ਸਫਾਈ ਤੇ ਸੀਵਰੇਜ ਕਰਮਚਾਰੀਆਂ ਦੀ ਹੜਤਾਲ ਕਾਰਨ 500 ਟਨ ਕੂੜਾ ਸ਼ਹਿਰ ’ਚ ਹੋਇਆ ਜਮਾਂ ਸਫਾਈ ਤੇ ਸੀਵਰੇਜ ਕਰਮਚਾਰੀਆਂ ਦੀ ਹੜਤਾਲ ਕਾਰਨ 500 ਟਨ ਕੂੜਾ ਸ਼ਹਿਰ ’ਚ ਹੋਇਆ ਜਮਾਂ
Publish Date: Mon, 27 Jul 2026 04:02 PM (IST)
Updated Date: Mon, 27 Jul 2026 04:03 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸਫਾਈ ਤੇ ਸੀਵਰੇਜ ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਗਈ ਅਣਮਿਥੇ ਸਮੇਂ ਤੀ ਹੜਤਾਲ ਸੋਮਵਾਰ ਨੂੰ ਚੌਥੇ ਦਿਨ ਵੀ ਜਾਰੀ ਰਹੀ। ਬਠਿੰਡਾ ਨਗਰ ਨਿਗਮ ਦਫ਼ਤਰ ਦੇ ਬਾਹਰ ਸਫਾਈ ਸੇਵਕ ਤੇ ਸੀਵਰੇਜ ਵਰਕਰ ਯੂਨੀਅਨਾਂ ਵੱਲੋਂ ਧਰਨਾ ਲਗਾਤਾਰ ਜਾਰੀ ਹੈ। ਇਸ ਦੌਰਾਨ ਬਰਨਾਲਾ ’ਚ ਸਫਾਈ ਕਰਮਚਾਰੀਆਂ ਤੇ ਹੋਏ ਕਥਿਤ ਲਾਠੀਚਾਰਜ ਦੇ ਵਿਰੋਧ ਤੇ ਪਿਛਲੇ ਪੰਜ ਮਹੀਨਿਆਂ ਤੋਂ ਟਿੱਪਰ ਚਾਲਕਾਂ ਦੀ ਤਨਖ਼ਾਹ ਜਾਰੀ ਨਾ ਹੋਣ ਦੇ ਰੋਸ ਵਜੋਂ ਦੋ ਕਰਮਚਾਰੀ ਭੁੱਖ ਹੜਤਾਲ ਤੇ ਵੀ ਬੈਠ ਗਏ ਹਨ। ਹੜਤਾਲ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ ਤੇ ਕਈ ਇਲਾਕਿਆਂ ’ਚ ਕੂੜੇ ਦੇ ਢੇਰ ਲੱਗ ਗਏ ਹਨ। ਸ਼ਹਿਰ ’ਚੋਂ ਹਰ ਰੋਜ਼ ਕਰੀਬ ਇਕ ਸੌ ਵੀਹ ਟਨ ਕੂੜਾ ਨਿਕਲਦਾ ਹੈ, ਇਸ ਤਰ੍ਹਾਂ ਕਰੀਬ 500 ਟਨ ਕੂੜਾ ਸ਼ਹਿਰ ਵਿਚ ਜਮ੍ਹਾਂ ਹੋ ਗਿਆ ਹੈ। ਦੂਜੇ ਪਾਸੇ ਸੋਮਵਾਰ ਮੀਂਹ ਪੈਣ ਕਾਰਨ ਸਥਿਤੀ ਹੋਰ ਮਾੜੀ ਹੋ ਗਈ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ ਨੌਂ ਵਜੇ ਤੋਂ ਨਗਰ ਨਿਗਮ ਦਫ਼ਤਰ ਦੇ ਬਾਹਰ ਇਕੱਠੇ ਹੋਏ ਸਫਾਈ ਕਰਮਚਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਫਾਈ ਕਰਮਚਾਰੀ ਬਲਵਿੰਦਰ ਬੰਟੀ ਅਤੇ ਰਾਜ ਕੁਮਾਰ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਦੋਵਾਂ ਦਾ ਕਹਿਣਾ ਹੈ ਕਿ ਕਰੀਬ 150 ਟਿੱਪਰ ਚਾਲਕਾਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ, ਜਿਸ ਕਾਰਨ ਉਹ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਯੂਨੀਅਨ ਦੇ ਜਨਰਲ ਸਕੱਤਰ ਵਿਪਨ ਕੁਮਾਰ ਨੇ ਦੱਸਿਆ ਕਿ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਦੇ ਸਬੰਧ ’ਚ ਡਿਪਟੀ ਕਮਿਸ਼ਨਰ, ਮੇਅਰ ਤੇ ਨਗਰ ਨਿਗਮ ਕਮਿਸ਼ਨਰ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਗਏ, ਪਰ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੋਈ ਹੱਲ ਨਾ ਕੱਢੇ ਜਾਣ ਕਾਰਨ ਕਰਮਚਾਰੀਆਂ ਨੂੰ ਮਜਬੂਰਨ ਅਣਮਿਆਦੀ ਹੜਤਾਲ ਦਾ ਰਾਹ ਅਪਣਾਉਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਫਾਈ ਸੇਵਕ ਯੂਨੀਅਨ ਦੇ ਸੱਦੇ ਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਬਠਿੰਡਾ ਦੇ ਆਲੇ-ਦੁਆਲੇ ਦੇ ਕਈ ਸ਼ਹਿਰਾਂ ਤੇ ਮੰਡੀਆਂ ’ਚ ਵੀ 8 ਜੁਲਾਈ ਤੋਂ ਸੰਘਰਸ਼ ਜਾਰੀ ਹੈ। ਕਰਮਚਾਰੀਆਂ ਨੂੰ ਉਮੀਦ ਸੀ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਦਾ ਜਲਦੀ ਹੱਲ ਕਰੇਗੀ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਕ ਮਹੀਨੇ ਦੇ ਅੰਦਰ ਮੰਗਾਂ ਤੇ ਕਾਰਵਾਈ ਦਾ ਭਰੋਸਾ ਦਿੱਤਾ ਸੀ, ਪਰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਕੋਈ ਠੋਸ ਫ਼ੈਸਲਾ ਨਹੀਂ ਲਿਆ ਗਿਆ। ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤਕ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤਕ ਸਫਾਈ ਤੇ ਸੀਵਰ ਕਰਮਚਾਰੀਆਂ ਦੀ ਹੜਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੱਲ ਨਾ ਨਿਕਲਿਆ ਤਾਂ ਸ਼ਹਿਰ ਦੀ ਸਫਾਈ ਵਿਵਸਥਾ ਹੋਰ ਵੀ ਖ਼ਰਾਬ ਹੋ ਸਕਦੀ ਹੈ ਤੇ ਆਮ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਯੂਨੀਅਨ ਦੇ ਪ੍ਰਧਾਨ ਵਿਨੋਦ ਮਾਲੀ ਨੇ ਬਰਨਾਲਾ ’ਚ ਮਹਿਲਾ ਸਫਾਈ ਕਰਮਚਾਰੀਆਂ ਸਮੇਤ ਹੋਰ ਕਰਮਚਾਰੀਆਂ ਤੇ ਹੋਏ ਕਥਿਤ ਲਾਠੀਚਾਰਜ ਦੀ ਤਿੱਖੀ ਨਿੰਦਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਲਈ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਐੱਸਸੀ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਹੜਤਾਲ ਕਾਰਨ ਬਠਿੰਡਾ ਸ਼ਹਿਰ ਦੀ ਸਫਾਈ ਵਿਵਸਥਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਪਿਛਲੇ ਚਾਰ ਦਿਨਾਂ ਤੋਂ ਨਾ ਤਾਂ ਘਰ-ਘਰ ਤੋਂ ਕੂੜਾ ਇਕੱਠਾ ਕੀਤਾ ਗਿਆ ਹੈ ਅਤੇ ਨਾ ਹੀ ਬਾਜ਼ਾਰਾਂ ਵਿੱਚ ਨਿਯਮਤ ਸਫਾਈ ਹੋ ਸਕੀ ਹੈ। ਟਿੱਪਰਾਂ, ਟਰੈਕਟਰ-ਟਰਾਲੀਆਂ ਅਤੇ ਹੋਰ ਕੂੜਾ ਢੋਣ ਵਾਲੇ ਵਾਹਨਾਂ ਦੇ ਬੰਦ ਰਹਿਣ ਕਾਰਨ ਢਾਬਿਆਂ, ਹੋਟਲਾਂ ਅਤੇ ਰੈਸਟੋਰੈਂਟਾਂ ਦੇ ਕੂੜੇਦਾਨ ਵੀ ਖਾਲੀ ਨਹੀਂ ਹੋ ਸਕੇ। ਇਸ ਨਾਲ ਗੰਦਗੀ ਲਗਾਤਾਰ ਵਧਦੀ ਜਾ ਰਹੀ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਵੱਖ-ਵੱਖ ਇਲਾਕਿਆਂ ਵਿੱਚ ਬਣੇ ਸੈਕੰਡਰੀ ਕੂੜਾ ਇਕੱਠਾ ਕਰਨ ਵਾਲੇ ਪੁਆਇੰਟਾਂ ਤੋਂ ਵੀ ਕੂੜਾ ਨਹੀਂ ਚੁੱਕਿਆ ਗਿਆ। ਨਤੀਜੇ ਵਜੋਂ ਕਈ ਥਾਵਾਂ ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ। ਨਗਰ ਨਿਗਮ ਵੱਲੋਂ ਹੜਤਾਲ ਦੇ ਪਹਿਲੇ ਦਿਨ ਹੀ ਮੁੱਖ ਬਾਜ਼ਾਰਾਂ ਵਿੱਚ ਰੱਖੀਆਂ ਗਈਆਂ ਕੂੜਾ ਟਰਾਲੀਆਂ ਪੂਰੀ ਤਰ੍ਹਾਂ ਭਰ ਗਈਆਂ ਸਨ, ਜਿਸ ਕਾਰਨ ਦੁਕਾਨਦਾਰਾਂ ਅਤੇ ਆਸ-ਪਾਸ ਦੇ ਲੋਕਾਂ ਨੂੰ ਬਦਬੂ ਅਤੇ ਗੰਦਗੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਨਿਗਮ ਦੇ ਅੰਕੜਿਆਂ ਅਨੁਸਾਰ ਸ਼ਹਿਰ ਵਿਚ ਕੁੱਲ 32 ਸੈਕੰਡਰੀ ਕੂੜਾ ਇਕੱਠਾ ਕਰਨ ਵਾਲੇ ਪੁਆਇੰਟ ਹਨ। ਜੇਕਰ ਹੜਤਾਲ ਹੋਰ ਲੰਬੀ ਚੱਲਦੀ ਹੈ ਤਾਂ ਇਨ੍ਹਾਂ ਸਥਾਨਾਂ ਤੇ ਕੂੜੇ ਦੀ ਮਾਤਰਾ ਹੋਰ ਵੱਧਣ ਦੀ ਸੰਭਾਵਨਾ ਹੈ। ਇਸ ਕਾਰਨ ਨਾ ਸਿਰਫ਼ ਸਫਾਈ ਪ੍ਰਬੰਧ ਪ੍ਰਭਾਵਿਤ ਹੋਣਗੇ, ਸਗੋਂ ਜਨ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ।