ਬਠਿੰਡਾ ’ਚ ਤਿੰਨ ਦਿਨਾਂ ਦੌਰਾਨ 21 ਮਿਲੀਮੀਟਰ ਮੀਂਹ, ਗਰਮੀ ਤੋਂ ਮਿਲੀ ਰਾਹਤ, ਨਰਮੇ ਤੇ ਝੋਨੇ ਦੀ ਫਸਲ ਨੂੰ ਮਿਲੇਗੀ ਫਾਇਦਾ ਬਠਿੰਡਾ ਵਿੱਚ ਤਿੰਨ ਦਿਨਾਂ ਦੌਰਾਨ 21 ਮਿਲੀਮੀਟਰ ਮੀਂਹ, ਗਰਮੀ ਤੋਂ ਮਿਲੀ ਰਾਹਤ, ਨਰਮੇ ਅਤੇ ਝੋਨੇ ਦੀ ਫਸਲ ਨੂੰ ਮਿਲੇਗੀ ਫਾਇਦਾ
Publish Date: Thu, 23 Jul 2026 04:12 PM (IST)
Updated Date: Thu, 23 Jul 2026 04:13 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਤੇਜ ਗਰਮੀ ਤੋਂ ਬਠਿੰਡਾ ਜ਼ਿਲ੍ਹੇ ਦੇ ਲੋਕਾਂ ਨੂੰ ਹੁਣ ਕੁਝ ਰਾਹਤ ਮਿਲੀ ਹੈ। ਜ਼ਿਲ੍ਹੇ ਵਿਚ ਲਗਾਤਾਰ ਤਿੰਨ ਦਿਨਾਂ ਦੌਰਾਨ ਹੋਈ ਬਾਰਿਸ਼ ਕਾਰਨ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ ਤੇ ਮੌਸਮ ਸੁਹਾਵਣਾ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ 21 ਤੋਂ 23 ਜੁਲਾਈ ਤਕ ਜ਼ਿਲ੍ਹੇ ਵਿੱਚ ਕੁੱਲ 21 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਇਸ ਨਾਲ ਜਿੱਥੇ ਆਮ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ, ਉੱਥੇ ਹੀ ਖੇਤੀਬਾੜੀ ਖੇਤਰ ਵਿਚ ਵੀ ਇਸ ਮੀਂਹ ਨੂੰ ਲਾਹੇਵੰਦ ਮੰਨਿਆ ਜਾ ਰਿਹਾ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ 21 ਜੁਲਾਈ ਨੂੰ ਬਠਿੰਡਾ ਜ਼ਿਲ੍ਹੇ ਵਿੱਚ 11.6 ਮਿਲੀਮੀਟਰ ਮੀਂਹ ਪਿਆ। ਇਸ ਤੋਂ ਬਾਅਦ 22 ਜੁਲਾਈ ਨੂੰ 4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦਕਿ 23 ਜੁਲਾਈ ਨੂੰ ਦੁਪਹਿਰ 2.30 ਵਜੇ ਤੱਕ 5.4 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਭਾਵੇਂ ਮੀਂਹ ਦੀ ਮਾਤਰਾ ਬਹੁਤ ਜ਼ਿਆਦਾ ਨਹੀਂ ਰਹੀ, ਪਰ ਇਸ ਕਾਰਨ ਮੌਸਮ ਵਿੱਚ ਠੰਢਕ ਆਈ ਹੈ ਅਤੇ ਲੋਕਾਂ ਨੂੰ ਪਿਛਲੇ ਦਿਨਾਂ ਦੀ ਤਪਦੀ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਬੁੱਧਵਾਰ ਦੇ ਮੁਕਾਬਲੇ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿਚ ਇੱਕ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ ਘਟਣ ਨਾਲ ਦਿਨ ਦੇ ਸਮੇਂ ਗਰਮੀ ਦਾ ਪ੍ਰਭਾਵ ਘੱਟ ਹੋਇਆ ਹੈ ਤੇ ਮੌਸਮ ਵਿਚ ਨਮੀ ਵਧੀ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੀ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਰ ਰਿਹਾ, ਪਰ ਵੀਰਵਾਰ ਨੂੰ ਮੀਂਹ ਪੈਣ ਕਾਰਨ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਭਾਗ ਅਨੁਸਾਰ 27 ਜੁਲਾਈ ਤੱਕ ਜ਼ਿਲ੍ਹੇ ਵਿਚ ਕਰੀਬ 25 ਮਿਲੀਮੀਟਰ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਚੰਗੀ ਬਾਰਿਸ਼ ਹੁੰਦੀ ਹੈ ਤਾਂ ਇਸ ਦਾ ਸਿੱਧਾ ਲਾਭ ਖੇਤੀਬਾੜੀ ਖੇਤਰ ਨੂੰ ਮਿਲੇਗਾ। ਖਾਸ ਤੌਰ ਤੇ ਨਰਮੇ ਅਤੇ ਝੋਨੇ ਦੀ ਫਸਲ ਲਈ ਇਹ ਮੀਂਹ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸਖ਼ਤ ਗਰਮੀ ਕਾਰਨ ਨਰਮੇ ਤੇ ਝੋਨੇ ਦੀਆਂ ਫਸਲਾਂ ਪ੍ਰਭਾਵਿਤ ਹੋ ਰਹੀਆਂ ਸਨ। ਤੇਜ਼ ਧੁੱਪ ਅਤੇ ਵੱਧ ਤਾਪਮਾਨ ਕਾਰਨ ਕਈ ਥਾਵਾਂ ਤੇ ਨਰਮੇ ਦੇ ਪੌਦੇ ਝੁਲਸਣ ਲੱਗ ਪਏ ਸਨ, ਜਿਸ ਕਾਰਨ ਕਿਸਾਨ ਚਿੰਤਤ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਪੈਣ ਨਾਲ ਜ਼ਮੀਨ ਵਿਚ ਨਮੀ ਵਧੇਗੀ ਅਤੇ ਫਸਲਾਂ ਨੂੰ ਵਿਕਾਸ ਲਈ ਲੋੜੀਂਦਾ ਮਾਹੌਲ ਮਿਲੇਗਾ। ਝੋਨੇ ਦੀ ਫਸਲ ਨੂੰ ਵੀ ਇਸ ਸਮੇਂ ਪਾਣੀ ਦੀ ਲੋੜ ਹੁੰਦੀ ਹੈ, ਇਸ ਲਈ ਮੀਂਹ ਕਿਸਾਨਾਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ। ਨਰਮੇ ਦੀ ਫਸਲ ਲਈ ਵੀ ਮੌਸਮ ਵਿੱਚ ਆਈ ਠੰਢਕ ਫਾਇਦੇਮੰਦ ਸਾਬਤ ਹੋ ਸਕਦੀ ਹੈ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਲਗਾਤਾਰ ਪੈ ਰਹੀ ਗਰਮੀ ਕਾਰਨ ਫਸਲਾਂ ਤੇ ਪੈ ਰਹੇ ਮਾੜੇ ਪ੍ਰਭਾਵ ਨੂੰ ਮੀਂਹ ਨਾਲ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਖੇਤਾਂ ਵਿੱਚ ਪਾਣੀ ਦੀ ਸਥਿਤੀ ਤੇ ਨਜ਼ਰ ਰੱਖਣ ਅਤੇ ਲੋੜ ਅਨੁਸਾਰ ਹੀ ਸਿੰਚਾਈ ਕਰਨ। ਮੀਂਹ ਨਾਲ ਸ਼ਹਿਰ ਵਾਸੀਆਂ ਨੂੰ ਵੀ ਰਾਹਤ ਮਿਲੀ ਹੈ। ਪਿਛਲੇ ਦਿਨਾਂ ਵਿੱਚ ਵੱਧ ਰਹੀ ਗਰਮੀ ਕਾਰਨ ਲੋਕ ਦੁਪਹਿਰ ਸਮੇਂ ਘਰਾਂ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰ ਰਹੇ ਸਨ, ਪਰ ਮੌਸਮ ਠੰਢਾ ਹੋਣ ਕਾਰਨ ਹੁਣ ਆਮ ਜਨਜੀਵਨ ਵਿਚ ਵੀ ਸੁਧਾਰ ਆਇਆ ਹੈ।