ਲਾਪਰਵਾਹੀ ਦਾ ਹਨੇਰਾ : ਬਹੁਤੇ ਖੇਤਰਾਂ ਦੀਆਂ ਸਟਰੀਟ ਲਾਇਟਾਂ ਬੰਦ, ਹਨੇਰੇ ਵਿਚ ਡੁੱਬ ਜਾਂਦਾ ਅੱਧਾ ਸ਼ਹਿਰ, ਹਨੇਰੇ ਕਾਰਨ ਵਾਰਦਾਤਾਂ ’ਚ ਵਾਧਾ ਲਾਪਰਵਾਹੀ ਦਾ ਹਨੇਰਾ : ਬਹੁਤੇ ਖੇਤਰਾਂ ਦੀਆਂ ਸਟਰੀਟ ਲਾਇਟਾਂ ਬੰਦ, ਹਨੇਰੇ ਵਿਚ ਡੁੱਬ ਜਾਂਦਾ ਅੱਧਾ ਸ਼ਹਿਰ, ਹਨੇਰੇ ਕਾਰਨ ਵਾਰਦਾਤਾਂ ’ਚ ਵਾਧਾ
Publish Date: Thu, 30 Jul 2026 04:25 PM (IST)
Updated Date: Thu, 30 Jul 2026 04:28 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ’ਚ ਲਗਾਤਾਰ ਵਧ ਰਹੀਆਂ ਲੁੱਟ-ਖੋਹ, ਚੋਰੀ ਤੇ ਹੋਰ ਅਪਰਾਧਿਕ ਘਟਨਾਵਾਂ ਦੇ ਮੱਦੇਨਜ਼ਰ ਰਾਤ ਸਮੇਂ ਸੜਕਾਂ ਤੇ ਮੁਹੱਲਿਆਂ ਵਿਚ ਰੌਸ਼ਨੀ ਦਾ ਪੂਰਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਪਰ ਬਠਿੰਡਾ ਦੇ ਮਾਡਲ ਟਾਊਨ ਫੇਜ਼-1 ਦੇ ਵਸਨੀਕਾਂ ਦਾ ਦੋਸ਼ ਹੈ ਕਿ ਇਲਾਕੇ ਦੀਆਂ ਸਟਰੀਟ ਲਾਈਟਾਂ ਪਿਛਲੇ ਕਰੀਬ ਇਕ ਹਫ਼ਤੇ ਤੋਂ ਬੰਦ ਪਈਆਂ ਹਨ, ਜਿਸ ਕਾਰਨ ਪੂਰਾ ਇਲਾਕਾ ਰਾਤ ਵੇਲੇ ਹਨੇਰੇ ਵਿਚ ਡੁੱਬ ਜਾਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਤੇ ਸਟਰੀਟ ਲਾਈਟਾਂ ਦੀ ਦੇਖਭਾਲ ਕਰਨ ਵਾਲੀ ਕੰਪਨੀ ਨੂੰ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਹਾਲਾਤ ਵਿਚ ਕੋਈ ਸੁਧਾਰ ਨਹੀਂ ਆਇਆ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਮਾਡਲ ਟਾਊਨ ਫੇਜ਼-1 ਦੇ ਅਸ਼ੋਕਾ ਪੈਲੇਸ ਨੇੜਲੇ ਇਲਾਕੇ ਦੀਆਂ ਸਾਰੀਆਂ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਰਾਤ ਸਮੇਂ ਸੜਕਾਂ ਤੇ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਨਾ ਤਾਂ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਵੱਲੋਂ ਅਤੇ ਨਾ ਹੀ ਸਟਰੀਟ ਲਾਈਟਾਂ ਦੀ ਸਾਂਭ-ਸੰਭਾਲ ਲਈ ਠੇਕੇ ਤੇ ਕੰਮ ਕਰ ਰਹੀ ਪੈਨਾਸੋਨਿਕ ਕੰਪਨੀ ਵੱਲੋਂ ਕੋਈ ਠੋਸ ਕਾਰਵਾਈ ਕੀਤੀ ਗਈ ਹੈ। ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਨਗਰ ਨਿਗਮ ਦੇ ਐਕਸੀਅਨ ਤੇ ਕੰਪਨੀ ਦੇ ਅਧਿਕਾਰੀਆਂ ਨੂੰ ਕਈ ਵਾਰ ਇਸ ਸਬੰਧੀ ਜਾਣੂ ਕਰਵਾਇਆ ਗਿਆ, ਪਰ ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਸਟਰੀਟ ਲਾਈਟਾਂ ਚਾਲੂ ਨਹੀਂ ਹੋ ਸਕੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਪੂਰਾ ਇਲਾਕਾ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਜਿਵੇਂ ਕੋਈ ਸੁੰਨਸਾਨ ਜੰਗਲੀ ਇਲਾਕਾ ਹੋਵੇ। ਇਲਾਕਾ ਵਾਸੀਆਂ ਅਨੁਸਾਰ ਹਨੇਰੇ ਦਾ ਸਭ ਤੋਂ ਵੱਧ ਪ੍ਰਭਾਵ ਲੋਕਾਂ ਦੀ ਸੁਰੱਖਿਆ ਤੇ ਪੈ ਰਿਹਾ ਹੈ। ਉਨ੍ਹਾਂ ਨੂੰ ਡਰ ਹੈ ਕਿ ਹਨੇਰੇ ਦਾ ਫਾਇਦਾ ਚੁੱਕ ਕੇ ਚੋਰ ਤੇ ਅਸਮਾਜਿਕ ਅਨਸਰ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਹਨ। ਮਹਿੰਗੀਆਂ ਗੱਡੀਆਂ ਦੀ ਚੋਰੀ ਤੇ ਰਾਹਗੀਰਾਂ ਨਾਲ ਲੁੱਟ-ਖੋਹ ਵਰਗੀਆਂ ਘਟਨਾਵਾਂ ਦਾ ਖ਼ਤਰਾ ਵੀ ਵਧ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਸਟਰੀਟ ਲਾਈਟਾਂ ਠੀਕ ਨਾ ਕੀਤੀਆਂ ਗਈਆਂ ਤਾਂ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਮਹਿਲਾਵਾਂ, ਬੱਚਿਆਂ ਤੇ ਬਜ਼ੁਰਗਾਂ ’ਚ ਡਰ ਦਾ ਮਾਹੌਲ ਇਸ ਤੋਂ ਇਲਾਵਾ ਮਾਡਲ ਟਾਊਨ ਫੇਜ਼-1 ਸਥਿਤ ਪਾਰਕ ਨੰਬਰ-2 ਵੀ ਕਰੀਬ 15 ਦਿਨਾਂ ਤੋਂ ਹਨੇਰੇ ਵਿਚ ਡੁੱਬਿਆ ਹੋਇਆ ਦੱਸਿਆ ਜਾ ਰਿਹਾ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਪਾਰਕ ਵਿੱਚ ਸਵੇਰ-ਸ਼ਾਮ ਸੈਰ ਕਰਨ ਤੇ ਕਸਰਤ ਕਰਨ ਲਈ ਆਉਣ ਵਾਲੇ ਲੋਕ ਹੁਣ ਹਨੇਰੇ ਕਾਰਨ ਇੱਥੇ ਆਉਣ ਤੋਂ ਕਤਰਾਉਣ ਲੱਗੇ ਹਨ। ਖ਼ਾਸ ਕਰਕੇ ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਵਿੱਚ ਡਰ ਦਾ ਮਾਹੌਲ ਹੈ। ਕੁਝ ਲੋਕਾਂ ਦਾ ਦਾਅਵਾ ਹੈ ਕਿ ਹਨੇਰੇ ਦਾ ਫਾਇਦਾ ਚੁੱਕ ਕੇ ਨਸ਼ਾ ਕਰਨ ਵਾਲੇ ਵਿਅਕਤੀ ਵੀ ਪਾਰਕ ਵਿੱਚ ਇਕੱਠੇ ਹੋਣ ਲੱਗੇ ਹਨ, ਜਿਸ ਨਾਲ ਸੁਰੱਖਿਆ ਸਬੰਧੀ ਚਿੰਤਾਵਾਂ ਹੋਰ ਵਧ ਗਈਆਂ ਹਨ। ਇਲਾਕਾ ਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਪਾਰਕ ਦੀ ਦੇਖਭਾਲ ਲਈ ਬਣਾਈ ਗਈ ਸੋਸਾਇਟੀ ਵੀ ਆਪਣੀ ਜ਼ਿੰਮੇਵਾਰੀ ਢੰਗ ਨਾਲ ਨਹੀਂ ਨਿਭਾ ਰਹੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਨੂੰ ਪਹਿਲਾਂ ਵੀ ਲਿਖਤੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਪਾਰਕ ਦੀ ਦੇਖਭਾਲ ਦਾ ਪ੍ਰਬੰਧ ਮੁੜ ਨਗਰ ਨਿਗਮ ਦੇ ਹਵਾਲੇ ਕਰਨ ਦੀ ਮੰਗ ਕੀਤੀ ਗਈ ਹੈ। ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ : ਸੰਜੀਵ ਗੋਇਲ ਆਰਟੀਆਈ ਕਾਰਕੁੰਨ ਤੇ ਜਾਗੋ ਗਾਹਕ ਦੇ ਆਗੂ ਸੰਜੀਵ ਗੋਇਲ ਦਾ ਕਹਿਣਾ ਹੈ ਕਿ ਸਮੱਸਿਆ ਸਿਰਫ਼ ਮਾਡਲ ਟਾਊਨ ਫੇਜ਼-1 ਤਕ ਸੀਮਤ ਨਹੀਂ ਹੈ। ਉਨ੍ਹਾਂ ਦੇ ਮੁਤਾਬਕ ਸ਼ਹਿਰ ਦੇ ਕਈ ਹੋਰ ਇਲਾਕਿਆਂ ਜਿਵੇਂ ਆਈਟੀਆਈ ਓਵਰਬ੍ਰਿਜ, ਜੀਟੀ ਰੋਡ, ਮਾਲ ਰੋਡ, ਰਾਮ ਬਾਗ ਰੋਡ, 100 ਫੁੱਟ ਰੋਡ, ਬੀਬੀ ਵਾਲਾ ਰੋਡ, ਪਾਵਰ ਹਾਊਸ ਰੋਡ, ਅਜੀਤ ਰੋਡ, ਗੁਰੂ ਕੀ ਨਗਰੀ, ਮਾਡਲ ਟਾਊਨ ਫੇਜ਼-2, ਸਿਵਲ ਲਾਈਨਜ਼, ਭਾਗੂ ਰੋਡ, ਵਾਟਰ ਵਰਕਸ ਰੋਡ, ਮੁਲਤਾਨੀਆ ਪੁਲ, ਧੋਬੀ ਬਾਜ਼ਾਰ, ਅਮਰੀਕ ਸਿੰਘ ਰੋਡ, ਭੱਟੀ ਰੋਡ, ਗਣੇਸ਼ ਨਗਰ, ਡੱਬਵਾਲੀ ਰੋਡ, ਆਰੀਆ ਨਗਰ, ਮਿੰਨੀ ਸਕੱਤਰੇਤ ਰੋਡ, ਕੋਰਟ ਰੋਡ, ਸੰਤਪੁਰਾ ਰੋਡ, ਵੀਰ ਕਾਲੋਨੀ ਅਤੇ ਹੋਰ ਕਈ ਥਾਵਾਂ ਤੇ ਵੀ ਸਟਰੀਟ ਲਾਈਟਾਂ ਖ਼ਰਾਬ ਪਈਆਂ ਹਨ ਜਾਂ ਕਈ ਥਾਵਾਂ ਤੋਂ ਲਾਈਟਾਂ ਅਤੇ ਖੰਭੇ ਹੀ ਗਾਇਬ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਰ ਸਾਲ ਸਟਰੀਟ ਲਾਈਟਾਂ ਦੀ ਸਾਂਭ-ਸੰਭਾਲ ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ ਤੇ ਇਸ ਕੰਮ ਲਈ ਪੈਨਾਸੋਨਿਕ ਕੰਪਨੀ ਨਾਲ ਠੇਕਾ ਕੀਤਾ ਗਿਆ ਹੈ। ਇਸ ਦੇ ਬਾਵਜੂਦ ਜੇਕਰ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਨਹੀਂ ਹੋ ਰਿਹਾ ਤਾਂ ਇਸ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਕੰਪਨੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਕੇ ਲੋੜ ਪੈਣ ਤੇ ਉਸ ਨੂੰ ਬਲੈਕਲਿਸਟ ਕੀਤਾ ਜਾਵੇ। ਇਸ ਸਬੰਧੀ ਡਾਇਰੈਕਟਰ ਸਥਾਨਕ ਸਰਕਾਰ, ਚੰਡੀਗੜ੍ਹ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਵੀ ਲਿਖਤੀ ਸ਼ਿਕਾਇਤ ਭੇਜੀ ਗਈ ਹੈ। ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਕਿ ਸ਼ਹਿਰ ਦੀਆਂ ਸਾਰੀਆਂ ਬੰਦ ਸਟਰੀਟ ਲਾਈਟਾਂ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ, ਜਿੱਥੇ ਲਾਈਟਾਂ ਜਾਂ ਖੰਭੇ ਗਾਇਬ ਹਨ ,ਉੱਥੇ ਨਵੇਂ ਖੰਭੇ ਲਾਏ ਜਾਣ ਅਤੇ ਰਾਤ ਸਮੇਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।