈ ਪੂਰੀ ਤਰਾਂ ਗਾਇਬ ਹਨ। ਬਠਿੰਡਾ ਦੀ ਨਹਿਰ ਮਾਰਕੀਟ ਨੇੜੇ ਲੰਮੇ ਸਮੇਂ ਤੋਂ ਸਟਰੀਟ ਲਾਈਟਾਂ ਤੇ ਖੰਭਿਆਂ ਦੀ ਘਾਟ ਬਣੀ ਹੋਈ ਹੈ, ਪਰ ਅਜੇ ਤਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਇਸ ਸਬੰਧੀ ਪਹਿਲਾਂ ਵੀ ਪੁਲਿਸ ਤੇ ਹੋਰ ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਜਾਣਕਾਰੀ ਦਿੱਤੀ ਜਾ ਚੁੱਕੀ ਹੈ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਸੰਜੀਵ ਗੋਇਲ ਨੇ ਦੋਸ਼ ਲਗਾਇਆ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਟੋਲ ਟੈਕਸ ਤਾਂ ਨਿਯਮਿਤ ਤੌਰ ’ਤੇ ਵਸੂਲਿਆ ਜਾ ਰਿਹਾ ਹੈ, ਪਰ ਯਾਤਰੀਆਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਸਫਰ ਮੁਹੱਈਆ ਕਰਵਾਉਣ ਵਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਲੋਕ ਟੋਲ ਟੈਕਸ ਅਦਾ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਸੁਰੱਖਿਅਤ ਹਾਈਵੇ ਅਤੇ ਬੁਨਿਆਦੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਮੌਜੂਦਾ ਹਾਲਤ ਵਿਚ ਹਾਈਵੇ ਤੇ ਸਫਰ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੌਮੀ ਮਾਰਗਾਂ ਉਤੇ ਲਗਾਤਾਰ ਵਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਕੇਵਲ ਟਰੈਫਿਕ ਨਿਯਮਾਂ ਦੀ ਪਾਲਣਾ ਹੀ ਕਾਫੀ ਨਹੀਂ, ਸਗੋਂ ਹਾਈਵੇ ਦੇ ਸੁਰੱਖਿਆ ਢਾਂਚੇ ਦੀ ਨਿਯਮਤ ਸੰਭਾਲ ਵੀ ਬਹੁਤ ਜਰੂਰੀ ਹੈ। ਜੇਕਰ ਸਮੇਂ ਸਿਰ ਟੁੱਟੀਆਂ ਗਰਿੱਲਾਂ, ਬੰਦ ਲਾਈਟਾਂ ਅਤੇ ਨੁਕਸਾਨੇ ਖੰਭਿਆਂ ਦੀ ਮੁਰੰਮਤ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਹਾਦਸਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਮਾਮਲੇ ਸਬੰਧੀ ਪ੍ਰਧਾਨ ਮੰਤਰੀ, ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ, ਪੰਜਾਬ ਦੇ ਮੁੱਖ ਮੰਤਰੀ, ਮੁਖ ਸਕੱਤਰ, ਵੱਖ ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਉਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜੀ ਗਈ ਹੈ। ਸ਼ਿਕਾਇਤ ਨਾਲ ਹਾਈਵੇ ਦੀ ਮੌਜੂਦਾ ਹਾਲਤ ਦਰਸਾਉਂਦੀਆਂ ਤਸਵੀਰਾਂ ਵੀ ਨੱਥੀ ਕੀਤੀਆਂ ਗਈਆਂ ਹਨ। ਸ਼ਿਕਾਇਤ ਕਰਤਾ ਨੇ ਮੰਗ ਕੀਤੀ ਹੈ ਕਿ ਐਨਐਚ-7 ਉਤੇ ਟੁੱਟੀਆਂ ਅਤੇ ਗਾਇਬ ਗਰਿੱਲਾਂ, ਬੰਦ ਜਾਂ ਖਰਾਬ ਸਟਰੀਟ ਲਾਈਟਾਂ ਅਤੇ ਨੁਕਸਾਨੇ ਗਏ ਬਿਜਲੀ ਦੇ ਖੰਭਿਆਂ ਨੂੰ ਤੁਰੰਤ ਬਦਲਿਆ ਜਾਵੇ। ਨਾਲ ਹੀ ਹਾਈਵੇ ਦੀ ਸੰਭਾਲ ਵਿਚ ਲਾਪਰਵਾਹੀ ਵਰਤਣ ਵਾਲੇ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿਖ ਵਿਚ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।