ਨਗਰ ਨਿਗਮ ਦੇ ਪਾਣੀ ਨਿਕਾਸੀ ਦੇ ਦਾਅਵੇ ਮੀਂਹ ਦੇ ਪਾਣੀ ’ਚ ਰੁੜੇ, ਅੱਧੇ ਘੰਟੇ ਦੇ ਮੀਂਹ ਨਾਲ ਬਾਜ਼ਾਰਾਂ ਤੇ ਸੜਕਾਂ 'ਤੇ ਭਰਿਆ ਪਾਣੀ ਨਗਰ ਨਿਗਮ ਦੇ ਪਾਣੀ ਨਿਕਾਸੀ ਦੇ ਦਾਅਵੇ ਮੀਂਹ ਦੇ ਪਾਣੀ ਵਿੱਚ ਰੁੜੇ
Publish Date: Tue, 28 Jul 2026 04:26 PM (IST)
Updated Date: Tue, 28 Jul 2026 04:28 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਅੱਧੇ ਘੰਟੇ ਤਕ ਪਏ ਤੇਜ਼ ਮੀਂਹ ਨੇ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਪਾਣੀ ਨਿਕਾਸੀ ਦੇ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਜ਼ਿਲ੍ਹੇ ’ਚ ਕਰੀਬ 46 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਿਸ ਕਾਰਨ ਸ਼ਹਿਰ ਦੇ ਕਈ ਮੁੱਖ ਬਾਜ਼ਾਰਾਂ, ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ’ਚ ਪਾਣੀ ਭਰ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਜਿਨ੍ਹਾਂ ਥਾਵਾਂ ਤੇ ਪਹਿਲਾਂ ਕਦੇ ਪਾਣੀ ਨਹੀਂ ਖੜ੍ਹਦਾ ਸੀ, ਉੱਥੇ ਵੀ ਇਸ ਵਾਰ ਹੜ੍ਹ ਵਰਗੇ ਹਾਲਾਤ ਬਣ ਗਏ। ਲੋਕਾਂ ਨੂੰ ਆਵਾਜਾਈ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਦਕਿ ਕਈ ਥਾਵਾਂ ਤੇ ਵਾਹਨ ਪਾਣੀ ’ਚ ਫਸ ਗਏ। ਮੀਂਹ ਸ਼ੁਰੂ ਹੋਣ ਦੇ ਕੁਝ ਹੀ ਮਿੰਟਾਂ ’ਚ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੇ ਹੇਠਲੇ ਇਲਾਕਿਆਂ ’ਚ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਗਿਆ। ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ’ਚ ਪਾਣੀ ਦਾਖਲ ਹੋਣ ਤੋਂ ਰੋਕਣ ਲਈ ਜਤਨ ਕਰਨੇ ਪਏ, ਜਦਕਿ ਰਾਹਗੀਰਾਂ ਨੂੰ ਗੋਡਿਆਂ ਤਕ ਭਰੇ ਪਾਣੀ ’ਚੋਂ ਲੰਘਣਾ ਪਿਆ। ਸੜਕਾਂ ਤੇ ਖੜ੍ਹੇ ਪਾਣੀ ਕਾਰਨ ਆਵਾਜਾਈ ਵੀ ਕਾਫ਼ੀ ਪ੍ਰਭਾਵਿਤ ਰਹੀ। ਸਥਿਤੀ ਉਸ ਵੇਲੇ ਹੋਰ ਵੀ ਚਿੰਤਾਜਨਕ ਬਣ ਗਈ ਜਦੋਂ ਸਿਰਕੀ ਬਾਜ਼ਾਰ ਸਥਿਤ ਪੰਪਿੰਗ ਸਟੇਸ਼ਨ ਤੇ ਕੋਈ ਵੀ ਮੁਲਾਜ਼ਮ ਮੌਜੂਦ ਨਹੀਂ ਮਿਲਿਆ। ਜਾਣਕਾਰੀ ਮੁਤਾਬਕ ਇਸ ਸਬੰਧੀ ਐਮਸੀ ਦੇ ਪਤੀ ਸੰਦੀਪ ਸੈਣੀ ਨੂੰ ਖੁਦ ਮੌਕੇ ਤੇ ਪਹੁੰਚ ਕੇ ਅਧਿਕਾਰੀਆਂ ਨੂੰ ਸੂਚਿਤ ਕਰਨਾ ਪਿਆ। ਉਸਦਾ ਦੋਸ਼ ਸੀ ਨਿਗਮ ਨੇ ਮੀਂਹ ਦੇ ਮੌਸਮ ਨੂੰ ਦੇਖਦਿਆਂ ਕੋਈ ਠੋਸ ਪ੍ਰਬੰਧ ਨਹੀਂ ਕੀਤੇ। ਉਸ ਨੇ ਸਵਾਲ ਉਠਾਇਆ ਕਿ ਜਦੋਂ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਤਾਂ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਲੋੜੀਂਦਾ ਸਟਾਫ਼ ਡਿਊਟੀ ਤੇ ਕਿਉਂ ਨਹੀਂ ਸੀ। ਇਸ ਦੌਰਾਨ ਸ਼ਹਿਰ ਦੇ ਕਈ ਹਿੱਸਿਆਂ ਵਿਚ ਸੀਵਰੇਜ ਸਿਸਟਮ ਵੀ ਓਵਰਫਲੋ ਹੋ ਗਿਆ, ਜਿਸ ਕਾਰਨ ਗੰਦਾ ਪਾਣੀ ਸੜਕਾਂ ਤੇ ਫੈਲ ਗਿਆ। ਇਸ ਨਾਲ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੋਈ, ਸਗੋਂ ਲੋਕਾਂ ਨੂੰ ਸਿਹਤ ਸਬੰਧੀ ਖਤਰੇ ਦਾ ਵੀ ਸਾਹਮਣਾ ਕਰਨਾ ਪਿਆ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਿਰਫ਼ ਅੱਧੇ ਘੰਟੇ ਦੇ ਮੀਂਹ ਨਾਲ ਇਹ ਹਾਲਤ ਬਣ ਗਈ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਜੇਕਰ ਹੋਰ ਭਾਰੀ ਮੀਂਹ ਪਿਆ ਤਾਂ ਸ਼ਹਿਰ ਦੀ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਵਿਰੋਧੀ ਧਿਰ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਨਗਰ ਨਿਗਮ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕੀਤੇ ਹਨ। ਵਿਰੋਧੀ ਆਗੂਆਂ ਨੇ ਦੋਸ਼ ਲਗਾਇਆ ਕਿ ਬਰਸਾਤੀ ਮੌਸਮ ਤੋਂ ਪਹਿਲਾਂ ਨਾਲਿਆਂ ਦੀ ਡੀਸਿਲਟਿੰਗ ਅਤੇ ਸੜਕਾਂ ਤੇ ਲੱਗੀਆਂ ਜਾਲੀਆਂ ਦੀ ਸਫ਼ਾਈ ਢੰਗ ਨਾਲ ਨਹੀਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਨਿਗਮ ਨੇ ਸਫ਼ਾਈ ਦੇ ਦਾਅਵੇ ਤਾਂ ਕੀਤੇ, ਪਰ ਅਸਲ ਵਿੱਚ ਇਹ ਕੰਮ ਸਿਰਫ਼ ਕਾਗਜ਼ਾਂ ਤਕ ਹੀ ਸੀਮਤ ਰਿਹਾ। ਜੇਕਰ ਸਮੇਂ ਸਿਰ ਨਾਲਿਆਂ ਦੀ ਸਫ਼ਾਈ ਅਤੇ ਪਾਣੀ ਨਿਕਾਸੀ ਪ੍ਰਬੰਧ ਮਜ਼ਬੂਤ ਕੀਤੇ ਜਾਂਦੇ ਤਾਂ ਸ਼ਹਿਰ ਨੂੰ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਨਾ ਕਰਨਾ ਪੈਂਦਾ। ਦੂਜੇ ਪਾਸੇ ਸਥਾਨਕ ਨਿਵਾਸੀਆਂ ਨੇ ਵੀ ਨਗਰ ਨਿਗਮ ਤੋਂ ਪੱਕੇ ਅਤੇ ਪ੍ਰਭਾਵਸ਼ਾਲੀ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਬਰਸਾਤ ਦੇ ਮੌਸਮ ’ਚ ਜਲਭਰਾਅ ਦੀ ਸਮੱਸਿਆ ਸਾਹਮਣੇ ਆਉਂਦੀ ਹੈ, ਪਰ ਇਸ ਦੇ ਸਥਾਈ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾਂਦੇ। ਉਨ੍ਹਾਂ ਨੇ ਮੰਗ ਕੀਤੀ ਕਿ ਪਾਣੀ ਨਿਕਾਸੀ ਪ੍ਰਣਾਲੀ ਨੂੰ ਆਧੁਨਿਕ ਬਣਾਇਆ ਜਾਵੇ ਤੇ ਪੰਪਿੰਗ ਸਟੇਸ਼ਨਾਂ ਤੇ ਹਰ ਸਮੇਂ ਲੋੜੀਂਦਾ ਸਟਾਫ਼ ਤਾਇਨਾਤ ਕੀਤਾ ਜਾਵੇ। ਇਸੇ ਵਿਚਕਾਰ ਮੌਸਮ ਵਿਭਾਗ ਨੇ ਵੀ ਆਉਣ ਵਾਲੇ ਦਿਨਾਂ ਲਈ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਦੌਰਾਨ ਜ਼ਿਲ੍ਹੇ ’ਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਅਗਲੇ ਦਿਨਾਂ ’ਚ ਕਰੀਬ 27 ਮਿਲੀਮੀਟਰ ਮੀਂਹ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਦੀ ਇਸ ਚੇਤਾਵਨੀ ਤੋਂ ਬਾਅਦ ਲੋਕਾਂ ਦੀ ਚਿੰਤਾ ਹੋਰ ਵੱਧ ਗਈ ਹੈ, ਕਿਉਂਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਜੇਕਰ ਭਾਰੀ ਮੀਂਹ ਪਿਆ ਤਾਂ ਸ਼ਹਿਰ ਦੇ ਕਈ ਇਲਾਕਿਆਂ ’ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਫਿਲਹਾਲ ਨਗਰ ਨਿਗਮ ਦੇ ਪਾਣੀ ਨਿਕਾਸੀ ਪ੍ਰਬੰਧਾਂ ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਬਰਸਾਤੀ ਮੌਸਮ ਦੌਰਾਨ ਸਿਰਫ਼ ਦਾਅਵਿਆਂ ਨਾਲ ਨਹੀਂ, ਸਗੋਂ ਜ਼ਮੀਨੀ ਪੱਧਰ ਤੇ ਮਜ਼ਬੂਤ ਪ੍ਰਬੰਧਾਂ ਨਾਲ ਹੀ ਸ਼ਹਿਰ ਨੂੰ ਜਲਭਰਾਅ ਦੀ ਸਮੱਸਿਆ ਤੋਂ ਬਚਾਇਆ ਜਾ ਸਕਦਾ ਹੈ। ਹੁਣ ਸਭ ਦੀਆਂ ਨਜ਼ਰਾਂ ਨਗਰ ਨਿਗਮ ਦੀ ਅਗਲੀ ਕਾਰਵਾਈ ਅਤੇ ਆਉਣ ਵਾਲੇ ਮੀਂਹ ਦੌਰਾਨ ਕੀਤੇ ਜਾਣ ਵਾਲੇ ਪ੍ਰਬੰਧਾਂ ਤੇ ਟਿਕੀਆਂ ਹੋਈਆਂ ਹਨ।