ਪੀਐੱਸਪੀਸੀਐੱਲ ਕਰਮਚਾਰੀਆਂ ਦੀ ਹੜਤਾਲ, ਕੱਚੇ ਮੁਲਾਜ਼ਮ ਵੀ ਸੰਘਰਸ਼ ’ਚ ਸ਼ਾਮਲ, ਹੁਣ ਦੂਰ ਨਹੀਂ ਹੋਣਗੇ ਸਪਲਾਈ ’ਚ ਪਏ ਨੁਕਸ ਪੀਐਸਪੀਸੀਐਲ ਕਰਮਚਾਰੀਆਂ ਦੀ ਹੜਤਾਲ, ਕੱਚੇ ਮੁਲਾਜ਼ਮ ਵੀ ਸੰਘਰਸ਼ ’ਚ ਸ਼ਾਮਲ, ਹੁਣ ਦੂਰ ਨਹੀਂ ਹੋਣਗੇ ਸਪਲਾਈ ’ਚ ਪਏ ਨੁਕਸ
Publish Date: Mon, 27 Jul 2026 04:19 PM (IST)
Updated Date: Mon, 27 Jul 2026 04:21 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਤਕਨੀਕੀ ਕਰਮਚਾਰੀਆਂ, ਜੂਨੀਅਰ ਇੰਜੀਨੀਅਰਾਂ ਅਤੇ ਹੁਣ ਆਊਟਸੋਰਸ (ਕੱਚੇ) ਮੁਲਾਜ਼ਮਾਂ ਦੇ ਵੀ ਅੰਦੋਲਨ ਵਿਚ ਸ਼ਾਮਲ ਹੋਣ ਕਾਰਨ ਬਿਜਲੀ ਪ੍ਰਬੰਧ ਗੰਭੀਰ ਸੰਕਟ ਵਿਚ ਪਹੁੰਚ ਗਿਆ ਹੈ। ਪਹਿਲਾਂ ਸੀਮਤ ਸਮੇਂ ਲਈ ਚੱਲ ਰਹੀ ਹੜਤਾਲ ਨੂੰ ਹੁਣ ਅਣਮਿਥੇ ਸਮੇਂ ਲਈ ਕਰ ਦਿੱਤਾ ਗਿਆ ਹੈ, ਜਿਸ ਕਾਰਨ ਜ਼ਿਲ੍ਹੇ ਭਰ ਵਿਚ ਬਿਜਲੀ ਸਬੰਧੀ ਸ਼ਿਕਾਇਤਾਂ ਦੇ ਹੱਲ ਦੀ ਪ੍ਰਕਿਰਿਆ ਲਗਭਗ ਠੱਪ ਹੋ ਗਈ ਹੈ। ਮੌਜੂਦਾ ਹਾਲਾਤ ਇਹ ਹਨ ਕਿ ਜੇਕਰ ਕਿਸੇ ਇਲਾਕੇ ਵਿਚ ਟਰਾਂਸਫਾਰਮਰ ਦਾ ਫਿਊਜ਼ ਉੱਡ ਜਾਂਦਾ ਹੈ, ਬਿਜਲੀ ਲਾਈਨ ਵਿਚ ਤਕਨੀਕੀ ਖ਼ਰਾਬੀ ਆ ਜਾਂਦੀ ਹੈ ਜਾਂ ਤਾਰਾਂ ਵਿਚ ਫਾਲਟ ਪੈ ਜਾਂਦਾ ਹੈ ਤਾਂ ਉਸ ਨੂੰ ਠੀਕ ਕਰਨ ਲਈ ਮੌਕੇ ਤੇ ਪਹੁੰਚਣ ਵਾਲਾ ਸਟਾਫ ਉਪਲਬਧ ਨਹੀਂ ਹੈ। ਇਸ ਕਾਰਨ ਲੋਕਾਂ ਨੂੰ ਲੰਬੇ ਸਮੇਂ ਤਕ ਬਿਜਲੀ ਤੋਂ ਬਿਨਾਂ ਰਹਿਣਾ ਪੈ ਸਕਦਾ ਹੈ। ਬਠਿੰਡਾ ਜ਼ਿਲ੍ਹੇ ਵਿਚ ਰੋਜ਼ਾਨਾ ਕਰੀਬ ਇਕ ਹਜ਼ਾਰ ਬਿਜਲੀ ਸਬੰਧੀ ਸ਼ਿਕਾਇਤਾਂ ਦਰਜ ਹੁੰਦੀਆਂ ਹਨ, ਪਰ ਹੜਤਾਲ ਕਾਰਨ ਹੁਣ ਇਨ੍ਹਾਂ ਦਾ ਨਿਪਟਾਰਾ ਕਰਨਾ ਵਿਭਾਗ ਲਈ ਵੱਡੀ ਚੁਣੌਤੀ ਬਣ ਗਿਆ ਹੈ। ਸ਼ਹਿਰ ਤੇ ਪੇਂਡੂ ਖੇਤਰਾਂ ਦੇ ਕਈ ਇਲਾਕਿਆਂ ਵਿਚ ਫਾਲਟ ਸਮੇਂ ਸਿਰ ਠੀਕ ਨਾ ਹੋਣ ਕਾਰਨ ਲੋਕਾਂ ਨੂੰ ਗਰਮੀ ਤੇ ਹੁੰਮਸ ਵਿਚ ਘੰਟਿਆਂ ਤਕ ਬਿਜਲੀ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਸ਼ਿਕਾਇਤਾਂ ਦਰਜ ਕਰਵਾਉਣ ਦੇ ਬਾਵਜੂਦ ਸਮੱਸਿਆਵਾਂ ਦਾ ਹੱਲ ਸਮੇਂ ਸਿਰ ਨਹੀਂ ਹੋ ਰਿਹਾ। ਲੋਕਾਂ ਨੂੰ ਇਹ ਚਿੰਤਾ ਵੀ ਸਤਾ ਰਹੀ ਹੈ ਕਿ ਜੇਕਰ ਕਿਸੇ ਵੱਡੇ ਟਰਾਂਸਫਾਰਮਰ ਵਿਚ ਖ਼ਰਾਬੀ ਆ ਗਈ ਤਾਂ ਬਿਜਲੀ ਸਪਲਾਈ ਬਹਾਲ ਹੋਣ ਵਿੱਚ ਕਈ ਦਿਨ ਵੀ ਲੱਗ ਸਕਦੇ ਹਨ। ਗਰਮੀ ਦੇ ਮੌਸਮ ਵਿੱਚ ਲੰਬੇ ਬਿਜਲੀ ਕੱਟ ਆਮ ਲੋਕਾਂ ਲਈ ਵੱਡੀ ਮੁਸ਼ਕਲ ਪੈਦਾ ਕਰ ਸਕਦੇ ਹਨ। ਹੜਤਾਲ ਨੂੰ ਹੋਰ ਮਜ਼ਬੂਤ ਕਰਦਿਆਂ ਪਾਵਰਕਾਮ ਅਤੇ ਟਰਾਂਸਕੋ ਆਊਟਸੋਰਸਡ ਕਰਮਚਾਰੀ ਕੋਆਰਡੀਨੇਸ਼ਨ ਕਮੇਟੀ ਨਾਲ ਜੁੜੇ ਠੇਕਾ ਕਰਮਚਾਰੀਆਂ ਨੇ ਵੀ ਕੰਮ ਛੱਡ ਦਿੱਤਾ ਹੈ। ਗੁਰੂ ਹਰਗੋਬਿੰਦ ਥਰਮਲ ਪਲਾਂਟ ਸਮੇਤ ਵੱਖ-ਵੱਖ ਇਕਾਈਆਂ ਦੇ ਆਊਟਸੋਰਸ ਮੁਲਾਜ਼ਮ ਵਿਭਾਗ ਵਿਚ ਮਰਜ ਕਰਨ ਸਬੰਧੀ ਨੋਟੀਫਿਕੇਸ਼ਨ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨੇ ਤੇ ਬੈਠੇ ਹਨ। ਕਰਮਚਾਰੀ ਆਗੂਆਂ ਦਾ ਕਹਿਣਾ ਹੈ ਕਿ 30 ਜੂਨ 2026 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਬਾਵਜੂਦ ਉਨ੍ਹਾਂ ਨੂੰ ਵਿਭਾਗ ਵਿਚ ਸ਼ਾਮਲ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਿਆ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਦੂਜੇ ਪਾਸੇ ਤਕਨੀਕੀ ਕਰਮਚਾਰੀਆਂ ਤੇ ਜੂਨੀਅਰ ਇੰਜੀਨੀਅਰਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪਾਵਰਕਾਮ ਪ੍ਰਬੰਧਨ ਪਿਛਲੇ ਕਈ ਮਹੀਨਿਆਂ ਤੋਂ ਸਿਰਫ਼ ਭਰੋਸੇ ਦੇ ਰਹੇ ਹਨ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰਨਾ, ਛੇਵੇਂ ਤਨਖ਼ਾਹ ਕਮਿਸ਼ਨ ਦਾ ਲਾਭ ਦੇਣਾ, ਤਨਖ਼ਾਹ ਵਿਸੰਗਤੀਆਂ ਦੂਰ ਕਰਨਾ, ਡੀਏ ਤੇ ਏਰੀਅਰ ਜਾਰੀ ਕਰਨਾ ਅਤੇ ਹੋਰ ਸੇਵਾ ਸਬੰਧੀ ਮੰਗਾਂ ਸ਼ਾਮਲ ਹਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਾਵਰਕਾਮ ਅਧਿਕਾਰੀਆਂ ਨੇ ਖਪਤਕਾਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਵਿਭਾਗ ਨੇ ਲੋਕਾਂ ਨੂੰ ਬਿਜਲੀ ਦੀ ਖਪਤ ਘੱਟ ਕਰਨ, ਏਸੀ ਦਾ ਤਾਪਮਾਨ 26 ਡਿਗਰੀ ਜਾਂ ਇਸ ਤੋਂ ਵੱਧ ਰੱਖਣ ਅਤੇ ਸ਼ਾਮ ਦੇ ਪੀਕ ਆਵਰ ਦੌਰਾਨ ਵੱਧ ਬਿਜਲੀ ਖਪਤ ਕਰਨ ਵਾਲੇ ਉਪਕਰਨਾਂ ਦੀ ਵਰਤੋਂ ਘੱਟ ਕਰਨ ਦੀ ਸਲਾਹ ਦਿੱਤੀ ਹੈ। ਅਧਿਕਾਰੀਆਂ ਨੇ ਮੰਨਿਆ ਹੈ ਕਿ ਹੜਤਾਲ ਕਾਰਨ ਫਾਲਟ ਠੀਕ ਕਰਨ ਲਈ ਸਟਾਫ ਦੀ ਉਪਲਬਧਤਾ ਪ੍ਰਭਾਵਿਤ ਹੋਈ ਹੈ। ਜੇਕਰ ਜਲਦੀ ਕੋਈ ਹੱਲ ਨਾ ਨਿਕਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਬਿਜਲੀ ਪ੍ਰਬੰਧ ਹੋਰ ਪ੍ਰਭਾਵਿਤ ਹੋ ਸਕਦੇ ਹਨ, ਜਿਸ ਦਾ ਸਿੱਧਾ ਅਸਰ ਆਮ ਖਪਤਕਾਰਾਂ ਤੇ ਪਵੇਗਾ। ਗਰਮੀ ਦੇ ਮੌਸਮ ਵਿੱਚ ਬਿਜਲੀ ਸਪਲਾਈ ਵਿੱਚ ਰੁਕਾਵਟ ਅਤੇ ਤਕਨੀਕੀ ਖ਼ਰਾਬੀਆਂ ਦਾ ਸਮੇਂ ਸਿਰ ਹੱਲ ਨਾ ਹੋਣਾ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਸਕਦਾ ਹੈ।