ਹਲਕੇ ਮੀਂਹ ਨਾਲ ਗਰਮੀ ਤੋਂ ਰਾਹਤ, ਨੀਵੇਂ ਇਲਾਕਿਆਂ ’ਚ ਭਰਿਆ ਪਾਣੀ ਹਲਕੇੇ ਮੀਂਹ ਨਾਲ ਗਰਮੀ ਤੋਂ ਰਾਹਤ, ਨੀਵੇਂ ਇਲਾਕਿਆਂ ਵਿੱਚ ਭਰਿਆ ਪਾਣੀ
Publish Date: Mon, 27 Jul 2026 04:08 PM (IST)
Updated Date: Mon, 27 Jul 2026 04:09 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ’ਚ ਸੋਮਵਾਰ ਨੂੰ ਪਏ ਹਲਕੇ ਮੀਂਹ ਤੋਂ ਬਾਅਦ ਜਿੱਥੇ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਮਿਲੀ ਅਤੇ ਮੌਸਮ ਸੁਹਾਵਣਾ ਹੋ ਗਿਆ, ਉੱਥੇ ਹੀ ਨੀਵੇਂ ਇਲਾਕਿਆਂ ’ਚ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਪਰ ਸ਼ਹਿਰ ਵਾਸੀਆਂ ਦੀ ਚਿੰਤਾ ਇਸ ਗੱਲ ਨੂੰ ਲੈ ਕੇ ਵਧ ਗਈ ਹੈ ਕਿ ਜੇਕਰ ਤੇਜ਼ ਮੀਂਹ ਪੈਂਦਾ ਹੈ ਤਾਂ ਮੌਜੂਦਾ ਹਾਲਾਤਾਂ ’ਚ ਪਾਣੀ ਦੀ ਨਿਕਾਸੀ ਕਰਨਾ ਮੁਸ਼ਕਲ ਹੋ ਸਕਦਾ ਹੈ, ਕਿਉਂਕਿ ਸਫਾਈ ਤੇ ਸੀਵਰੇਜ ਕਾਮੇ ਹੜਤਾਲ ’ਤੇ ਚੱਲ ਰਹੇ ਹਨ। ਇਨ੍ਹਾਂ ਕਾਮਿਆਂ ਨੇ ਵੱਖ ਡਿਸਪੋਜਲਾਂ ’ਤੇ ਮੋਟਰਾਂ ਚਾਲੂ ਕਰਨੀਆਂ ਹੁੰਦੀਆਂ ਹਨ ਅਤੇ ਪਾਣੀ ਦੀ ਨਿਕਾਸੀ ਦੀ ਨਿਗਰਾਣੀ ਕਰਨੀ ਹੁੰਦੀ ਹੈ। ਬਠਿੰਡਾ ’ਚ ਸਫਾਈ ਅਤੇ ਸੀਵਰੇਜ ਕਰਮਚਾਰੀ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਅਣਮਿਆਦੀ ਹੜਤਾਲ ’ਤੇ ਹਨ। ਇਸ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਪਹਿਲਾਂ ਹੀ ਪ੍ਰਭਾਵਿਤ ਹੈ। ਹੁਣ ਮੀਂਹ ਤੋਂ ਬਾਅਦ ਪਾਣੀ ਦੀ ਨਿਕਾਸੀ ਨੂੰ ਲੈ ਕੇ ਵੀ ਲੋਕਾਂ ’ਚ ਚਿੰਤਾ ਪਾਈ ਜਾ ਰਹੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਮੀਂਹ ਦੀ ਮਾਤਰਾ ਵਧਦੀ ਹੈ ਤਾਂ ਸੀਵਰੇਜ ਅਤੇ ਡਰੇਨੇਜ ਪ੍ਰਬੰਧ ਪ੍ਰਭਾਵਿਤ ਹੋ ਸਕਦੇ ਹਨ, ਜਿਸ ਨਾਲ ਨੀਵੇਂ ਇਲਾਕਿਆਂ ਵਿੱਚ ਪਾਣੀ ਹੋਰ ਇਕੱਠਾ ਹੋ ਸਕਦਾ ਹੈ। ਸਫਾਈ ਅਤੇ ਸੀਵਰੇਜ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ’ਚੋਂ ਪਾਣੀ ਕੱਢਣ ਲਈ ਪੰਪਿੰਗ ਸਟੇਸ਼ਨਾਂ ਦੀਆਂ ਮੋਟਰਾਂ ਚਲਾਉਣ ਅਤੇ ਹੋਰ ਜ਼ਰੂਰੀ ਕੰਮਾਂ ’ਤੇ ਵੀ ਅਸਰ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮੀਂਹ ਦੌਰਾਨ ਸ਼ਹਿਰ ਦੇ ਕਈ ਹਿੱਸਿਆਂ ’ਚ ਪਹਿਲਾਂ ਹੀ ਪਾਣੀ ਭਰਨ ਦੀ ਸਮੱਸਿਆ ਆਉਂਦੀ ਰਹੀ ਹੈ, ਪਰ ਇਸ ਵਾਰ ਹੜਤਾਲ ਕਾਰਨ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਮੀਂਹ ਤੋਂ ਬਾਅਦ ਪਾਵਰ ਹਾਊਸ ਰੋਡ, ਮਿੰਨੀ ਸਕੱਤਰੇਤ ਤੇ ਸ਼ਾਂਤ ਨਗਰ ਖੇਤਰ ’ਚ ਪਾਣੀ ਇਕੱਠਾ ਹੋ ਗਿਆ। ਇਨ੍ਹਾਂ ਇਲਾਕਿਆਂ ਵਿੱਚੋਂ ਲੰਘਣ ਵਾਲੇ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਸੜਕਾਂ ’ਤੇ ਪਾਣੀ ਖੜ੍ਹਾ ਰਹਿਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ। ਦੁਕਾਨਦਾਰਾਂ ਅਤੇ ਆਮ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੀਂਹ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਪਾਣੀ ਦੀ ਨਿਕਾਸੀ ਲਈ ਤੁਰੰਤ ਪ੍ਰਬੰਧ ਕੀਤੇ ਜਾਣ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਮੀਂਹ ਨਾਲ ਭਾਵੇਂ ਤਾਪਮਾਨ ’ਚ ਕਮੀ ਆਈ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ, ਪਰ ਜੇਕਰ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਪੈਂਦਾ ਹੈ ਤਾਂ ਨਗਰ ਨਿਗਮ ਅਤੇ ਪ੍ਰਸ਼ਾਸਨ ਲਈ ਚੁਣੌਤੀਆਂ ਵਧ ਸਕਦੀਆਂ ਹਨ। ਲੋਕਾਂ ਨੇ ਅਪੀਲ ਕੀਤੀ ਹੈ ਕਿ ਸਫਾਈ ਅਤੇ ਸੀਵਰੇਜ ਪ੍ਰਬੰਧ ਨਾਲ ਜੁੜੇ ਮੁੱਦਿਆਂ ਦਾ ਜਲਦ ਹੱਲ ਕੱਢਿਆ ਜਾਵੇ ਤਾਂ ਜੋ ਬਰਸਾਤੀ ਮੌਸਮ ਦੌਰਾਨ ਸ਼ਹਿਰ ਵਾਸੀਆਂ ਨੂੰ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਮੀਂਹ ਸਮੇਂ ਸ਼ਹਿਰ ’ਚ ਪਾਣੀ ਭਰਨ ਸਮੇਂ ਇੱਕੋਂ ਇਕ ਭਾਗੁ ਰੋਡ ਹੀ ਬਚਦੀ ਹੈ ਜਿਸ ਰਾਹੀ ਲੋਕ ਮੇਨ ਸੜਕ ’ਤੇ ਪੁੱਜਦੇ ਹਨ। ਮੀਂਹ ਕਾਰਨ ਭਾਗੂ ਰੋਡ ’ਤੇ ਵਹੀਕਲਾਂ ਦਾ ਜਮਾਵੜਾ ਲੱਗ ਗਿਆ, ਜਿਸ ਕਾਰਨ ਵਾਰ ਵਾਰ ਟਰੈਫਿਕ ਜਾਮ ਹੁੰਦਾ ਰਿਹਾ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 28 ਤੇ 29 ਜੁਲਾਈ ਨੂੰ ਜ਼ਿਲ੍ਹੇ ਅੰਦਰ ਹਲਕਾ ਮੀਂਹ ਪੈ ਸਕਦਾ ਹੈ। 28 ਜੁਲਾਈ ਨੂੰ 2 ਮਿਲੀਮੀਟਰ ਤੇ 29 ਜੁਲਾਈ ਨੂੰ 5 ਮਿਲੀਮੀਟਰ ਮੀਂਹ ਪੈ ਸਕਦਾ ਹੈ।