ਨਾ ਸਫਾਈ, ਨਾ ਬਿਜਲੀ, ਕੇਸਾਂ ਦੀਆਂ ਤਰੀਕਾਂ, ਰਜਿਸਟਰੀਆਂ ਵੀ ਬੰਦ; ਕਈ ਸਰਕਾਰੀ ਵਿਭਾਗਾਂ ਦੀ ਹੜਤਾਲ ਨਾਲ ਵਿਵਸਥਾ ਲੜਖੜਾਈ
ਤਹਿਸੀਲਾਂ ’ਚ ਰਜਿਸਟਰੀਆਂ ਬੰਦ ਹਨ ਤੇ ਜਾਤੀ, ਆਮਦਨ ਤੇ ਰਿਹਾਇਸ਼ ਸਬੰਧੀ ਸਰਟੀਫਿਕੇਟ ਵੀ ਜਾਰੀ ਨਹੀਂ ਹੋ ਰਹੇ। ਵੱਖ-ਵੱਖ ਕਰਮਚਾਰੀ ਜਥੇਬੰਦੀਆਂ ਦੇ ਚੱਲ ਰਹੇ ਸੰਘਰਸ਼ਾਂ ਦਾ ਸਿੱਧਾ ਅਸਰ ਹੁਣ ਆਮ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ’ਤੇ ਪੈ ਰਿਹਾ ਹੈ।
Publish Date: Fri, 24 Jul 2026 07:43 PM (IST)
Updated Date: Sat, 25 Jul 2026 04:08 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਬਠਿੰਡਾ ਜ਼ਿਲ੍ਹੇ ’ਚ ਇਕ ਤੋਂ ਬਾਅਦ ਇਕ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀਆਂ ਹੜਤਾਲ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਹਾਲਾਤ ਇਹ ਹਨ ਕਿ ਲੋਕਾਂ ਨੂੰ ਨਾ ਤਾਂ ਸਮੇਂ ਸਿਰ ਬਿਜਲੀ ਸਪਲਾਈ ਮਿਲ ਰਹੀ ਹੈ, ਨਾ ਹੀ ਸ਼ਹਿਰ ਦੀ ਸਫਾਈ ਵਿਵਸਥਾ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਇਸ ਦੇ ਨਾਲ ਹੀ ਅਦਾਲਤਾਂ ’ਚ ਕੇਸਾਂ ਦੀ ਸੁਣਵਾਈ ਪ੍ਰਭਾਵਿਤ ਹੋ ਰਹੀ ਹੈ। ਤਹਿਸੀਲਾਂ ’ਚ ਰਜਿਸਟਰੀਆਂ ਬੰਦ ਹਨ ਤੇ ਜਾਤੀ, ਆਮਦਨ ਤੇ ਰਿਹਾਇਸ਼ ਸਬੰਧੀ ਸਰਟੀਫਿਕੇਟ ਵੀ ਜਾਰੀ ਨਹੀਂ ਹੋ ਰਹੇ। ਵੱਖ-ਵੱਖ ਕਰਮਚਾਰੀ ਜਥੇਬੰਦੀਆਂ ਦੇ ਚੱਲ ਰਹੇ ਸੰਘਰਸ਼ਾਂ ਦਾ ਸਿੱਧਾ ਅਸਰ ਹੁਣ ਆਮ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ’ਤੇ ਪੈ ਰਿਹਾ ਹੈ। ਸਭ ਤੋਂ ਵੱਧ ਮੁਸ਼ਕਲ ਉਨ੍ਹਾਂ ਲੋਕਾਂ ਨੂੰ ਆ ਰਹੀ ਹੈ, ਜਿਨ੍ਹਾਂ ਦੇ ਸਰਕਾਰੀ ਕੰਮ ਸਮੇਂ ਸਿਰ ਹੋਣੇ ਬਹੁਤ ਜ਼ਰੂਰੀ ਹਨ। ਕਾਲਜਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਵਿੱਚ ਦਾਖਲੇ ਲੈਣ ਵਾਲੇ ਵਿਦਿਆਰਥੀਆਂ ਨੂੰ ਲੋੜੀਂਦੇ ਸਰਟੀਫਿਕੇਟ ਨਹੀਂ ਮਿਲ ਰਹੇ।
ਜ਼ਮੀਨਾਂ ਦੀ ਖਰੀਦ-ਫ਼ਰੋਖ਼ਤ ਰੁਕੀ ਹੋਈ ਹੈ, ਅਦਾਲਤਾਂ ’ਚ ਲੰਬਿਤ ਮਾਮਲਿਆਂ ਦੀ ਸੁਣਵਾਈ ਨਹੀਂ ਹੋ ਰਹੀ ਹੈ, ਬਿਜਲੀ ਨਾਲ ਜੁੜੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਨਹੀਂ ਹੋ ਰਿਹਾ ਤੇ ਸ਼ਹਿਰ ਦੀ ਸਫਾਈ ਵੀ ਪ੍ਰਭਾਵਿਤ ਹੋਣ ਲੱਗੀ ਹੈ। ਇਸ ਕਾਰਨ ਲੋਕਾਂ ’ਚ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਵਧਦੀ ਜਾ ਰਹੀ ਹੈ। ਸ਼ੁੱਕਰਵਾਰ ਤੋਂ ਇਸ ਸੰਕਟ ਵਿਚ ਇਕ ਹੋਰ ਕੜੀ ਜੁੜ ਗਈ, ਜਦੋਂ ਬਰਨਾਲਾ ’ਚ ਸਫਾਈ ਕਰਮਚਾਰੀਆਂ ’ਤੇ ਹੋਏ ਲਾਠੀਚਾਰਜ ਤੇ ਹੋਰ ਮੰਗਾਂ ਦੇ ਸਮਰਥਨ ’ਚ ਬਠਿੰਡਾ ਦੇ ਸਫਾਈ ਤੇ ਸੀਵਰੇਜ ਕਰਮਚਾਰੀ ਵੀ ਹੜਤਾਲ ’ਤੇ ਚਲੇ ਗਏ। ਮਾਨਸੂਨ ਦੇ ਮੌਸਮ ਦੌਰਾਨ ਸਫਾਈ ਪ੍ਰਬੰਧ ਪ੍ਰਭਾਵਿਤ ਹੋਣ ਕਾਰਨ ਸ਼ਹਿਰ ’ਚ ਕੂੜੇ ਦੇ ਢੇਰ ਲੱਗਣ ਤੇ ਸੀਵਰੇਜ ਜਾਮ ਹੋਣ ਦਾ ਖ਼ਤਰਾ ਵਧ ਗਿਆ ਹੈ, ਜੇਕਰ ਇਹ ਹੜਤਾਲ ਲੰਬੀ ਚੱਲਦੀ ਹੈ ਤਾਂ ਪਾਣੀ ਜਮ੍ਹਾ ਹੋਣਾ, ਗੰਦਗੀ, ਬਦਬੂ ਤੇ ਬਿਮਾਰੀਆਂ ਦੇ ਫੈਲਣ ਦਾ ਖ਼ਦਸ਼ਾ ਵੀ ਬਣ ਸਕਦਾ ਹੈ। ਲਗਾਤਾਰ ਵਧ ਰਹੀਆਂ ਹੜਤਾਲਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਸਰਕਾਰ ਤੇ ਮੁਲਾਜ਼ਮ ਜਥੇਬੰਦੀਆਂ ਵਿਚਾਲੇ ਜਲਦ ਸਹਿਮਤੀ ਨਹੀਂ ਬਣਦੀ ਤਾਂ ਆਉਣ ਵਾਲੇ ਦਿਨਾਂ ’ਚ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਇਸ ਵੇਲੇ ਸਰਕਾਰੀ ਸੇਵਾਵਾਂ ਦਾ ਵੱਡਾ ਹਿੱਸਾ ਪ੍ਰਭਾਵਿਤ ਹੋ ਚੁੱਕਾ ਹੈ ਤੇ ਇਸ ਦਾ ਸਭ ਤੋਂ ਵੱਡਾ ਨੁਕਸਾਨ ਆਮ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਹੜਤਾਲ ਨਾਲ ਅਦਾਲਤੀ ਕੰਮਕਾਜ ਪ੍ਰਭਾਵਿਤ
ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਚਲਾਇਆ ਜਾ ਰਿਹਾ ਸੰਘਰਸ਼ ਵੀ ਹੁਣ ਹੋਰ ਤੇਜ਼ ਹੋ ਗਿਆ ਹੈ। ਐਸੋਸੀਏਸ਼ਨ ਨੇ ਹੜਤਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਕੋਈ ਵੀ ਨਵੀਂ ਜ਼ਮਾਨਤ ਅਰਜ਼ੀ ਜਾਂ ਸਟੇਅ ਸਬੰਧੀ ਕੇਸ ਦਾਇਰ ਨਹੀਂ ਕੀਤਾ ਜਾਵੇਗਾ। ਅਦਾਲਤਾਂ ’ਚ ਸਿਰਫ਼ ਰੋਸਟਰ ਅਨੁਸਾਰ ਜ਼ਰੂਰੀ ਕੰਮ ਹੀ ਕੀਤੇ ਜਾਣਗੇ। ਬਾਰ ਐਸੋਸੀਏਸ਼ਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਜੇਕਰ ਕੋਈ ਵਕੀਲ ਭੁੱਖ ਹੜਤਾਲ ਦੌਰਾਨ ਅਦਾਲਤ ’ਚ ਪੇਸ਼ ਹੁੰਦਾ ਹੈ ਤਾਂ ਉਸ ਤੇ 5,000 ਰੁਪਏ ਜੁਰਮਾਨਾ ਲਾਇਆ ਜਾਵੇਗਾ। ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ 28 ਜੁਲਾਈ ਨੂੰ ਰੋਸ ਮਾਰਚ ਕੱਢਣ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਕਾਰਨ ਜ਼ਮਾਨਤ, ਸਟੇਅ ਜਾਂ ਹੋਰ ਕਾਨੂੰਨੀ ਰਾਹਤ ਦੀ ਉਡੀਕ ਕਰ ਰਹੇ ਲੋਕਾਂ ਨੂੰ ਫਿਲਹਾਲ ਹੋਰ ਇੰਤਜ਼ਾਰ ਕਰਨਾ ਪਵੇਗਾ।
ਡੀਸੀ ਦਫ਼ਤਰ, ਤਹਿਸੀਲਾਂ ਤੇ ਐੱਸਡੀਐੱਮ ਦਫ਼ਤਰਾਂ ’ਚ ਕੰਮਕਾਜ ਠੱਪ
ਡੀਸੀ ਦਫ਼ਤਰ, ਤਹਿਸੀਲ ਤੇ ਐੱਸਡੀਐੱਮ ਦਫ਼ਤਰਾਂ ਦੇ ਕਰਮਚਾਰੀਆਂ ਵੱਲੋਂ ਕੀਤੀ ਗਈ 2 ਦਿਨਾਂ ਦੀ ਸੰਕੇਤਕ ਹੜਤਾਲ ਨੇ ਪ੍ਰਸ਼ਾਸਨਿਕ ਕੰਮਕਾਜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਕਾਰਨ ਜ਼ਮੀਨਾਂ ਦੀਆਂ ਰਜਿਸਟਰੀਆਂ ਨਹੀਂ ਹੋ ਸਕੀਆਂ ਤੇ ਮਾਲ ਅਦਾਲਤਾਂ ਦੀ ਸੁਣਵਾਈ ਵੀ ਮੁਲਤਵੀ ਕਰਨੀ ਪਈ। ਇਸ ਤੋਂ ਇਲਾਵਾ ਜਾਤੀ, ਆਮਦਨ ਤੇ ਰਿਹਾਇਸ਼ ਸਰਟੀਫਿਕੇਟ ਸਮੇਤ ਹੋਰ ਕਈ ਮਹੱਤਵਪੂਰਨ ਦਸਤਾਵੇਜ਼ ਜਾਰੀ ਕਰਨ ਦਾ ਕੰਮ ਵੀ ਰੁਕ ਗਿਆ ਹੈ। ਕਾਲਜਾਂ ’ਚ ਦਾਖਲੇ ਲਈ ਲੋੜੀਂਦੇ ਸਰਟੀਫਿਕੇਟ ਨਾ ਮਿਲਣ ਕਾਰਨ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਚਿੰਤਾ ਵਧ ਗਈ ਹੈ, ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਆਨਲਾਈਨ ਰਜਿਸਟਰੀ ਲਈ ਸਮਾਂ ਲਿਆ ਹੋਇਆ ਸੀ, ਉਨ੍ਹਾਂ ਦੇ ਕੰਮ ਵੀ ਨਹੀਂ ਹੋ ਸਕੇ ਤੇ ਹੁਣ ਉਨ੍ਹਾਂ ਨੂੰ ਮੁੜ ਪ੍ਰਕਿਰਿਆ ਪੂਰੀ ਕਰਨੀ ਪਵੇਗੀ। ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ 7 ਸੂਤਰੀ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਪਾਵਰਕਾਮ ਕਰਮਚਾਰੀਆਂ ਦੀ ਹੜਤਾਲ ਨਾਲ ਬਿਜਲੀ ਸੇਵਾਵਾਂ ਪ੍ਰਭਾਵਿਤ
ਪੀਐੱਸਪੀਸੀਐੱਲ ਦੇ ਤਕਨੀਕੀ ਕਰਮਚਾਰੀਆਂ ਤੇ ਜੂਨੀਅਰ ਇੰਜੀਨੀਅਰਾਂ ਦੀ ਹੜਤਾਲ ਦਾ ਸਿੱਧਾ ਅਸਰ ਬਿਜਲੀ ਸਪਲਾਈ ਤੇ ਮੁਰੰਮਤ ਕਾਰਜਾਂ ’ਤੇ ਦਿਖਾਈ ਦੇ ਰਿਹਾ ਹੈ। ਕਰਮਚਾਰੀਆਂ ਦੀ ਸਮੂਹਿਕ ਛੁੱਟੀ ਤੇ ਸਟਾਫ਼ ਦੀ ਕਮੀ ਕਾਰਨ ਬਿਜਲੀ ਦੇ ਫਾਲਟ ਠੀਕ ਕਰਨ ’ਚ ਕਈ-ਕਈ ਘੰਟੇ ਲੱਗ ਰਹੇ ਹਨ। ਟਰਾਂਸਫਾਰਮਰ ਖ਼ਰਾਬ ਹੋਣ, ਬਿਜਲੀ ਲਾਈਨਾਂ ’ਚ ਫਾਲਟ, ਫਿਊਜ਼ ਉੱਡਣ ਤੇ ਸਪਲਾਈ ’ਚ ਆਉਣ ਵਾਲੀਆਂ ਰੁਕਾਵਟਾਂ ਸਬੰਧੀ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਨਹੀਂ ਹੋ ਰਿਹਾ। ਗਰਮੀ ਅਤੇ ਹੁੰਮਸ ਦੇ ਮੌਸਮ ’ਚ ਲੰਬੇ ਸਮੇਂ ਤਕ ਬਿਜਲੀ ਬੰਦ ਰਹਿਣ ਕਾਰਨ ਘਰੇਲੂ ਤੇ ਵਪਾਰਕ ਖਪਤਕਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਪਲੱਬਧ ਸਟਾਫ਼ ਨਾਲ ਬਿਜਲੀ ਪ੍ਰਬੰਧ ਸੁਚਾਰੂ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਰਮਚਾਰੀਆਂ ਦੀ ਘਾਟ ਕਾਰਨ ਸ਼ਿਕਾਇਤਾਂ ਦੇ ਨਿਪਟਾਰੇ ’ਚ ਆਮ ਦਿਨਾਂ ਨਾਲੋਂ ਵੱਧ ਸਮਾਂ ਲੱਗ ਰਿਹਾ ਹੈ।
ਸਫਾਈ ਤੇ ਸੀਵਰੇਜ ਕਰਮਚਾਰੀਆਂ ਦੀ ਹੜਤਾਲ ਨਾਲ ਵਧੀਆਂ ਚਿੰਤਾਵਾਂ
ਬਰਨਾਲਾ ਵਿੱਚ ਸਫਾਈ ਕਰਮਚਾਰੀਆਂ ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਬਠਿੰਡਾ ਦੇ ਸਫਾਈ ਅਤੇ ਸੀਵਰੇਜ ਕਰਮਚਾਰੀਆਂ ਨੇ ਵੀ ਕੰਮ ਛੱਡ ਕੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਕਾਰਨ ਸ਼ਹਿਰ ਵਿੱਚ ਘਰ-ਘਰ ਤੋਂ ਕੂੜਾ ਚੁੱਕਣ ਦੀ ਸੇਵਾ ਪ੍ਰਭਾਵਿਤ ਹੋਣ ਲੱਗੀ ਹੈ। ਵੱਖ-ਵੱਖ ਵਾਰਡਾਂ ਵਿੱਚ ਕੂੜੇ ਦੇ ਢੇਰ ਲੱਗਣ ਦੀ ਸੰਭਾਵਨਾ ਬਣ ਗਈ ਹੈ। ਇਸ ਦੇ ਨਾਲ ਹੀ ਸੀਵਰੇਜ ਲਾਈਨਾਂ ਦੀ ਸਫਾਈ ਅਤੇ ਜਾਮ ਨਿਕਾਸੀ ਦਾ ਕੰਮ ਵੀ ਪ੍ਰਭਾਵਿਤ ਰਹੇਗਾ। ਮਾਨਸੂਨ ਦੇ ਮੌਸਮ ਵਿੱਚ ਜੇਕਰ ਸੀਵਰੇਜ ਜਾਮ ਹੋ ਜਾਂਦੇ ਹਨ ਤਾਂ ਕਈ ਇਲਾਕਿਆਂ ’ਚ ਪਾਣੀ ਜਮਾਂ ਹੋਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਨਾਲ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੋਵੇਗੀ, ਸਗੋਂ ਗੰਦਗੀ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਵੀ ਵਧ ਸਕਦੀਆਂ ਹਨ। ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਨੋਦ ਮਾਲੀ ਦੀ ਅਗਵਾਈ ਵਿੱਚ ਕਰਮਚਾਰੀਆਂ ਨੇ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਆਪਣਾ ਰੋਸ ਪ੍ਰਗਟ ਕੀਤਾ ਅਤੇ ਸਰਕਾਰ ਤੋਂ ਮੰਗਾਂ ਜਲਦੀ ਮੰਨਣ ਦੀ ਅਪੀਲ ਕੀਤੀ।