ਆਰਬੀਐੱਸਕੇ ਮੁਹਿੰਮ ਨਾਲ ਬੱਚਿਆਂ ਨੂੰ ਮਿਲ ਰਹੀ ਨਵੀਂ ਜ਼ਿੰਦਗੀ, ਦੋ ਮਹੀਨਿਆਂ ’ਚ 30,923 ਬੱਚਿਆਂ ਦੀ ਹੋਈ ਸਿਹਤ ਜਾਂਚ ਆਰਬੀਐੱਸਕੇ ਮੁਹਿੰਮ ਨਾਲ ਬੱਚਿਆਂ ਨੂੰ ਮਿਲ ਰਹੀ ਨਵੀਂ ਜ਼ਿੰਦਗੀ, ਦੋ ਮਹੀਨਿਆਂ ਵਿੱਚ 30,923 ਬੱਚਿਆਂ ਦੀ ਹੋਈ ਸਿਹਤ ਜਾਂਚ
Publish Date: Sat, 25 Jul 2026 04:06 PM (IST)
Updated Date: Sat, 25 Jul 2026 04:08 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿਚ ਪੜ੍ਹਦੇ ਬੱਚਿਆਂ ਲਈ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ (ਆਰਬੀਐੱਸਕੇ) ਇਕ ਵੱਡੀ ਉਮੀਦ ਬਣ ਕੇ ਸਾਹਮਣੇ ਆਇਆ ਹੈ। ਇਸ ਯੋਜਨਾ ਤਹਿਤ ਜ਼ਿਲ੍ਹੇ ਵਿਚ ਪਿਛਲੇ ਦੋ ਮਹੀਨਿਆਂ ਦੌਰਾਨ ਚਲਾਈ ਗਈ ਵਿਸ਼ੇਸ਼ ਸਿਹਤ ਜਾਂਚ ਮੁਹਿੰਮ ਵਿਚ 30,923 ਬੱਚਿਆਂ ਦੀ ਸਕ੍ਰੀਨਿੰਗ ਕੀਤੀ ਗਈ। ਜਾਂਚ ਦੌਰਾਨ ਕਈ ਬੱਚਿਆਂ ਵਿੱਚ ਜਨਮ ਤੋਂ ਮੌਜੂਦ ਬਿਮਾਰੀਆਂ, ਪੋਸ਼ਣ ਦੀ ਕਮੀ ਅਤੇ ਸਰੀਰਕ ਵਿਕਾਸ ਨਾਲ ਜੁੜੀਆਂ ਸਮੱਸਿਆਵਾਂ ਸਾਹਮਣੇ ਆਈਆਂ। ਸਮੇਂ ਸਿਰ ਇਨ੍ਹਾਂ ਬੱਚਿਆਂ ਨੂੰ ਮਾਹਿਰ ਡਾਕਟਰਾਂ ਕੋਲ ਭੇਜ ਕੇ ਇਲਾਜ ਮੁਹੱਈਆ ਕਰਵਾਇਆ ਗਿਆ। ਇਸ ਮੁਹਿੰਮ ਤਹਿਤ 10 ਬੱਚਿਆਂ ਦੀ ਸਫਲ ਦਿਲ ਦੀ ਸਰਜਰੀ ਕਰਵਾ ਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਗਈ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਮੁਹਿੰਮ ਦੌਰਾਨ 21,340 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ 9,583 ਆਂਗਨਵਾੜੀ ਕੇਂਦਰਾਂ ਵਿਚ ਦਰਜ ਬੱਚਿਆਂ ਦੀ ਸਿਹਤ ਜਾਂਚ ਕੀਤੀ ਗਈ। ਆਰਬੀਐੱਸਕੇ ਦੀਆਂ ਟੀਮਾਂ ਨੇ ਬੱਚਿਆਂ ਦੀਆਂ ਅੱਖਾਂ, ਕੰਨਾਂ, ਦੰਦਾਂ, ਪੋਸ਼ਣ ਪੱਧਰ, ਸਰੀਰਕ ਵਿਕਾਸ ਅਤੇ ਜਨਮਜਾਤ ਖਾਮੀਆਂ ਦੀ ਵਿਸਥਾਰ ਨਾਲ ਜਾਂਚ ਕੀਤੀ। ਜਿਨ੍ਹਾਂ ਬੱਚਿਆਂ ਵਿਚ ਗੰਭੀਰ ਬਿਮਾਰੀਆਂ ਦੇ ਲੱਛਣ ਮਿਲੇ, ਉਨ੍ਹਾਂ ਨੂੰ ਅੱਗੇ ਦੇ ਇਲਾਜ ਲਈ ਵਿਸ਼ੇਸ਼ ਮੈਡੀਕਲ ਸੰਸਥਾਵਾਂ ਵਿੱਚ ਰੈਫਰ ਕੀਤਾ ਗਿਆ। ਸਿਵਲ ਸਰਜਨ ਡਾ. ਤਪਿੰਦਰਜੋਤ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਅਤੇ ਆਰਬੀਐੱਸਕੇ ਨੋਡਲ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ ਦੀ ਦੇਖ-ਰੇਖ ਹੇਠ ਚੱਲ ਰਹੀ ਇਸ ਯੋਜਨਾ ਤਹਿਤ 10 ਬੱਚਿਆਂ ਦੀ ਦਿਲ ਦੀ ਸਰਜਰੀ ਕਰਵਾਈ ਗਈ। ਇਸ ਤੋਂ ਇਲਾਵਾ ਕੱਟੇ ਹੋਏ ਬੁੱਲ੍ਹ (ਕਲੇਫਟ ਲਿਪ) ਅਤੇ ਕੱਟੇ ਹੋਏ ਤਾਲੂ (ਕਲੇਫਟ ਪੈਲੇਟ) ਵਰਗੀਆਂ ਜਨਮਜਾਤ ਸਮੱਸਿਆਵਾਂ ਨਾਲ ਪੀੜਤ ਬੱਚਿਆਂ ਦਾ ਵੀ ਮੁਫ਼ਤ ਅਤੇ ਸਫਲ ਇਲਾਜ ਕਰਵਾਇਆ ਗਿਆ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਅਜਿਹੇ ਗੰਭੀਰ ਮਾਮਲਿਆਂ ਵਿੱਚ ਬੱਚਿਆਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ, ਫੋਰਟਿਸ ਮੋਹਾਲੀ ਜਾਂ ਡੀਐੱਮਸੀ ਲੁਧਿਆਣਾ ਵਰਗੇ ਵੱਡੇ ਹਸਪਤਾਲਾਂ ਵਿਚ ਭੇਜਣਾ ਪੈਂਦਾ ਸੀ। ਇਸ ਨਾਲ ਪਰਿਵਾਰਾਂ ਨੂੰ ਲੰਬੇ ਸਫ਼ਰ, ਵੱਧ ਖਰਚੇ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਏਮਜ਼ ਬਠਿੰਡਾ ਵਿਚ ਕਈ ਸੁਪਰ ਸਪੈਸ਼ਲਿਟੀ ਸਹੂਲਤਾਂ ਉਪਲਬਧ ਹੋਣ ਕਾਰਨ ਜ਼ਿਲ੍ਹੇ ਦੇ ਬੱਚਿਆਂ ਨੂੰ ਸਥਾਨਕ ਪੱਧਰ ਤੇ ਹੀ ਉੱਚ ਪੱਧਰੀ ਇਲਾਜ ਮਿਲਣਾ ਸ਼ੁਰੂ ਹੋ ਗਿਆ ਹੈ। ਡਾ. ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਆਰਬੀਐੱਸਕੇ ਯੋਜਨਾ ਤਹਿਤ ਜਨਮ ਤੋਂ 18 ਸਾਲ ਤਕ ਦੇ ਬੱਚਿਆਂ ਵਿਚ ਜਨਮਜਾਤ ਨੁਕਸ, ਬਿਮਾਰੀਆਂ, ਪੋਸ਼ਣ ਦੀ ਕਮੀ ਅਤੇ ਵਿਕਾਸ ਵਿਚ ਦੇਰੀ ਵਰਗੀਆਂ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕਰਕੇ ਉਨ੍ਹਾਂ ਦਾ ਮੁਫ਼ਤ ਇਲਾਜ ਕਰਵਾਇਆ ਜਾਂਦਾ ਹੈ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਨਿਯਮਿਤ ਸਿਹਤ ਜਾਂਚ ਜ਼ਰੂਰ ਕਰਵਾਉਣ ਤਾਂ ਜੋ ਕਿਸੇ ਵੀ ਬਿਮਾਰੀ ਦਾ ਸਮੇਂ ਸਿਰ ਇਲਾਜ ਸੰਭਵ ਹੋ ਸਕੇ। ਜਨਮ ਤੋਂ ਬਹਿਰੇ ਗੁਰਨੂਰ ਨੂੰ ਮਿਲੀ ਸੁਣਨ ਦੀ ਨਵੀਂ ਦੁਨੀਆ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਦਾ ਤਿੰਨ ਸਾਲਾ ਗੁਰਨੂਰ ਸਿੰਘ ਜਨਮ ਤੋਂ ਹੀ ਸੁਣਨ ਦੀ ਸਮੱਸਿਆ (ਕੌਂਜੈਨਿਟਲ ਹਿਅਰਿੰਗ ਲਾਸ) ਨਾਲ ਪੀੜਤ ਸੀ। ਪਰਿਵਾਰ ਨੂੰ ਲੰਮੇ ਸਮੇਂ ਤਕ ਇਹ ਸਮਝ ਨਹੀਂ ਆ ਰਹੀ ਸੀ ਕਿ ਬੱਚੇ ਦਾ ਇਲਾਜ ਕਿਵੇਂ ਕਰਵਾਇਆ ਜਾਵੇ। ਬਾਅਦ ਵਿੱਚ ਉਸ ਨੂੰ ਜ਼ਿਲ੍ਹਾ ਸ਼ੁਰੂਆਤੀ ਦਖ਼ਲ ਕੇਂਦਰ (ਡੀਈਆਈਸੀ) ਬਠਿੰਡਾ ਲਿਆਂਦਾ ਗਿਆ, ਜਿੱਥੇ ਮਾਹਿਰ ਡਾਕਟਰਾਂ ਅਤੇ ਆਡੀਓਲੋਜਿਸਟਾਂ ਨੇ ਉਸ ਦੀ ਜਾਂਚ ਕੀਤੀ। ਜਾਂਚ ਤੋਂ ਬਾਅਦ ਬੱਚੇ ਨੂੰ ਅੱਗੇ ਦੇ ਇਲਾਜ ਲਈ ਏਮਜ਼ ਬਠਿੰਡਾ ਭੇਜਿਆ ਗਿਆ। ਮੁੱਖ ਮੰਤਰੀ ਸਰਵਣ ਅਸ਼ੀਰਵਾਦ ਯੋਜਨਾ ਸੁਣਨ ਦਾ ਹੱਕ ਸਭ ਦਾ ਤਹਿਤ ਉਸ ਦਾ ਸਫਲ ਇਲਾਜ ਕੀਤਾ ਗਿਆ। ਸਿਹਤ ਵਿਭਾਗ ਅਨੁਸਾਰ ਇਸ ਇਲਾਜ ਤੇ ਕਰੀਬ 8 ਤੋਂ 9 ਲੱਖ ਰੁਪਏ ਦਾ ਖਰਚਾ ਆਉਣਾ ਸੀ, ਪਰ ਸਰਕਾਰੀ ਯੋਜਨਾ ਤਹਿਤ ਪੂਰਾ ਇਲਾਜ ਮੁਫ਼ਤ ਕੀਤਾ ਗਿਆ। ਹੁਣ ਗੁਰਨੂਰ ਨੂੰ ਸੁਣਨ ਅਤੇ ਬੋਲਣ ਦੀ ਸਮਰੱਥਾ ਵਿਕਸਤ ਕਰਨ ਲਈ ਡੀਈਆਈਸੀ ਬਠਿੰਡਾ ਵਿੱਚ ਨਿਯਮਿਤ ਸਪੀਚ ਥੈਰੇਪੀ ਅਤੇ ਪੁਨਰਵਾਸ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਕੱਟੇ ਤਾਲੂਏ ਤੋਂ ਪੀੜਤ ਏਕਮ ਕੌਰ ਦਾ ਸਫਲ ਆਪ੍ਰੇਸ਼ਨ ਮੌੜ ਮੰਡੀ ਦੇ ਪਿੰਡ ਘੁੰਮਣ ਖੁਰਦ ਦੀ ਰਹਿਣ ਵਾਲੀ ਏਕਮ ਕੌਰ ਜਨਮ ਤੋਂ ਹੀ ਕੱਟੇ ਹੋਏ ਤਾਲੂ ਦੀ ਸਮੱਸਿਆ ਨਾਲ ਪੀੜਤ ਸੀ। ਇਸ ਕਾਰਨ ਉਸ ਨੂੰ ਬੋਲਣ ਅਤੇ ਖਾਣਾ ਖਾਣ ਵਿੱਚ ਕਾਫ਼ੀ ਦਿੱਕਤ ਆਉਂਦੀ ਸੀ। ਆਰਬੀਐੱਸਕੇ ਟੀਮ ਤਲਵੰਡੀ ਸਾਬੋ ਨੇ ਸਕੂਲ ਸਿਹਤ ਜਾਂਚ ਦੌਰਾਨ ਉਸ ਦੀ ਇਸ ਸਮੱਸਿਆ ਦੀ ਪਛਾਣ ਕੀਤੀ। ਲੋੜੀਂਦੀ ਦਸਤਾਵੇਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਬੱਚੀ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ, ਜਿੱਥੇ ਉਸ ਦੀ ਮੁਫ਼ਤ ਸਰਜਰੀ ਕਰਵਾਈ ਗਈ। ਆਪ੍ਰੇਸ਼ਨ ਤੋਂ ਬਾਅਦ ਉਸ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਆਇਆ ਅਤੇ ਹੁਣ ਉਹ ਆਮ ਬੱਚਿਆਂ ਵਾਂਗ ਖਾਣਾ ਖਾ ਸਕਦੀ ਹੈ ਅਤੇ ਸਪੱਸ਼ਟ ਤੌਰ ਤੇ ਬੋਲਣ ਦੇ ਯੋਗ ਹੋ ਰਹੀ ਹੈ। ਪਰਿਵਾਰ ਨੇ ਸਮੇਂ ਸਿਰ ਮਿਲੀ ਸਹਾਇਤਾ ਅਤੇ ਮੁਫ਼ਤ ਇਲਾਜ ਲਈ ਸਿਹਤ ਵਿਭਾਗ ਅਤੇ ਆਰਬੀਐੱਸਕੇ ਟੀਮ ਦਾ ਧੰਨਵਾਦ ਕੀਤਾ। ਸਮੇਂ ਸਿਰ ਪਛਾਣ ਨਾਲ ਗੰਭੀਰ ਬਿਮਾਰੀਆਂ ਤੇ ਲੱਗ ਰਹੀ ਰੋਕ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਬੱਚਿਆਂ ਵਿੱਚ ਜਨਮਜਾਤ ਜਾਂ ਹੋਰ ਗੰਭੀਰ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਹੋ ਜਾਵੇ ਤਾਂ ਉਨ੍ਹਾਂ ਦਾ ਇਲਾਜ ਕਾਫ਼ੀ ਪ੍ਰਭਾਵਸ਼ਾਲੀ ਅਤੇ ਆਸਾਨ ਹੋ ਜਾਂਦਾ ਹੈ। ਇਸੇ ਉਦੇਸ਼ ਨਾਲ ਆਰਬੀਐੱਸਕੇ ਦੀਆਂ ਟੀਮਾਂ ਨਿਯਮਿਤ ਤੌਰ ਤੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਜਾ ਕੇ ਬੱਚਿਆਂ ਦੀ ਸਿਹਤ ਜਾਂਚ ਕਰ ਰਹੀਆਂ ਹਨ। ਇਸ ਮੁਹਿੰਮ ਰਾਹੀਂ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦਾ ਸਾਲਾਂ ਤੱਕ ਪਤਾ ਨਹੀਂ ਲੱਗਦਾ ਸੀ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਸ ਯੋਜਨਾ ਦਾ ਮੁੱਖ ਮਕਸਦ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਉਹੀ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ, ਜੋ ਵੱਡੇ ਨਿੱਜੀ ਹਸਪਤਾਲਾਂ ਵਿੱਚ ਉਪਲਬਧ ਹੁੰਦੀਆਂ ਹਨ। ਵਿਭਾਗ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਦੀ ਨਿਯਮਿਤ ਸਿਹਤ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਤਾਂ ਜੋ ਹਰ ਬਿਮਾਰੀ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਸੰਭਵ ਹੋ ਸਕੇ। ਜ਼ਿਲ੍ਹੇ ਵਿੱਚ ਚੱਲ ਰਹੀ ਆਰਬੀਐੱਸਕੇ ਮੁਹਿੰਮ ਨਾ ਸਿਰਫ਼ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਤੋਂ ਰਾਹਤ ਦਿਵਾ ਰਹੀ ਹੈ, ਸਗੋਂ ਲੋੜਵੰਦ ਪਰਿਵਾਰਾਂ ਦੇ ਲੱਖਾਂ ਰੁਪਏ ਦੇ ਇਲਾਜ ਦਾ ਖਰਚਾ ਵੀ ਬਚਾ ਕੇ ਉਨ੍ਹਾਂ ਨੂੰ ਬਿਹਤਰ ਭਵਿੱਖ ਦੀ ਨਵੀਂ ਉਮੀਦ ਦੇ ਰਹੀ ਹੈ।