ਵਿਦਿਆਰਥੀਆਂ ਨੇ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ ਸਬੰਧੀ ਕੀਤੀ ਵਿਚਾਰ ਚਰਚਾ ਵਿਦਿਆਰਥੀਆਂ ਨੇ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ ਸਬੰਧੀ ਕੀਤੀ ਵਿਚਾਰ ਚਰਚਾ
Publish Date: Thu, 30 Jul 2026 04:06 PM (IST)
Updated Date: Thu, 30 Jul 2026 04:07 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾਂ ਹਰਗੋਬਿੰਦ ਪਬਲਿਕ ਸਕੂਲ ਕਾਂਗੜ ਦੇ ਵਿਦਿਆਰਥੀਆਂ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ ਸਬੰਧੀ ਕੀਤੀ ਗਈ ਵਿਚਾਰ ਚਰਚਾ ਪਾਠਕਾਂ ਦੇ ਰੂ ਬ ਰੂ ਕਰ ਰਹੇ ਹਾਂ। —— ਜੇ ਮਨ ’ਚ ਪੱਕਾ ਇਰਾਦਾ ਹੋਵੇ ਤਾਂ ਕੋਈ ਵੀ ਮੁਸ਼ਕਿਲ ਸਾਨੂੰ ਰੋਕ ਨਹੀਂ ਸਕਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਅਨਮੋਲਦੀਪ ਕੌਰ ਨੇ ਸ਼ਹੀਦ ਊਧਮ ਸਿੰਘ ਜੀ ਦੇ ਬਚਪਨ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੁਨਾਮ ਵਿਖੇ ਹੋਇਆ। ਛੋਟੀ ਉਮਰੇ ਹੀ ਉਹ ਯਤੀਮ ਹੋ ਗਏ ਸਨ। ਜਿਸ ਕਾਰਨ ਉਹਨਾਂ ਦਾ ਬਚਪਨ ਮੁਸ਼ਕਿਲਾਂ ਭਰਿਆ ਸੀ। ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਕਾਰਨ ਉਹ ਆਪਣੇ ਭਰਾ ਨਾਲ ਯਤੀਮਖਾਨੇ ਵਿੱਚ ਰਹਿਣ ਲੱਗੇ। ਜਿੱਥੇ ਉਨਾਂ ਨੇ ਦਸਵੀਂ ਦੀ ਪੜ੍ਹਾਈ ਪੂਰੀ ਕੀਤੀ। ਇਨ੍ਹਾਂ ਔਖੇ ਹਾਲਾਤਾਂ ਨੇ ਉਹਨਾਂ ਨੂੰ ਕਦੇ ਵੀ ਕਮਜ਼ੋਰ ਨਹੀਂ ਹੋਣ ਦਿੱਤਾ। ਉਹਨਾਂ ਨੇ ਹਿੰਮਤ, ਸਬਰ ਅਤੇ ਦੇਸ਼ ਪ੍ਰੇਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ। 1919 ਦੇ ਜਲ੍ਹਿਆਂਵਾਲੇ ਬਾਗ ਦੇ ਹੱਤਿਆਕਾਂਡ ਨੇ ਉਹਨਾਂ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੱਤੀ। ਨਿਰਦੋਸ਼ ਲੋਕਾਂ ਦਾ ਖੂਨ ਦੇਖ ਕੇ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਜੀਵਨ ਸਮਰਪਿਤ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ ਕਈ ਸਾਲ ਸਬਰ ਨਾਲ ਆਪਣਾ ਮਕਸਦ ਪੂਰਾ ਕਰਨ ਲਈ ਮਿਹਨਤ ਕੀਤੀ। ਸ਼ਹੀਦ ਊਧਮ ਸਿੰਘ ਜੀ ਸਾਨੂੰ ਸਿਖਾਉਂਦੇ ਹਨ ਕਿ ਜੇ ਮਨ ਵਿੱਚ ਪੱਕਾ ਇਰਾਦਾ ਹੋਵੇ ਤਾਂ ਕੋਈ ਵੀ ਮੁਸ਼ਕਿਲ ਸਾਨੂੰ ਰੋਕ ਨਹੀਂ ਸਕਦੀ। ਉਹਨਾਂ ਦੀ ਕੁਰਬਾਨੀ ਸਦਾ ਸਾਡੇ ਲਈ ਪ੍ਰੇਰਨਾ ਸਰੋਤ ਰਹੇਗੀ। ——---------- ਉਹ ਦੇਸ਼ ਲਈ ਹੱਸਦੇ-ਹੱਸਦੇ ਫਾਂਸੀ ਦੇ ਚੜ੍ਹ ਗਏ ਅੱਠਵੀਂ ਜਮਾਤ ਦੀ ਵਿਦਿਆਰਥਣ ਗੁਰਜੀਤ ਕੌਰ ਨੇ ਸ਼ਹੀਦ ਊਧਮ ਸਿੰਘ ਜੀ ਦੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ 13 ਅਪ੍ਰੈਲ 1919 ਨੂੰ ਜਿਲਿਆਂਵਾਲੇ ਬਾਗ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਅੰਗਰੇਜ਼ ਅਫ਼ਸਰ ਜਨਰਲ ਡਾਇਰ ਦੇ ਹੁਕਮਾਂ ਹੇਠ ਬੇਰਹਿਮੀ ਨਾਲ ਗੋਲੀਆਂ ਚਲਾਈਆ ਗਈਆਂ। ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਊਧਮ ਸਿੰਘ ਜੀ ਨੇ ਉਸ ਦਿਨ ਇਹ ਪ੍ਰਣ ਕੀਤਾ ਕਿ ਉਹ ਜ਼ੁਲਮ ਦਾ ਜਵਾਬ ਜ਼ਰੂਰ ਦੇਣਗੇ। ਕਈ ਸਾਲਾਂ ਦੀ ਉਡੀਕ ਅਤੇ ਯੋਜਨਾ ਤੋਂ ਬਾਅਦ ਉਹ ਇੰਗਲੈਂਡ ਪਹੁੰਚੇ। 13 ਮਾਰਚ 1940 ਨੂੰ ਲੰਡਨ ਵਿੱਚ ਉਹਨਾਂ ਨੇ ਪੰਜਾਬ ਦੇ ਸਾਬਕਾ ਲੈਫ਼ਟੀ ਨੈਟ ਗਵਰਨਰ ਮਾਈਕਲ ਉਡਵਾਇਰ ਨੂੰ ਗੋਲੀ ਮਾਰ ਕੇ ਜਿਲਿਆਂਵਾਲੇ ਬਾਗ ਦੇ ਸ਼ਹੀਦਾਂ ਲਈ ਇਨਸਾਫ ਦੀ ਆਵਾਜ਼ ਬੁਲੰਦ ਕੀਤੀ।ਉਹਨਾਂ ਨੇ ਅਦਾਲਤ ਵਿੱਚ ਵੀ ਆਪਣੇ ਕੰਮ ਤੇ ਪਛਤਾਵਾ ਨਹੀਂ ਦਿਖਾਇਆ। ਉਹ ਦੇਸ਼ ਲਈ ਹੱਸਦੇ-ਹੱਸਦੇ ਫਾਂਸੀ ਦੇ ਚੜ ਗਏ। ਉਹਨਾਂ ਦੀ ਬਹਾਦਰੀ ਦਾ ਅਟੱਲ ਇਰਾਦਾ ਸਾਨੂੰ ਹਮੇਸ਼ਾ ਦੇਸ਼ ਪ੍ਰੇਮ ਅਤੇ ਨਿਆ ਲਈ ਖੜ੍ਹੇ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ------ ਆਓ ਦੇਸ਼ ਦੀ ਸੇਵਾ ਕਰਨ ਦਾ ਸੰਕਲਪ ਕਰੀਏ ਅੱਠਵੀਂ ਜਮਾਤ ਦੀ ਵਿਦਿਆਰਥਣ ਅਨਮੋਲ ਕੌਰ ਨੇ ਸ਼ਹੀਦ ਊਧਮ ਸਿੰਘ ਜੀ ਦੇ ਅਟੁੱਟ ਦੇਸ਼ ਪ੍ਰੇਮ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦੇਸ਼ ਪ੍ਰੇਮ ਸਿਰਫ ਇੱਕ ਸ਼ਬਦ ਨਹੀਂ ਸਗੋਂ ਕੁਰਬਾਨੀ ਅਤੇ ਸਮਰਪਣ ਦਾ ਨਾਮ ਹੈ। ਸ਼ਹੀਦ ਊਧਮ ਸਿੰਘ ਜੀ ਨੇ ਇਸ ਗੱਲ ਨੂੰ ਆਪਣੇ ਜੀਵਨ ਰਾਹੀਂ ਸਾਬਿਤ ਕੀਤਾ। ਉਹਨਾਂ ਨੇ ਆਪਣੀ ਨਿੱਜੀ ਜ਼ਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦੀ ਆਜ਼ਾਦੀ ਨੂੰ ਸਭ ਤੋਂ ਉੱਪਰ ਰੱਖਿਆ। ਉਹ ਕਈ ਦੇਸ਼ਾਂ ਵਿੱਚ ਗਏ, ਮਿਹਨਤ ਕੀਤੀ ਅਤੇ ਆਜ਼ਾਦੀ ਦੀ ਲੜਾਈ ਨਾਲ ਜੁੜੇ ਰਹੇ। ਉਹਨਾਂ ਦਾ ਹਰ ਕਦਮ ਭਾਰਤ ਮਾਤਾ ਦੀ ਸੇਵਾ ਲਈ ਸੀ। ਉਹਨਾਂ ਨੇ ਆਪਣੇ ਜੀਵਨ ਦਾ ਹਰ ਪਲ ਦੇਸ਼ ਲਈ ਸਮਰਪਿਤ ਕੀਤਾ। ਅੱਜ ਅਸੀਂ ਆਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਾਂ ਕਿਉਂਕਿ ਅਜਿਹੇ ਮਹਾਨ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਸਾਡਾ ਫਰਜ਼ ਹੈ ਕਿ ਅਸੀਂ ਇਮਾਨਦਾਰ ਨਾਗਰਿਕ ਬਣੀਏ ਸਖ਼ਤ ਮਿਹਨਤ ਕਰੀਏ ਅਤੇ ਆਪਣੇ ਦੇਸ਼ਾਂ ਦਾ ਨਾਂ ਰੋਸ਼ਨ ਕਰੀਏ। ਆਓ ਅਸੀਂ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਆਪਣੇ ਦੇਸ਼ ਦੀ ਸੇਵਾ ਕਰਨ ਦਾ ਸੰਕਲਪ ਕਰੀਏ। ---———- ਦੇਸ਼ ਦੀ ਆਜ਼ਾਦੀ ਸਭ ਤੋਂ ਵੱਡੀ ਦੌਲਤ ਹੈ ਅੱਠਵੀਂ ਜਮਾਤ ਦੀ ਵਿਦਿਆਰਥਣ ਮਨਵੀਰ ਕੌਰ ਨੇ ਸ਼ਹੀਦ ਊਧਮ ਸਿੰਘ ਦੇ ਅਦਾਲਤ ਵਿੱਚ ਦਿੱਤੇ ਸੰਦੇਸ਼ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜਦੋਂ ਸ਼ਹੀਦ ਊਧਮ ਸਿੰਘ ਜੀ ਨੂੰ ਲੰਡਨ ਵਿੱਚ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉਹਨਾਂ ਨੇ ਆਪਣੇ ਕੀਤੇ ਕੰਮ ਤੋਂ ਇਨਕਾਰ ਨਹੀਂ ਕੀਤਾ। ਉਹਨਾਂ ਨੇ ਨਿਡਰ ਹੋ ਕੇ ਕਿਹਾ ਕਿ ਉਹਨਾਂ ਨੇ ਇਹ ਕਦਮ ਜ਼ਿਲਿਆਂ ਵਾਲੇ ਬਾਗ ਦੇ ਬੇਗੁਨਾਹ ਲੋਕਾਂ ਨਾਲ ਹੋਏ ਜ਼ੁਲਮ ਦੇ ਵਿਰੁੱਧ ਚੁੱਕਿਆ ਹੈ। ਉਹਨਾਂ ਦੇ ਚਿਹਰੇ ਤੇ ਨਾ ਕੋਈ ਡਰ ਸੀ ਨਾ ਹੀ ਕੋਈ ਪਛਤਾਵਾ। ਉਹਨਾਂ ਦਾ ਮੰਨਣਾ ਸੀ ਕਿ ਜਿਹੜਾ ਸ਼ਾਸਨ ਲੋਕਾਂ ਤੇ ਜ਼ੁਲਮ ਕਰਦਾ ਹੈ, ਉਸ ਦੇ ਵਿਰੁੱਧ ਆਵਾਜ਼ ਉਠਾਉਣਾ ਹਰ ਇਨਸਾਨ ਦਾ ਹੱਕ ਹੈ। ਉਹਨਾਂ ਨੇ ਆਪਣੇ ਜੀਵਨ ਦੀ ਕੁਰਬਾਨੀ ਦੇ ਕੇ ਇਹ ਸਾਬਿਤ ਕੀਤਾ ਕਿ ਦੇਸ਼ ਦੀ ਆਜ਼ਾਦੀ ਸਭ ਤੋਂ ਵੱਡੀ ਦੌਲਤ ਹੈ। 31 ਜੁਲਾਈ 1940 ਨੂੰ ਉਹਨਾਂ ਨੂੰ ਫਾਂਸੀ ਦਿੱਤੀ ਗਈ ,ਪਰ ਉਹ ਅੰਤਿਮ ਪਲ ਤੱਕ ਦੇਸ਼ ਲਈ ਸਮਰਪਿਤ ਰਹੇ। ਉਹਨਾਂ ਦਾ ਜੀਵਨ ਸਾਨੂੰ ਨਿਡਰਤਾ, ਸੱਚਾਈ ਅਤੇ ਦੇਸ਼ ਭਗਤੀ ਦਾ ਸੰਦੇਸ਼ ਦਿੰਦਾ ਹੈ। ਆਓ ਅਸੀਂ ਵੀ ਉਹਨਾਂ ਦੇ ਆਦਰਸ਼ਾਂ ਤੇ ਚੱਲ ਕੇ ਆਪਣੇ ਦੇਸ਼ ਦੀ ਸੇਵਾ ਕਰੀਏ। ------ ਧੀਰਜ, ਹਿੰਮਤ ਤੇ ਪੱਕੇ ਇਰਾਦੇ ਨਾਲ ਅਸੀਂ ਕਿਸੇ ਵੀ ਵੱਡੇ ਟੀਚੇ ਨੂੰ ਹਾਸਲ ਕਰ ਸਕਦੇ ਹਾਂ ਅੱਠਵੀਂ ਜਮਾਤ ਦੀ ਵਿਦਿਆਰਥਣ ਕਿਰਨਪ੍ਰੀਤ ਕੌਰ ਨੇ ਸ਼ਹੀਦ ਊਧਮ ਸਿੰਘ ਦੇ ਲੰਡਨ ਦੇ ਸਫਰ ਅਤੇ ਉਹਨਾਂ ਦੇ ਦ੍ਰਿੜ ਨਿਸ਼ਚੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜਲਿਆਂਵਾਲੇ ਬਾਗ ਦੇ ਦੁਖਦਾਈ ਹੱਤਿਆਕਾਂਡ ਤੋਂ ਬਾਅਦ ਸ਼ਹੀਦ ਊਧਮ ਸਿੰਘ ਨੇ ਇੱਕ ਪ੍ਰਣ ਕੀਤਾ ਕਿ ਉਹ ਇਸ ਅਨਿਆਂ ਦਾ ਜਵਾਬ ਜਰੂਰ ਦੇਣਗੇ। ਇਹ ਕੰਮ ਆਸਾਨ ਨਹੀਂ ਸੀ, ਇਸ ਲਈ ਉਹਨਾਂ ਨੇ ਕਈ ਸਾਲ ਧੀਰਜ ਨਾਲ ਇੰਤਜ਼ਾਰ ਕੀਤਾ ਅਤੇ ਵੱਖ ਵੱਖ ਦੇਸ਼ਾਂ ਦੀ ਯਾਤਰਾ ਕੀਤੀ ਆਖਿਰਕਾਰ ਉਹ ਇੰਗਲੈਂਡ ਪਹੁੰਚੇ, ਜਿੱਥੇ ਉਹਨਾਂ ਨੇ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਬੜੀ ਸਾਵਧਾਨੀ ਨਾਲ ਯੋਜਨਾ ਬਣਾਈ। 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਉਹਨਾਂ ਨੇ ਮਾਈਕਲ ਉਡਵਾਇਰ ਨੂੰ ਗੋਲੀ ਮਾਰ ਕੇ ਜਿਲਿਆਂਵਾਲੇ ਬਾਗ ਦੇ ਸ਼ਹੀਦਾਂ ਲਈ ਇਨਸਾਫ ਦੀ ਆਵਾਜ਼ ਉਠਾਈ। ਉਹ ਭੱਜੇ ਨਹੀਂ ਸਗੋਂ ਗ੍ਰਿਫਤਾਰੀ ਦਿੱਤੀ ਅਤੇ ਆਪਣੀ ਕੰਮ ਦੀ ਪੂਰੀ ਜਿੰਮੇਵਾਰੀ ਲਈ। ਸ਼ਹੀਦ ਊਧਮ ਸਿੰਘ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਧੀਰਜ, ਹਿੰਮਤ ਅਤੇ ਪੱਕੇ ਇਰਾਦੇ ਨਾਲ ਅਸੀਂ ਕਿਸੇ ਵੀ ਵੱਡੇ ਟੀਚੇ ਨੂੰ ਹਾਸਲ ਕਰ ਸਕਦੇ ਹਾਂ। ਅੱਜ ਦੇ ਨੌਜਵਾਨਾਂ ਨੂੰ ਵੀ ਉਹਨਾਂ ਤੋਂ ਪ੍ਰੇਰਨਾ ਲੈ ਕੇ ਸੱਚਾਈ ਅਤੇ ਇਨਸਾਫ ਦੇ ਰਾਹ ਤੇ ਚਲਣਾ ਚਾਹੀਦਾ ਹੈ। ----- ਸ਼ਹੀਦ ਊਧਮ ਸਿੰਘ ਦੀਆਂ ਕੁਰਬਾਨੀਆਂ ਨੂੰ ਕਦੇ ਨਾ ਭੁਲੀਏ ਅੱਠਵੀਂ ਜਮਾਤ ਦੇ ਵਿਦਿਆਰਥੀ ਕਰਨ ਕੁਮਾਰ ਨੇ ਸ਼ਹੀਦ ਊਧਮ ਸਿੰਘ ਜੀ ਦੀ ਵਿਰਾਸਤ ਅਤੇ ਅੱਜ ਦੇ ਨੌਜਵਾਨਾਂ ਲਈ ਉਹਨਾਂ ਦਾ ਸੰਦੇਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਸਿਰਫ਼ ਇੱਕ ਮਹਾਨ ਕ੍ਰਾਂਤੀਕਾਰੀ ਹੀ ਨਹੀਂ, ਸਗੋਂ ਉਹ ਹਿੰਮਤ, ਸਬਰ ਅਤੇ ਦੇਸ਼-ਪ੍ਰੇਮ ਦੀ ਜੀਵਤ ਮਿਸਾਲ ਸਨ। ਉਹਨਾਂ ਦੀ ਕੁਰਬਾਨੀ ਨੇ ਸਾਰੇ ਭਾਰਤ ਵਾਸੀਆਂ ਵਿੱਚ ਆਜ਼ਾਦੀ ਦੀ ਲਹਿਰ ਨੂੰ ਹੋਰ ਮਜਬੂਤ ਕੀਤਾ। ਅੱਜ ਵੀ ਉਹਨਾਂ ਦਾ ਨਾਮ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਅੱਜ ਦੇ ਨੌਜਵਾਨਾਂ ਲਈ ਉਹਨਾਂ ਦਾ ਜੀਵਨ ਇੱਕ ਪ੍ਰੇਰਣਾ ਸਰੋਤ ਹੈ। ਸਾਨੂੰ ਹਥਿਆਰ ਨਹੀਂ, ਸਗੋਂ ਸਿੱਖਿਆ, ਮਿਹਨਤ, ਇਮਾਨਦਾਰੀ ਅਤੇ ਚੰਗੇ ਚਰਿੱਤਰ ਨਾਲ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। ਜੇਕਰ ਹਰ ਨੌਜਵਾਨ ਆਪਣੀ ਜਿੰਮੇਵਾਰੀ ਨੂੰ ਸਮਝੇ ਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਏ ਤਾਂ ਭਾਰਤ ਹੋਰ ਵੀ ਮਜਬੂਤ ਬਣ ਸਕਦਾ ਹੈ। ਆਓ ਅਸੀਂ ਸ਼ਹੀਦ ਊਧਮ ਸਿੰਘ ਦੀਆਂ ਕੁਰਬਾਨੀਆਂ ਨੂੰ ਕਦੇ ਨਾ ਭੁਲੀਏ ਅਤੇ ਉਹਨਾਂ ਦੇ ਆਦਰਸ਼ਾਂ ਤੇ ਚੱਲਣ ਦਾ ਸੰਕਲਪ ਕਰੀਏ ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।